87.78 F
New York, US
July 17, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਹਿਮਾਚਲ ਪ੍ਰਦੇਸ਼ ਵਿੱਚ ਤਬਾਹੀ: ਬੱਦਲ ਫਟਣ ਕਾਰਨ ਮੰਡੀ ਵਿੱਚ ਅਚਾਨਕ ਹੜ੍ਹ, 4 ਮੌਤਾਂ, 16 ਲਾਪਤਾ

ਮੰਡੀ- ਹਿਮਾਚਲ ਪ੍ਰਦੇਸ਼ ਵਿਚ ਸੋਮਵਾਰ ਰਾਤ ਤੋਂ ਜਾਰੀ ਭਾਰੀ ਮੀਂਹ, ਹੜ੍ਹਾਂ ਤੇ ਬੱਦਲ ਫਟਣ ਦੀਆਂ ਘਟਨਾਵਾਂ ਕਰਕੇ ਮੰਡੀ ਜ਼ਿਲ੍ਹੇ ਵਿਚ ਵੱਡੇ ਪੱਧਰ ’ਤੇ ਤਬਾਹੀ ਮਚਾਈ ਹੈ। ਚਾਰ ਵਿਅਕਤੀਆਂ ਦੇ ਮਾਰੇ ਜਾਣ ਦੀ ਪੁਸ਼ਟੀ ਕੀਤੀ ਗਈ ਹੈ ਜਦੋਂਕਿ 16 ਵਿਅਕਤੀ ਲਾਪਤਾ ਦੱਸੇ ਜਾਂਦੇ ਹਨ। ਜ਼ਿਲ੍ਹਾ ਪ੍ਰਸ਼ਾਸਨ ਤੇ ਐੱਸਡੀਆਰਐੱਫ ਦੀਆਂ ਟੀਮਾਂ ਨੇ ਵੱਖ ਵੱਖ ਐਮਰਜੈਂਸੀ ਅਪਰੇਸ਼ਨਾਂ ਵਿਚ 99 ਵਿਅਕਤੀਆਂ ਨੂੰ ਬਚਾਉਣ ਦਾ ਦਾਅਵਾ ਕੀਤਾ ਹੈ।

ਇਸ ਦੌਰਾਨ ਬਿਆਸ ਦਰਿਆ ਵਿਚ ਪਾਣੀ ਦਾ ਪੱਧਰ ਖ਼ਤਰੇ ਦੇ ਨਿਸ਼ਾਨ ਦੇ ਨੇੇੜੇ ਪਹੁੰਚ ਗਿਆ ਹੈ। ਕੈਚਮੈਂਟ ਏਰੀਏ ਵਿਚ ਪਾਣੀ ਦਾ ਪੱਧਰ ਵਧਣ ਮਗਰੋਂ ਇਹਤਿਆਤ ਵਜੋਂ ਪੰਡੋਹ ਡੈਮ ਦੇ ਗੇਟ ਖੋਲ੍ਹ ਦਿੱਤੇ ਗਈ ਹੈ। ਪ੍ਰਸ਼ਾਸਨ ਨੇ ਸਥਾਨਕ ਲੋਕਾਂ ਤੇ ਸੈਲਾਨੀਆਂ ਲਈ ਐਡਵਾਈਜ਼ਰੀ ਜਾਰੀ ਕਰਦਿਆਂ ਉਨ੍ਹਾਂ ਨੂੰ ਨਦੀ ਨਾਲਿਆਂ ਦੇ ਕੰਢਿਆਂ ’ਤੇ ਨਾ ਜਾਣ ਦੀ ਅਪੀਲ ਕੀਤੀ ਹੈ।

