ਹੁਸ਼ਿਆਰਪੁਰ- ਹੁਸ਼ਿਆਰਪੁਰ ਜ਼ਿਲ੍ਹੇ ਦੇ ਗੜ੍ਹਸ਼ੰਕਰ ਇਲਾਕੇ ’ਚ ਹਾਲ ਹੀ ’ਚ ਇੱਕ ਮੈਡੀਕਲ ਸਟੋਰ ‘ਤੇ ਹੋਈ ਗੋਲੀਬਾਰੀ ਨਾਲ ਜੁੜੇ ਤਿੰਨ ਵਿਅਕਤੀਆਂ ਨੂੰ ਸ਼ੁੱਕਰਵਾਰ ਨੂੰ ਪੁਲੀਸ ਨੇ ਮੁਕਾਬਲੇ ਤੋਂ ਬਾਅਦ ਗ੍ਰਿਫ਼ਤਾਰ ਕਰ ਲਿਆ। ਪੁਲੀਸ ਨੇ ਦੱਸਿਆ ਕਿ ਮੁਕਾਬਲੇ ਦੌਰਾਨ ਦੋਵਾਂ ਪਾਸਿਆਂ ਤੋਂ ਹੋਈ ਗੋਲੀਬਾਰੀ ਵਿੱਚ ਇੱਕ ਮੁਲਜ਼ਮ ਗੋਲੀ ਲੱਗਣ ਨਾਲ ਜ਼ਖ਼ਮੀ ਹੋ ਗਿਆ ਅਤੇ ਇੱਕ ਗੋਲੀ ਪੁਲੀਸ ਅਧਿਕਾਰੀ ਦੀ ਬੁਲੇਟਪਰੂਫ਼ ਜੈਕੇਟ ’ਤੇ ਵੀ ਲੱਗੀ। ਗੜ੍ਹਸ਼ੰਕਰ ਦੇ ਪੁਲੀਸ ਉਪ ਕਪਤਾਨ (ਡੀਐਸਪੀ) ਦਲਜੀਤ ਸਿੰਘ ਖਾਖ ਨੇ ਕਿਹਾ, “ਮੋਟਰਸਾਈਕਲ ’ਤੇ ਸਵਾਰ ਦੋ ਸ਼ੱਕੀ ਵਿਅਕਤੀਆਂ ਦੇ ਆਉਣ ਦੀ ਸੂਚਨਾ ਮਿਲਣ ‘ਤੇ ਪੁਲੀਸ ਟੀਮ ਨੂੰ ਬਰਾਪੁਰ ਰੋਡ ‘ਤੇ ਕੁਨੈਲ ਦੇ ਕੋਲ ਤਾਇਨਾਤ ਕੀਤਾ ਗਿਆ।’’ ਖਾਖ ਨੇ ਦੱਸਿਆ ਕਿ ਪਿੰਡ ਬਰਾਪੁਰ ਦੇ ਨੇੜੇ ਜਾਂਚ ਚੌਕੀ ‘ਤੇ ਜਦੋਂ ਪੁਲੀਸ ਨੇ ਉਨ੍ਹਾਂ ਨੂੰ ਰੁਕਣ ਦਾ ਇਸ਼ਾਰਾ ਕੀਤਾ ਤਾਂ ਉਨ੍ਹਾਂ ਨੇ ਪੁਲੀਸ ’ਤੇ ਗੋਲੀ ਚਲਾ ਦਿੱਤੀ। ਉਨ੍ਹਾਂ ਦੱਸਿਆ ਕਿ ਆਤਮਰੱਖਿਆ ਵਿੱਚ ਜਵਾਬੀ ਕਾਰਵਾਈ ਕਰਦਿਆਂ ਕਰਨ ਜਗਪਾਲ ਅਤੇ ਸਿਮਰਨਪ੍ਰੀਤ ਸਿੰਘ ਨੂੰ ਗ੍ਰਿਫ਼ਤਾਰ ਕਰ ਲਿਆ।
