ਝੱਜਰ: ਹਰਿਆਣਾ ਦੇ ਝੱਜਰ ਜ਼ਿਲ੍ਹੇ ‘ਚ ਪਿੰਡ ਗੁਰਾਵਡਾ ਕੋਲ ਮੌਜੂਦ ਮੈਡੀਕਲ ਸਟੂਡੈਂਟਸ ਨੇ ਪ੍ਰਬੰਧਨ ਦੀ ਕਾਰਗੁਜ਼ਾਰੀ ਤੋਂ ਨਰਾਜ਼ ਹੋ ਕੇ ਇੱਛੁਕ ਮੌਤ ਦੀ ਮੰਗ ਕੀਤੀ ਹੈ। ਮੈਡੀਕਲ ਦੀ ਪੜ੍ਹਾਈ ਕਰਨ ਵਾਲੇ ਵਿਦਿਆਰਥੀਆਂ ਨੇ ਇਸ ਸਬੰਧੀ ਰਾਸ਼ਟਰਪਤੀ, ਸੁਪਰੀਮ ਕੋਰਟ ਦੇ ਚੀਫ਼ ਜਸਟਿਸ ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ ਚਿੱਠੀ ਲਿਖੀ ਹੈ।
ਵਿਦਿਆਰਥੀਆਂ ਵੱਲੋਂ ਭੇਜੀ ਗਈ ਈਮੇਲ ‘ਚ ਉਨ੍ਹਾਂ ਨੇ ਸਾਫ਼ ਕਿਹਾ ਹੈ ਕਿ ਉਹ ਆਪਣੇ ਦਾਖਲੇ ਤੋਂ ਬਾਅਦ ਤੋਂ ਹੀ ਵਰਲਡ ਕਾਲਜ ਦੀ ਕਾਰਗੁਜ਼ਾਰੀ ਤੋਂ ਕਾਫੀ ਪ੍ਰੇਸ਼ਾਨ ਹਨ। ਉਨ੍ਹਾਂ ਕਿਹਾ ਕਿ ਕਾਲਜ ਪ੍ਰਬੰਧਨ ਨੇ ਜੋ ਵਾਅਦੇ ਕੀਤੇ ਸੀ, ਉਹ ਪੂਰੇ ਨਹੀਂ ਕੀਤੇ ਗਏ। ਕਾਲਜ ‘ਚ ਨਾ ਤਾਂ ਕੋਈ ਡਾਕਟਰ ਹੈ ਤੇ ਨਾ ਕੋਈ ਮਰੀਜ਼। ਇਸ ਦੇ ਨਾਲ ਹੀ ਕਾਲਜ ਸਥਾਪਨਾ ਤੋਂ ਬਾਅਦ ਹੀ ਸਵਾਲਾਂ ਦੇ ਘੇਰੇ ‘ਚ ਹੈ। ਪੂਰੀ ਫੀਸ ਲੈਣ ਤੋਂ ਬਾਅਦ ਵੀ ਕਾਲਜ ਉਨ੍ਹਾਂ ਨੂੰ ਕਈ ਵਾਰ ਕਾਲਜ ਤੋਂ ਬਾਹਰ ਦਾ ਰਸਤਾ ਦਿਖਾਉਣ ਦੀ ਧਮਕੀ ਦੇ ਚੁੱਕਿਆ ਹੈ।
ਮੰਗਲਵਾਰ ਨੂੰ ਕਾਲਜ ਪ੍ਰਬੰਧਨ ਨੇ ਉਨ੍ਹਾਂ ਨੂੰ ਕਾਲਜ ਦੇ ਗੇਟ ‘ਤੇ ਖੜ੍ਹਾ ਰੱਖਿਆ ਤੇ ਪੁਲਿਸ ਦੀ ਦਖਲਅੰਦਾਜ਼ੀ ਤੋਂ ਬਾਅਦ ਉਨ੍ਹਾਂ ਨੂੰ ਕਾਲਜ ‘ਚ ਪ੍ਰਵੇਸ਼ ਕਰਨ ਦਿੱਤਾ ਗਿਆ। ਇਸ ਤੋਂ ਬਾਅਦ ਹੁਣ ਵਿਦਿਆਰਥੀਆਂ ਨੇ ਕਾਲਜ ਪ੍ਰਸ਼ਾਸਨ ਖਿਲਾਫ ਮੋਰਚਾ ਖੋਲ੍ਹ ਲਿਆ ਹੈ। ਉਨ੍ਹਾਂ ਦੀਆਂ ਮੰਗਾਂ ਪੂਰੀਆਂ ਨਾ ਹੋਣ ‘ਤੇ ਉਨ੍ਹਾਂ ਨੇ ਇੱਛਕ ਮੌਤ ਦੀ ਇਜਾਜ਼ਤ ਮੰਗੀ ਹੈ।