ਕਰਸੋਗ ਵਿਚ ਬੱਦਲ ਫਟਿਆ; ਇਕ ਦੀ ਮੌਤ, ਕਈਆਂ ਨੂੰ ਬਚਾਇਆ

ਕਰਸੋਗ ਸਬ-ਡਿਵੀਜ਼ਨ ਵਿੱਚ ਬੱਦਲ ਫਟਣ ਕਰਕੇ ਇੱਕ ਵਿਅਕਤੀ ਦੀ ਮੌਤ ਹੋ ਗਈ, ਜਦੋਂਕਿ 16 ਹੋਰਾਂ ਨੂੰ ਬਚਾਇਆ ਗਿਆ। ਇਨ੍ਹਾਂ ਵਿੱਚ 12 ਬੱਚੇ ਅਤੇ 4 ਮਹਿਲਾਵਾਂ ਸ਼ਾਮਲ ਹਨ। ਰਿੱਕੀ ਪਿੰਡ ਦੇ ਸੱਤ ਜੀਆਂ ਦੇ ਇੱਕ ਪਰਿਵਾਰ ਨੂੰ ਬਾਹਰ ਕੱਢ ਕੇ ਸੁਰੱਖਿਅਤ ਟਿਕਾਣੇ ’ਤੇ ਭੇਜਿਆ ਗਿਆ ਹੈ। ਇਲਾਕੇ ਵਿੱਚ ਕਈ ਘਰਾਂ ਨੂੰ ਨੁਕਸਾਨ ਪਹੁੰਚਿਆ ਹੈ।

ਸੇਰਾਜ ਅਤੇ ਧਰਮਪੁਰ ਖੇਤਰਾਂ ਵਿੱਚ ਨੁਕਸਾਨ

ਸੇਰਾਜ ਵਿਧਾਨ ਸਭਾ ਹਲਕੇ ਅਧੀਨ ਆਉਂਦੇ ਸਿਆਂਜ ਪਿੰਡ ਵਿਚ ਬਿਆਸ ਦੀ ਸਹਾਇਕ ਨਦੀ Jayuni ਖੱਡ ਵਿੱਚ ਪਾਣੀ ਦਾ ਪੱਧਰ ਵਧਣ ਮਗਰੋਂ ਘੱਟੋ-ਘੱਟ ਦੋ ਘਰ ਰੁੜ੍ਹ ਗਏ, ਜਿਸ ਵਿਚ 9 ਵਿਅਕਤੀ ਵਹਿ ਗਏ। ਇਸੇ ਤਰ੍ਹਾਂ, ਧਰਮਪੁਰ ਉਪ-ਮੰਡਲ ਵਿੱਚ, ਸਯਾਥੀ ਪਿੰਡ ਵਿੱਚ ਕਈ ਘਰਾਂ ਅਤੇ ਗਊਸ਼ਾਲਾਵਾਂ ਨੂੰ ਨੁਕਸਾਨ ਪਹੁੰਚਿਆ ਹੈ। ਹਾਲਾਂਕਿ ਹੁਣ ਤੱਕ ਕਿਸੇ ਵੀ ਮਨੁੱਖੀ ਜਾਨੀ ਨੁਕਸਾਨ ਦੀ ਰਿਪੋਰਟ ਨਹੀਂ ਹੈ।

ਪੰਡੋਹ ਬਾਜ਼ਾਰ ’ਚੋਂ ਲੋਕਾਂ ਨੂੰ ਕੱਢਿਆ

ਵਾਧੂ ਪਾਣੀ ਛੱਡੇ ਜਾਣ ਕਰਕੇ ਬਿਆਸ ਦਰਿਆ ਦਾ ਵਹਾਅ ਵਧਣ ਕਰਕੇ ਪੰਡੋਹ ਬਾਜ਼ਾਰ ਨੂੰ ਅੱਧੀ ਰਾਤ ਦੇ ਕਰੀਬ ਖਾਲੀ ਕਰਵਾ ਲਿਆ ਗਿਆ। ਖੁਸ਼ਕਿਸਮਤੀ ਨਾਲ, ਇਲਾਕੇ ਵਿੱਚੋਂ ਕਿਸੇ ਵੀ ਜਾਨੀ ਨੁਕਸਾਨ ਜਾਂ ਵਿਅਕਤੀ ਦੇ ਫਸਣ ਦੀ ਖ਼ਬਰ ਨਹੀਂ ਹੈ। ਸਟੇਟ ਡਿਜ਼ਾਸਟਰ ਰਿਸਪਾਂਸ ਫੋਰਸ (SDRF) ਮੌਕੇ ’ਤੇ ਮੌਜੂਦ ਹੈ ਅਤੇ ਹਾਲਾਤ ’ਤੇ ਨੇੜਿਓਂ ਨਜ਼ਰ ਰੱਖੀ ਜਾ ਰਹੀ ਹੈ।

