ਕਦੇ–ਕਦੇ ਕੁਝ ਖ਼ਾਸ ਬੱਚੇ ਆਪਣੀ ਉਮਰ ਨਾਲੋਂ ਵੱਡਾ ਕੰਮ ਕਰ ਕੇ ਦੇਸ਼ ਭਰ ਵਿਚ ਨਾਂ ਕਮਾ ਲੈਂਦੇ ਹਨ, ਇਨ੍ਹਾਂ ਹੀ ਬੱਚਿਆਂ ਵਿਚ ਇਕ ਹੋਰ ਨਾਂ ਸ਼ਾਮਲ ਹੋ ਗਿਆ ਹੈ। ਜੀ ਹਾਂ, ਸਿਰਫ਼ ਸੱਤ ਸਾਲ ਦੀ ਉਮਰ ਵਿਚ ਬ੍ਰਾਜ਼ੀਲ ਦੀ ਨਿਕੋਲ ਓਲੀਵੇਰਾ ਨੇ ਆਪਣੀ ਉਮਰ ਨਾਲੋਂ ਜ਼ਿਆਦਾ ਵੱਡਾ ਕੰਮ ਕਰ ਦਿਖਾਇਆ ਹੈ ਤੇ ਅਜਿਹਾ ਕਰ ਕੇ ਉਹ ਦੁਨੀਆ ਦੀ ਸਭ ਤੋਂ ਘੱਟ ਉਮਰ ਦੀ ਐਸਟ੍ਰਾਨੌਮਰ ਬਣ ਗਈ ਹੈ। ਇੰਨੀ ਘੱਟ ਉਮਰ ‘ਚ ਐਸਟ੍ਰਾਨੌਮੀ ਵਿਚ ਸਮਝ ਰੱਖਣਾ ਬਹੁਤ ਮੁਸ਼ਕਲ ਹੈ, ਪਰ ਇਸ ਛੋਟੀ ਜਿਹੀ ਬੱਚੀ ਦਾ ਅਜਿਹਾ ਕਰ ਦਿਖਾਉਣਾ ਅਸਲ ਵਿਚ ਤਰੀਫ਼–ਏ–ਕਾਬਿਲ ਹੈ।
ਅਸਲ ਵਿਚ ਬ੍ਰਾਜ਼ੀਲ ਦੀ ਨਿਕੋਲ ਓਲੀਵੇਰਾ ਨਾਸਾ ਲਈ 7 ਐਸਟੇਰਾਇਡਜ਼ ਦੀ ਖੋਜ ਕਰਕੇ ਸਭ ਤੋਂ ਘੱਟ ਉਮਰ ਦੀ ਐਸਟ੍ਰਾਨੌਮਰ ਬਣ ਗਈ ਹੈ। ਪ੍ਰਾਪਤ ਜਾਣਕਾਰੀ ਤੋਂ ਪਤਾ ਲੱਗਾ ਹੈ ਕਿ ਨਿਕੋਲ ਓਲੀਵੇਰਾ ਨੇ ਸਿਟੀਜ਼ਨ ਸਾਇੰਸ ਪ੍ਰੋਗਰਾਮ ਐਸਟੇਰਾਇਡ ਹੰਟ ਵਿਚ ਹਿੱਸਾ ਲਿਆ ਸੀ। ਇਹ ਹੰਟ ਇੰਟਰਨੈਸ਼ਨਲ ਐਸਟ੍ਰੋਨਾਮਿਕਲ ਸਰਚ ਕੋਲੈਬੋਰੇਸ਼ਨ –ਨਾਸਾ ਦੁਆਰਾ ਕਰਵਾਇਆ ਜਾਂਦਾ ਹੈ। ਇਸ ਦੌਰਾਨ, ਨਿਕੋਲ ਨੇ 7 ਐਸਟੇਰਾਇਡ ਦੀ ਖੋਜ ਕੀਤੀ ਅਤੇ ਇਸ ਪ੍ਰਾਪਤੀ ਲਈ ਇਕ ਸਰਟੀਫਿਕੇਟ ਹਾਸਲ ਕੀਤਾ। ਲੜਕੀ ਦੀ ਮਾਂ, ਜਾਨਕਾ ਨੇ ਦੱਸਿਆ ਕਿ ਜਦੋਂ ਨਿਕੋਲ ਸਿਰਫ਼ 2 ਸਾਲ ਦੀ ਸੀ, ਉਸਨੇ ਉਸ ਕੋਲੋਂ ਇਕ ਸਟਾਰ ਦੀ ਮੰਗ ਕੀਤੀ ਸੀ, ਤਦ ਜਾਨਕਾ ਉਸ ਲਈ ਇਕ ਖਿਡੌਣੇ ਵਾਲਾ ਤਾਰਾ ਲੈ ਕੇ ਆਈ ਸੀ। ਅਜਿਹੇ ਵਿਚ, ਜਾਨਕਾ ਨੇ ਦੱਸਿਆ ਕਿ ਉਸ ਨੂੰ ਇਹ ਸਮਝਣ ਵਿਚ ਸਾਲਾਂ ਲੱਗ ਗਏ ਸਨ ਕਿ ਉਸ ਦੀ ਧੀ ਨੇ ਉਸ ਕੋਲੋਂ ਅਸਲ ਸਿਤਾਰਾ ਮੰਗਿਆ ਸੀ, ਜੋ ਅਸਮਾਨ ਵਿਚ ਹੁੰਦਾ ਹੈ।
ਜਾਣਕਾਰੀ ਲਈ, ਦੱਸ ਦੇਈਏ ਕਿ ਫਿਲਹਾਲ ਨਿਕੋਲ ਬਹੁਤ ਸਾਰੇ ਸਕੂਲਾਂ ਅਤੇ ਸਮਾਗਮਾਂ ਵਿਚ ਐਸਟ੍ਰੇਨੌਮੀ ਵਿਗਿਆਨ ਬਾਰੇ ਲੈਕਚਰ ਦਿੰਦੀ ਹੈ। ਉਸ ਨੂੰ ਬ੍ਰਾਜ਼ੀਲ ਦੇ ਮਿਨੀਸਟਰੀ ਆਫ ਸਾਇੰਸ, ਟੈਕਨਾਲੋਜੀ ਅਤੇ ਇਨੋਵੇਸ਼ਨਜ਼ ਦੁਆਰਾ ਐਸਟ੍ਰੋਨੌਮੀ ਅਤੇ ਐਰੋਨੋਟਿਕਸ ਵਿਸ਼ੇ ਦੇ ਅੰਤਰ ਰਾਸ਼ਟਰੀ ਸੈਮੀਨਾਰ ਵਿਚ ਭਾਸ਼ਣ ਦੇਣ ਲਈ ਸੱਦਾ ਦਿੱਤਾ ਗਿਆ ਸੀ। ਕੋਕੋਨਾ ਮਹਾਮਾਰੀ ਕਾਰਨ ਨਿਕੋਲ ਨੇ ਇਨ੍ਹਾਂ ਸਾਰੇ ਸਮਾਗਮਾਂ ਵਿਚ ਆਨਲਾਈਨ ਸ਼ਿਰਕਤ ਕੀਤੀ। ਨਿਕੋਲ ਇਕ ਯੂਟਿਊਬ ਚੈਨਲ ਵੀ ਚਲਾਉਂਦੀ ਹੈ। ਜਿਥੇ ਉਹ ਆਪਣੇ ਵਰਗੇ ਹੋਰ ਉਤਸ਼ਾਹੀ ਲੋਕਾਂ ਲਈ ਐਸਟੇਰਾਇਡਜ਼, ਸਪੇਸ ਅਤੇ ਹੋਰ ਦਿਲਚਸਪ ਚੀਜ਼ਾਂ ਬਾਰੇ ਗੱਲ ਕਰਦੀ ਹੈ।