ਚੇੱਨਈ- ਸੁਪਰਸਟਾਰ ਰਜਨੀਕਾਂਤ ਸ਼ੁੱਕਰਵਾਰ ਨੂੰ ਆਪਣਾ 75ਵਾਂ ਜਨਮਦਿਨ ਮਨਾ ਰਹੇ ਹਨ, ਜੋ ਸੰਜੋਗ ਨਾਲ ਸਿਨੇਮਾ ਵਿੱਚ ਉਨ੍ਹਾਂ ਦੇ 50 ਸਾਲ ਵੀ ਪੂਰੇ ਹੋਣ ਦੀ ਨਿਸ਼ਾਨੀ ਹੈ। ਇਹ ਦਿਨ ਪ੍ਰਸ਼ੰਸਕਾਂ ਅਤੇ ਫ਼ਿਲਮ ਇੰਡਸਟਰੀ ਲਈ ਇੱਕ ਤਿਉਹਾਰ ਬਣ ਗਿਆ, ਜਿਸ ਵਿੱਚ ਇਸ ਮਹਾਨ ਅਦਾਕਾਰ ਦੇ ਸਿਨੇਮਾ ਵਿੱਚ 50 ਸਾਲਾਂ ਦੇ ਸਫ਼ਰ ਨੂੰ ਦਰਸਾਉਂਦੇ ਹੋਏ ਖ਼ਾਸ ਫ਼ਿਲਮਾਂ ਮੁੜ ਰਿਲੀਜ਼ ਕੀਤੀਆਂ ਗਈਆਂ। ਇਸ ਤੋਂ ਇਲਾਵਾ ਸੰਗੀਤਕ ਸ਼ੋਅ ਅਤੇ ਥੀਮ ਵਾਲੀਆਂ ਪਾਰਟੀਆਂ ਦਾ ਆਯੋਜਨ ਕੀਤਾ ਗਿਆ। ਇਸ ਦੌਰਾਨ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਜਨੀਕਾਂਤ ਨੂੰ ਜਨਮਦਿਨ ਦੀ ਵਧਾਈ ਦਿੱਤੀ ਹੈ। ਤਮਿਲਨਾਡੂ ਦੇ ਮੁੱਖ ਮੰਤਰੀ ਐੱਮ ਕੇ ਸਟਾਲਿਨ ਸਮੇਤ ਸਿਆਸੀ ਹਸਤੀਆਂ ਨੇ ਅਦਾਕਾਰ ਨੂੰ ਸ਼ੁਭਕਾਮਨਾਵਾਂ ਦਿੱਤੀਆਂ। ਮੁੱਖ ਮੰਤਰੀ ਸਟਾਲਿਨ ਨੇ ਕਿਹਾ, “ਰਜਨੀਕਾਂਤ = ਇੱਕ ਅਜਿਹਾ ਸਹਿਜ ਜੋ ਉਮਰ ‘ਤੇ ਜਿੱਤ ਪ੍ਰਾਪਤ ਕਰਦਾ ਹੈ।” ਵਿਰੋਧੀ ਧਿਰ ਦੇ ਨੇਤਾ ਅਤੇ ਏ ਆਈ ਏ ਡੀ ਐੱਮ ਕੇ ਦੇ ਜਨਰਲ ਸਕੱਤਰ ਈ ਕੇ ਪਲਾਨੀਸਵਾਮੀ ਨੇ ਸੁਪਰਸਟਾਰ ਨੂੰ “ਤਮਿਲ ਸਿਨੇਮਾ ਦਾ ਅਟੱਲ ਬਾਦਸ਼ਾਹ” ਕਿਹਾ। ਉਨ੍ਹਾਂ ਇਹ ਵੀ ਕਿਹਾ ਕਿ ਰਜਨੀਕਾਂਤ ਦਾ ਬਹੁਤ ਮਸ਼ਹੂਰ ਸਟਾਈਲ ਸਿਨੇਮਾ ਹਾਲਾਂ ਨੂੰ ਤਿਉਹਾਰੀ ਮਾਹੌਲ ਵਿੱਚ ਬਦਲ ਦਿੰਦਾ ਹੈ।