ਅਧਿਕਾਰੀ ਨੇ ਦੱਸਿਆ ਕਿ ਇੱਕ ਗੋਲੀ ਪੁਲੀਸ ਵਾਹਨ ’ਤੇ ਅਤੇ ਦੂਜੀ ਇੱਕ ਏਐੱਸਆਈ ਦੀ ਬੁਲੇਟਪਰੂਫ਼ ਜੈਕੇਟ ’ਤੇ ਲੱਗੀ। ਪੁਲੀਸ ਨੇ ਜਵਾਬੀ ਗੋਲੀਬਾਰੀ ਕੀਤੀ ਅਤੇ ਇੱਕ ਗੋਲੀ ਜਗਪਾਲ ਦੇ ਪੈਰ ਵਿੱਚ ਜਾ ਲੱਗੀ। ਇਸ ਤੋਂ ਬਾਅਦ ਦੋਵਾਂ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ। ਜਗਪਾਲ ਨੂੰ ਗੜ੍ਹਸ਼ੰਕਰ ਦੇ ਸਿਵਲ ਹਸਪਤਾਲ ਲਿਜਾਇਆ ਗਿਆ ਹੈ।
ਪੁਲਿਸ ਨੇ ਘਟਨਾ ਸਥਾਨ ਤੋਂ ਦੋਵਾਂ ਵੱਲੋਂ ਵਰਤੀ ਗਈ ਇੱਕ ਪਿਸਤੌਲ ਅਤੇ ਕਾਰਤੂਸ ਵੀ ਬਰਾਮਦ ਕੀਤੇ। ਡੀਐਸਪੀ ਨੇ ਦੱਸਿਆ ਕਿ ਜਗਪਾਲ ‘ਤੇ ਆਰਮਜ਼ ਐਕਟ ਤਹਿਤ ਮਾਮਲਾ ਦਰਜ ਹੈ, ਜਦੋਂ ਕਿ ਸਿੰਘ ਪਹਿਲਾਂ ਹੀ ਕਤਲ ਦੇ ਇੱਕ ਮਾਮਲੇ ਵਿੱਚ ਸੁਣਵਾਈ ਦਾ ਸਾਹਮਣਾ ਕਰ ਰਿਹਾ ਹੈ ਅਤੇ ਫਿਲਹਾਲ ਜ਼ਮਾਨਤ ‘ਤੇ ਬਾਹਰ ਹੈ।
ਖਾਖ ਨੇ ਦੱਸਿਆ ਕਿ ਪੁਲੀਸ ਨੇ ਵੀਰਵਾਰ ਰਾਤ ਨੂੰ ਇਸ ਮਾਮਲੇ ਵਿੱਚ ਸ਼ਹੀਦ ਭਗਤ ਸਿੰਘ ਨਗਰ ਜ਼ਿਲ੍ਹੇ ਤੋਂ ਇੱਕ ਹੋਰ ਮੁਲਜ਼ਮ ਹਰਜਿੰਦਰ ਸਿੰਘ ਉਰਫ਼ ਗੋਗਾ ਨੂੰ ਵੀ ਗ੍ਰਿਫ਼ਤਾਰ ਕੀਤਾ ਹੈ। ਉਨ੍ਹਾਂ ਦੱਸਿਆ ਕਿ ਤਿੰਨਾਂ ਨੇ 8 ਅਕਤੂਬਰ ਨੂੰ ਬੋੜਾ (ਗੜ੍ਹਸ਼ੰਕਰ) ਪਿੰਡ ਵਿੱਚ ਇੱਕ ਮੈਡੀਕਲ ਸਟੋਰ ‘ਤੇ ਕਥਿਤ ਤੌਰ ‘ਤੇ ਗੋਲੀਬਾਰੀ ਕੀਤੀ ਸੀ। ਸਿੰਘ ਇਸ ਤੋਂ ਪਹਿਲਾਂ ਗੋਗੋਂ ਮਹਿਤਾਬਪੁਰ ਪਿੰਡ ਵਿੱਚ ਹੋਈ ਇੱਕ ਹੋਰ ਗੋਲੀਬਾਰੀ ਦੀ ਘਟਨਾ ਵਿੱਚ ਸ਼ਾਮਲ ਸੀ।