ਰਘੂਨਾਥ ਕਾ ਪਧਰ ਅਤੇ ਪੁਰਾਣੀ ਮੰਡੀ ਵਿੱਚ ਹੋਰ ਬਚਾਅ ਕਾਰਜ

ਰਾਤ ਭਰ ਬਚਾਅ ਕਾਰਜ ਜਾਰੀ ਰਹੇ, ਜਿਸ ਵਿੱਚ ਰਘੂਨਾਥ ਕਾ ਪਧਰ ਤੋਂ 14 ਲੋਕਾਂ ਨੂੰ ਕੱਢਿਆ ਗਿਆ ਅਤੇ ਪੁਰਾਣੀ ਮੰਡੀ ਤੋਂ 11 ਹੋਰ ਲੋਕਾਂ ਨੂੰ ਬਚਾਇਆ ਗਿਆ, ਜੋ ਬਿਆਸ ਦਰਿਆ ਵਿੱਚ ਪਾਣੀ ਦਾ ਵਹਾਅ ਵਧਣ ਕਰਕੇ ਫਸ ਗਏ ਸਨ। ਮੰਡੀ ਨਗਰ ਨਿਗਮ ਦੇ ਮੇਅਰ ਵਰਿੰਦਰ ਭੱਟ ਪੁਰਾਣੀ ਮੰਡੀ ਵਿੱਚ ਬਚਾਅ ਕਾਰਜ ਦੀ ਨਿਗਰਾਨੀ ਕਰਨ ਲਈ ਮੌਕੇ ’ਤੇ ਮੌਜੂਦ ਸਨ।

ਹਾਈਵੇਅ ਜਾਮ, ਯਾਤਰੀ ਫਸੇ

ਕੀਰਤਪੁਰ-ਮਨਾਲੀ ਹਾਈਵੇਅ ’ਤੇ ਜ਼ਮੀਨ ਖਿਸਕਣ ਤੇ ਢਿੱਗਾਂ ਡਿੱਗਣ ਕਰਕੇ ਮੰਡੀ ਤੇ ਕੁੱਲੂ ਵਿਚਾਲੇ ਕਈ ਥਾਵਾਂ ’ਤੇ ਸੜਕਾਂ ਬੰਦ ਹੋ ਗਈਆਂ ਹਨ। ਬਹੁਤ ਸਾਰੇ ਯਾਤਰੀ ਰਾਤ ਭਰ ਸੜਕੀ ਸੁਰੰਗਾਂ ਅੰਦਰ ਫਸੇ ਰਹੇ। ਜ਼ਿਲ੍ਹਾ ਪ੍ਰਸ਼ਾਸਨ ਦੇ ਵਲੰਟੀਅਰਾਂ ਫਸੇ ਲੋਕਾਂ ਨੂੰ ਭੋਜਨ ਅਤੇ ਪਾਣੀ ਦੀ ਸਪਲਾਈ ਕਰ ਰਹੇ ਹਨ। ਸੁਰੱਖਿਆ ਕਾਰਨਾਂ ਕਰਕੇ ਮੰਡੀ ਤੋਂ ਕੁੱਲੂ ਵੱਲ ਵਾਹਨਾਂ ਦੀ ਆਵਾਜਾਈ ਨੂੰ ਮੁਅੱਤਲ ਕਰ ਦਿੱਤਾ ਗਿਆ ਹੈ। ਕੱਲ੍ਹ ਦੇਰ ਸ਼ਾਮ ਸ਼ੁਰੂ ਹੋਏ ਭਾਰੀ ਮੀਂਹ ਕਾਰਨ ਹਾਈਵੇਅ ਮੁੜ ਚਾਲੂ ਕਰਨ ਵਿਚ ਦੇਰੀ ਹੋ ਰਹੀ ਹੈ। ਮੀਂਹ ਰੁਕਣ ਦੇ ਫਿਲਹਾਲ ਕੋਈ ਸੰਕੇਤ ਨਹੀਂ ਹਨ।