ਇਸ ਖਾਸ ਦਿਨ ’ਤੇ ਖੁਸ਼ੀ ਨਾਲ ਭਰੇ ਪ੍ਰਸ਼ੰਸਕਾਂ ਨੇ ਆਪਣੇ ਅਦਾਕਾਰ ਦੇ ਜਨਮਦਿਨ ਦਾ ਜਸ਼ਨ ਮਨਾਉਣ ਲਈ ਥੀਏਟਰਾਂ ਵਿੱਚ ਭੀੜ ਲਾਈ, ਜਿੱਥੇ ਉਨਾਂ ਕੱਟ-ਆਊਟ, ਦੁੱਧ ਅਭਿਸ਼ੇਕ ਅਤੇ ਪਟਾਖਿਆਂ ਦੇ ਨਾਲ ਜਸ਼ਨ ਮਨਾਇਆ। ਤਮਿਲਨਾਡੂ ਅਤੇ ਵਿਦੇਸ਼ਾਂ ਵਿੱਚ ਸਿਨੇਮਾ ਚੇਨਾਂ ਅਤੇ ਸਿੰਗਲ ਸਕ੍ਰੀਨਾਂ ਨੇ ਮਜ਼ਬੂਤ ਐਡਵਾਂਸ ਬੁਕਿੰਗਾਂ ਦੀ ਰਿਪੋਰਟ ਦਿੱਤੀ ਹੈ। ਦੁਨੀਆ ਦੇ ਕੁਝ ਕੋਨਿਆਂ ਵਿੱਚ ਜਿਵੇਂ ਕਿ ਸਿੰਗਾਪੁਰ ਵਿੱਚ, 1992 ਦੀ ਹਿੱਟ ਫ਼ਿਲਮ ‘ਅੰਨਾਮਲਾਈ’ ਵੀ 4ਕੇ ਅਤੇ ਡੌਲਬੀ ਐਟਮੌਸ ਵਿੱਚ ਵਾਪਸ ਆ ਗਈ ਹੈ, ਜਿਸ ਵਿੱਚ “ਰਜਨੀਜ਼ਮ ਦੇ 50 ਗੋਲਡਨ ਯੀਅਰਜ਼” ਸਮਾਗਮਾਂ ਦੇ ਹਿੱਸੇ ਵਜੋਂ ਖ਼ਾਸ ਸ਼ੋਅ ਰੱਖੇ ਗਏ ਹਨ।
ਸ਼ਹਿਰ ਦੀ ਨਾਈਟ ਲਾਈਫ ਵੀ ਰਜਨੀਕਾਂਤ-ਥੀਮ ਵਾਲੀਆਂ ਪਾਰਟੀਆਂ ਜਿਵੇਂ ‘ਸੁਪਰਸਟਾਰ ਬਰਥਡੇ’ ਅਤੇ ‘ਥਲਾਈਵਾ 75’ ਨਾਈਟਸ ਨਾਲ ਜਸ਼ਨਾਂ ਵਿੱਚ ਸ਼ਾਮਲ ਹੋ ਗਈ ਹੈ, ਜਿਸ ਵਿੱਚ ਡੀ.ਜੇ. ਸੈੱਟ, ਲਾਈਵ ਐਕਟਸ ਅਤੇ ਰਜਨੀਕਾਂਤ ਦੇ ਸਭ ਤੋਂ ਪ੍ਰਸਿੱਧ ਆਨ-ਸਕ੍ਰੀਨ ਪਲਾਂ ‘ਤੇ ਆਧਾਰਿਤ ਵਿਜ਼ੂਅਲ ਦਾ ਵਾਅਦਾ ਕੀਤਾ ਗਿਆ ਹੈ।

