ਵਾਸ਼ਿੰਗਟਨ: ਅਮਰੀਕਾ ਦੀ 21 ਸਾਲ ਦੀ ਲੈਕਸੀ ਅਲਫੋਰਡ ਦੁਨੀਆ ਦੇ ਕਰੀਬ 196 ਦੇਸ਼ਾਂ ‘ਚ ਘੁੰਮਣ ਵਾਲੀ ਪਹਿਲੀ ਮੁਟਿਆਰ ਬਣ ਗਈ ਹੈ। ਲੈਕਸੀ ਆਪਣੇ ਸਫਰ ਦਾ ਰਿਕਾਰਡ ਗਿੰਨੀਜ਼ ਵਰਲਡ ਰਿਕਾਰਡ ਨੂੰ ਸੌਂਪ ਚੁੱਕੀ ਹੈ। ਲੈਕਸੀ ਤੋਂ ਪਹਿਲਾਂ ਇਹ ਖਿਤਾਬ ਕੇਸੀ ਦ ਪੇਕੋਲ ਦੇ ਨਾਂ ਸੀ। ਆਪਣੇ ਸਫ਼ਰ ਦੌਰਾਨ ਲੈਕਸੀ ਇੰਟਰਨੈੱਟ ਤੋਂ ਦੂਰ ਰਹੀ ਪਰ ਦੁਨੀਆ ਨਾਲ ਜੁੜੀ ਰਹੀ।
ਲੈਕਸੀ ਦਾ ਕਹਿਣਾ ਹੈ ਕਿ ਜ਼ਿੰਦਗੀ ‘ਚ ਦੁਨੀਆ ਘੁੰਮਣਾ ਉਸ ਦੇ ਖ਼ੁਆਬ ‘ਚ ਬਚਪਨ ਤੋਂ ਹੀ ਸ਼ਾਮਲ ਸੀ। ਉਸ ਦੇ ਪਰਿਵਾਰ ਦੀ ਕੈਲੀਫੋਰਨੀਆ ‘ਚ ਇੱਕ ਟ੍ਰੈਵਲ ਏਜੰਸੀ ਸੀ। ਇਸ ਕਾਰਨ ਉਸ ਦੇ ਮਾਪਿਆਂ ਨੇ ਵੀ ਉਸ ਨੂੰ ਕੁਝ ਥਾਵਾਂ ਘੁੰਮਾ ਦਿੱਤੀਆਂ ਤੇ ਹਰ ਥਾਂ ਦਾ ਮਹੱਤਵ ਦੱਸਿਆ। ਇਸ ਦਾ ਪ੍ਰਭਾਵ ਉਸ ‘ਤੇ ਪਿਆ।ਲੈਕਸੀ ਨੇ ਤਿੰਨ ਸਾਲ ਪਹਿਲਾਂ 2016 ‘ਚ ਦੁਨੀਆ ਦੇ ਹਰ ਦੇਸ਼ ‘ਚ ਘੁੰਮਣ ਦਾ ਮਿਸ਼ਨ ਸ਼ੁਰੂ ਕੀਤਾ। 18 ਸਾਲ ਦੀ ਉਮਰ ਤਕ ਉਸ ਨੇ 72 ਦੇਸ਼ਾਂ ਦੀ ਸੈਰ ਕਰ ਲਈ। ਆਪਣੇ ਸਫ਼ਰ ਦੌਰਾਨ ਲੈਕਸੀ ਨੇ ਜ਼ਿਆਦਾਤਰ ਪੈਸੇ ਆਪਣੇ ਕੋਲੋਂ ਹੀ ਖ਼ਰਚ ਕੀਤੇ। ਆਪਣੀ ਯਾਤਰਾ ਲਈ ਉਸ ਨੇ 12 ਸਾਲ ਤੋਂ ਹੀ ਸੇਵਿੰਗ ਕਰਨੀ ਸ਼ੁਰੂ ਕਰ ਦਿੱਤੀ। ਦੇਸ਼ ਦੇ ਸਸਤੇ ਹੋਟਲਾਂ ਬਾਰੇ ਪਤਾ ਕਰ ਹੋਰ ਬਾਕੀ ਜਾਣਕਾਰੀ ਇਕੱਠੀ ਕਰਦੀ ਰਹੀ। ਆਪਣੀ ਇਸ ਯਾਤਰਾ ਦੌਰਾਨ ਉਸ ਨੇ ਕਈ ਤਰ੍ਹਾ ਦੇ ਤਜ਼ਰਬੇ ਹਾਸਲ ਕੀਤੇ।