ਪੰਡੋਹ ਡੈਮ ਦੇ ਗੇਟ ਖੋਲ੍ਹੇ ਗਏ

ਬਿਆਸ ਦਰਿਆ ਦੇ ਉੱਪਰਲੇ ਕੈਚਮੈਂਟ ਖੇਤਰਾਂ ਵਿੱਚ ਭਾਰੀ ਮੀਂਹ ਕਾਰਨ ਪੰਡੋਹ ਬੰਨ੍ਹ ਵਿੱਚ ਪਾਣੀ ਦੇ ਵਹਾਅ ਵਿੱਚ ਭਾਰੀ ਵਾਧਾ ਹੋਣ ਕਾਰਨ ਸਥਿਤੀ ਨਾਜ਼ੁਕ ਹੋ ਗਈ ਹੈ। ਅਧਿਕਾਰੀਆਂ ਨੂੰ ਪਾਣੀ ਛੱਡਣ ਲਈ ਸਪਿਲਵੇਅ ਗੇਟ ਖੋਲ੍ਹਣ ਲਈ ਮਜਬੂਰ ਹੋਣਾ ਪਿਆ, ਜਿਸ ਨਾਲ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਕਾਫ਼ੀ ਵੱਧ ਗਿਆ। ਸਥਾਨਕ ਲੋਕਾਂ, ਸੈਲਾਨੀਆਂ ਅਤੇ ਕਾਮਿਆਂ ਨੂੰ ਸੁਰੱਖਿਆ ਉਪਾਅ ਵਜੋਂ ਦਰਿਆ ਦੇ ਕੰਢਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ। ਚੇਤਾਵਨੀ ਸਾਇਰਨ ਲਗਾਤਾਰ ਵੱਜ ਰਹੇ ਹਨ ਅਤੇ ਦਰਿਆ ਨੇੜੇ ਰਹਿਣ ਵਾਲੇ ਜਾਂ ਜਾਣ ਵਾਲੇ ਲੋਕਾਂ ਨੂੰ ਸੁਚੇਤ ਕਰਨ ਲਈ ਜਨਤਕ ਘੋਸ਼ਣਾ ਵਾਹਨ ਤਾਇਨਾਤ ਕੀਤੇ ਗਏ ਹਨ।

ਕੁੱਲੂ ਦੇ ਲਾਰਜੀ ਡੈਮ ਤੋਂ ਵੀ ਪਾਣੀ ਛੱਡਿਆ

ਨਦੀ ਦੇ ਪੱਧਰ ਵਿੱਚ ਵਾਧੇ ਅਤੇ ਗਾਦ ਕਾਰਨ ਲਾਰਜੀ ਹਾਈਡਰੋ ਇਲੈਕਟ੍ਰਿਕ ਪ੍ਰੋਜੈਕਟ (126 ਮੈਗਾਵਾਟ) ਕੁੱਲੂ ਤੋਂ ਵੀ ਪਾਣੀ ਛੱਡਿਆ ਗਿਆ ਹੈ। ਆਮ ਲੋਕਾਂ ਅਤੇ ਸੈਲਾਨੀਆਂ ਨੂੰ ਇੱਕ ਵਾਰ ਫਿਰ ਨਦੀ ਦੇ ਕਿਨਾਰਿਆਂ ਤੋਂ ਦੂਰ ਰਹਿਣ ਦੀ ਚੇਤਾਵਨੀ ਦਿੱਤੀ ਗਈ ਹੈ।

