ਮਨਾਲੀ- ਭਾਰੀ ਮੀਂਹ ਦੌਰਾਨ ਵਾਪਰੀਆਂ ਢਿੱਗਾਂ ਡਿੱਗਣ ਦੀਆਂ ਘਟਨਾਵਾਂ ਅਤੇ ਹੜ੍ਹਾਂ ਕਾਰਨ ਕੀਰਤਪੁਰ-ਮਨਾਲੀ ਕੌਮੀ ਰਾਜਮਾਰਗ ਨੂੰ ਬਹੁਤ ਜ਼ਿਆਦਾ ਨੁਕਸਾਨ ਪਹੁੰਚਿਆ ਹੈ, ਜਿਸ ਕਾਰਨ ਮੰਡੀ ਅਤੇ ਮਨਾਲੀ ਵਿਚਕਾਰ ਆਵਾਜਾਈ ਪੂਰੀ ਤਰ੍ਹਾਂ ਠੱਪ ਹੋ ਗਈ ਹੈ। ਬੀਤੀ ਰਾਤ ਤੋਂ ਇਲਾਕੇ ਵਿੱਚ ਪੈ ਰਹੇ ਭਾਰੀ ਮੀਂਹ ਕਾਰਨ ਬਿਆਸ ਦਰਿਆ ਅਤੇ ਇਸ ਦੀਆਂ ਸਹਾਇਕ ਨਦੀਆਂ ਖਤਰਨਾਕ ਪੱਧਰ ’ਤੇ ਵਧ ਗਈਆਂ ਹਨ, ਜਿਸ ਕਾਰਨ ਐਮਰਜੈਂਸੀ ਨਿਕਾਸੀ ਅਤੇ ਬਚਾਅ ਕਾਰਜ ਸ਼ੁਰੂ ਕੀਤੇ ਗਏ ਹਨ।
ਅਧਿਕਾਰਤ ਸੂਤਰਾਂ ਅਨੁਸਾਰ ਹਾਈਵੇ ਨੂੰ ਕਈ ਨਾਜ਼ੁਕ ਥਾਵਾਂ ’ਤੇ ਬੰਦ ਕਰ ਦਿੱਤਾ ਗਿਆ ਹੈ। ਮੰਡੀ ਜ਼ਿਲ੍ਹੇ ਦੇ ਦਵਾੜਾ ਅਤੇ ਝਾਲੋਗੀ ਵਿੱਚ ਵੱਡੇ ਪੱਧਰ ’ਤੇ ਢਿੱਗਾਂ ਡਿੱਗਣ ਕਾਰਨ ਮੰਡੀ ਅਤੇ ਕੁੱਲੂ ਵਿਚਕਾਰ ਦਾ ਰਸਤਾ ਬੰਦ ਹੋ ਗਿਆ ਹੈ। ਮਨਾਲੀ ਦੇ ਨੇੜੇ ਬਿੰਦੂ ਢਾਂਕ ਨੇੜੇ ਇੱਕ ਹੋਰ ਘਟਨਾ ਵਿੱਚ ਹਾਈਵੇ ਦਾ ਇੱਕ ਵੱਡਾ ਹਿੱਸਾ ਬਿਆਸ ਦਰਿਆ ਵਿੱਚ ਰੁੜ੍ਹ ਗਿਆ, ਜਿਸ ਨਾਲ ਪ੍ਰਸਿੱਧ ਸੈਰ-ਸਪਾਟਾ ਸਥਾਨ ਨਾਲ ਸੜਕੀ ਸੰਪਰਕ ਬੁਰੀ ਤਰ੍ਹਾਂ ਪ੍ਰਭਾਵਿਤ ਹੋਇਆ ਹੈ।
ਮਨਾਲੀ ਵਿੱਚ ਇੱਕ ਨਦੀ ਦੇ ਕਿਨਾਰੇ ਸਥਿਤ ਇੱਕ ਰੈਸਟੋਰੈਂਟ ਵੀ ਤੇਜ਼ ਵਗਦੇ ਪਾਣੀ ਨਾਲ ਰੁੜ੍ਹ ਗਿਆ। ਦੱਸਿਆ ਜਾ ਰਿਹਾ ਹੈ ਕਿ ਬਿਆਸ ਦਰਿਆ ਮੰਡੀ ਅਤੇ ਕੁੱਲੂ ਦੋਵਾਂ ਥਾਵਾਂ ’ਤੇ ਖ਼ਤਰੇ ਦੇ ਨਿਸ਼ਾਨ ਤੋਂ ਉਪਰ ਵਹਿ ਰਿਹਾ ਹੈ, ਜਿਸ ਨਾਲ ਨੀਵੇਂ ਇਲਾਕਿਆਂ ’ਚ ਰਹਿਣ ਵਾਲੇ ਲੋਕਾਂ ਲਈ ਗੰਭੀਰ ਚਿੰਤਾਵਾਂ ਪੈਦਾ ਹੋ ਗਈਆਂ ਹਨ। ਪ੍ਰਸ਼ਾਸਨ ਵੱਲੋਂ ਸਾਵਧਾਨੀ ਦੇ ਤੌਰ ’ਤੇ ਮਨਾਲੀ ਪ੍ਰਸ਼ਾਸਨ ਨੇ ਬੀਤੀ ਰਾਤ ਬਹੰਗ ਅਤੇ ਆਲੂ ਗਰਾਊਂਡ ਖੇਤਰਾਂ ਤੋਂ ਵਸਨੀਕਾਂ ਨੂੰ ਬਾਹਰ ਕੱਢਿਆ ਹੈ।
ਅਧਿਕਾਰੀਆਂ ਨੇ ਸਥਾਨਕ ਲੋਕਾਂ ਅਤੇ ਸੈਲਾਨੀਆਂ ਨੂੰ ਅਗਲੇ 24 ਘੰਟਿਆਂ ਲਈ ਦਰਿਆਵਾਂ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਅਪੀਲ ਕੀਤੀ ਹੈ ਅਤੇ ਚੇਤਾਵਨੀ ਦਿੱਤੀ ਹੈ ਕਿ ਸਥਿਤੀ ਅਸਥਿਰ ਬਣੀ ਹੋਈ ਹੈ। ਪ੍ਰਸ਼ਾਸਨ ਦੇ ਇੱਕ ਬੁਲਾਰੇ ਨੇ ਕਿਹਾ, ‘‘ਭਾਰੀ ਮੀਂਹ ਕਾਰਨ ਬਿਆਸ ਅਤੇ ਇਸ ਦੀਆਂ ਸਹਾਇਕ ਨਦੀਆਂ ਵਿੱਚ ਪਾਣੀ ਦਾ ਪੱਧਰ ਲਗਾਤਾਰ ਵਧ ਰਿਹਾ ਹੈ। ਜਨਤਕ ਸੁਰੱਖਿਆ ਸਾਡੀ ਮੁੱਖ ਤਰਜੀਹ ਹੈ।’’ ਮੌਸਮ ਵਿਭਾਗ ਵੱਲੋਂ ਲਗਾਤਾਰ ਮੀਂਹ ਦੀ ਚੇਤਾਵਨੀ ਕਾਰਨ ਇਹ ਖੇਤਰ ਹਾਈ ਅਲਰਟ ‘ਤੇ ਹੈ।
ਰਾਜ ਆਫ਼ਤ ਪ੍ਰਤੀਕਿਰਿਆ ਬਲ (SDRF) ਸਮੇਤ ਐਮਰਜੈਂਸੀ ਸੇਵਾਵਾਂ ਤਿਆਰ ਬਰ ਤਿਆਰ ਹਨ ਅਤੇ ਹਾਈਵੇਅ ਦੇ ਨੁਕਸਾਨੇ ਗਏ ਹਿੱਸਿਆਂ ਦਾ ਮੁਲਾਂਕਣ ਅਤੇ ਮੁਰੰਮਤ ਕਰਨ ਦੇ ਯਤਨ ਜਾਰੀ ਹਨ। ਅਧਿਕਾਰੀਆਂ ਨੇ ਯਾਤਰੀਆਂ ਨੂੰ ਖੇਤਰ ਵਿੱਚ ਗੈਰ-ਜ਼ਰੂਰੀ ਆਵਾਜਾਈ ਤੋਂ ਬਚਣ ਅਤੇ ਬੰਦ ਜਾਂ ਪਾਣੀ ਭਰੇ ਖੇਤਰਾਂ ਨੂੰ ਪਾਰ ਕਰਨ ਦੀ ਕੋਸ਼ਿਸ਼ ਨਾ ਕਰਨ ਦੀ ਸਲਾਹ ਦਿੱਤੀ ਹੈ।