ਸਕੂਲ ਬੰਦ

ਮੀਂਹ, ਜ਼ਮੀਨ ਖਿਸਕਣ ਅਤੇ ਬੰਦ ਸੜਕਾਂ ਕਾਰਨ ਪੈਦਾ ਹੋਏ ਖ਼ਤਰਨਾਕ ਹਾਲਾਤਾਂ ਨੂੰ ਦੇਖਦੇ ਹੋਏ, ਮੰਡੀ ਦੇ ਜ਼ਿਲ੍ਹਾ ਮੈਜਿਸਟਰੇਟ ਅਪੂਰਵ ਦੇਵਗਨ ਨੇ ਰੋਕਥਾਮ ਸੁਰੱਖਿਆ ਉਪਾਅ ਵਜੋਂ 1 ਜੁਲਾਈ, 2025 ਲਈ ਜ਼ਿਲ੍ਹੇ ਭਰ ਦੇ ਸਾਰੇ ਸਕੂਲ ਅਤੇ ਵਿਦਿਅਕ ਸੰਸਥਾਵਾਂ ਨੂੰ ਬੰਦ ਰੱਖਣ ਦੇ ਆਦੇਸ਼ ਦਿੱਤੇ ਹਨ। ਅਧਿਕਾਰੀ ਹਾਲਾਤ ’ਤੇ ਨੇੜਿਓਂ ਨਿਗਰਾਨੀ ਰੱਖ ਰਹੇ ਹਨ। ਸਥਾਨਕ ਲੋਕਾਂ ਨੂੰ ਅਪੀਲ ਕੀਤੀ ਗਈ ਹੈ ਕਿ ਉਹ ਅਧਿਕਾਰਤ ਐਡਵਾਈਜ਼ਰੀ ਦੀ ਪਾਲਣਾ ਕਰਨ ਅਤੇ ਜਦੋਂ ਤੱਕ ਬਹੁਤ ਜ਼ਰੂਰੀ ਨਾ ਹੋਵੇ ਘਰ ਤੋਂ ਬਾਹਰ ਨਾ ਨਿਕਲਣ। ਬਚਾਅ ਟੀਮਾਂ ਹਾਈ ਅਲਰਟ ’ਤੇ ਹਨ ਕਿਉਂਕਿ ਖੇਤਰ ਭਰ ਵਿੱਚ ਭਾਰੀ ਮੀਂਹ ਜਾਰੀ ਹੈ।

Related posts

‘ਅਸੀਂ ਇਕ-ਇਕ ਤੋਂ ਬਦਲਾ ਲਵਾਂਗੇ’, ਰਾਸ਼ਟਰਪਤੀ ਬਾਇਡਨ ਨੇ ਡਰੋਨ ਹਮਲੇ ‘ਚ ਅਮਰੀਕੀ ਸੈਨਿਕਾਂ ਦੀ ਮੌਤ ‘ਤੇ ਜਾਰੀ ਕੀਤਾ ਬਿਆਨ

On Punjab

World News: TIME ਮੈਗਜ਼ੀਨ ਨੇ ਯੂਕਰੇਨ ਦੇ ਰਾਸ਼ਟਰਪਤੀ ਜ਼ੈਲੈਂਸਕੀ ਨੂੰ ਚੁਣਿਆ ‘ਪਰਸਨ ਆਫ ਦਿ ਈਅਰ’

On Punjab

Solar flare Hit Earth : ਅੱਜ ਧਰਤੀ ਨਾਲ ਟਕਰਾਅ ਸਕਦਾ ਹੈ ਸੂਰਜੀ ਤੂਫਾਨ, ਯੂਰਪ ਤੇ ਅਫਰੀਕਾ ‘ਚ ਰੇਡੀਓ ਬਲੈਕ ਆਊਟ ਦਾ ਖਤਰਾ

On Punjab