ਹਿਮਾਚਲ ਪ੍ਰਦੇਸ਼- ਹਿਮਾਚਲ ਪ੍ਰਦੇਸ਼ ਦੇ ਟਰਾਂਸ-ਗਿਰੀ ਖ਼ਿੱਤੇ ’ਚ ਸਦੀਆਂ ਪੁਰਾਣੀ ਰਵਾਇਤ ਤਹਿਤ ਦੋ ਭਰਾਵਾਂ ਦਾ ਇਕ ਲੜਕੀ ਨਾਲ ਵਿਆਹ ਹੋਇਆ। ਹਾਟੀ ਭਾਈਚਾਰੇ ਦੇ ਸੱਭਿਆਚਾਰਕ ਵਿਰਸੇ ਨੂੰ ਕਾਇਮ ਰਖਦਿਆਂ ਸਿਰਮੌਰ ਜ਼ਿਲ੍ਹੇ ਦੇ ਸ਼ਿਲਾਈ ਪਿੰਡ ਦੇ ਪ੍ਰਦੀਪ ਨੇਗੀ ਅਤੇ ਕਪਿਲ ਨੇਗੀ ਨੇ ਨੇੜਲੇ ਪਿੰਡ ਕੁਨਹਤ ਦੀ ਸੁਨੀਤਾ ਚੌਹਾਨ ਨਾਲ ਵਿਆਹ ਕਰਵਾਇਆ। ਇਹ ਵਿਆਹ ਆਪਸੀ ਸਹਿਮਤੀ ਅਤੇ ਭਾਈਚਾਰੇ ਦੀ ਸ਼ਮੂਲੀਅਤ ਨਾਲ ਹੋਇਆ।
ਵੱਡਾ ਭਰਾ ਪ੍ਰਦੀਪ ਜਲ ਸ਼ਕਤੀ ਵਿਭਾਗ ਅਤੇ ਕਪਿਲ ਵਿਦੇਸ਼ ’ਚ ਪ੍ਰਾਹੁਣਚਾਰੀ ਸੈਕਟਰ ’ਚ ਕੰਮ ਕਰਦਾ ਹੈ। ਪ੍ਰਦੀਪ ਨੇਗੀ ਨੇ ਕਿਹਾ ਕਿ ਇਹ ਦੋਵੇਂ ਭਰਾਵਾਂ ਦਾ ਸਾਂਝਾ ਫ਼ੈਸਲਾ ਸੀ ਅਤੇ ਉਨ੍ਹਾਂ ਨੂੰ ਆਪਣੀ ਰਵਾਇਤ ’ਤੇ ਮਾਣ ਹੈ। ਕਪਿਲ ਨੇਗੀ ਨੇ ਕਿਹਾ, ‘‘ਅਸੀਂ ਹਮੇਸ਼ਾ ਪਾਰਦਰਸ਼ਤਾ ’ਚ ਯਕੀਨ ਕੀਤਾ ਹੈ। ਮੈਂ ਭਾਵੇਂ ਵਿਦੇਸ਼ ’ਚ ਰਹਿੰਦਾ ਹਾਂ ਪਰ ਇਸ ਵਿਆਹ ਰਾਹੀਂ ਅਸੀਂ ਆਪਣੀ ਪਤਨੀ ਨੂੰ ਸਾਂਝੇ ਪਰਿਵਾਰ ਵਾਂਗ ਪਿਆਰ ਤੇ ਹਮਾਇਤ ਦੇਵਾਂਗੇ।’’ ਉਧਰ ਸੁਨੀਤਾ ਚੌਹਾਨ ਨੇ ਕਿਹਾ, ‘‘ਮੈਂ ਦੋਵੇਂ ਭਰਾਵਾਂ ਨਾਲ ਵਿਆਹ ਆਪਣੀ ਮਰਜ਼ੀ ਨਾਲ ਕਰਵਾਇਆ ਹੈ। ਮੇਰੇ ’ਤੇ ਕੋਈ ਦਬਾਅ ਨਹੀਂ ਸੀ। ਮੈਨੂੰ ਇਸ ਰਵਾਇਤ ਦੀ ਜਾਣਕਾਰੀ ਹੈ।’’
ਅਜਿਹੇ ਵਿਆਹ ਖ਼ਿੱਤੇ ਦੇ ਕਈ ਪਿੰਡਾਂ ’ਚ ਚੁੱਪ-ਚੁਪੀਤੇ ਹੁੰਦੇ ਹਨ ਪਰ ਕੁਝ ਮਾਮਲਿਆਂ ’ਚ ਸ਼ਰ੍ਹੇਆਮ ਰਵਾਇਤ ਦਾ ਪਾਲਣ ਕੀਤਾ ਜਾਂਦਾ ਹੈ। ਸ਼ਿਲਾਈ ਦੇ ਵਸਨੀਕ ਬਿਸ਼ਨ ਤੋਮਰ ਨੇ ਕਿਹਾ, ‘‘ਸਾਡੇ ਪਿੰਡ ’ਚ ਤਿੰਨ ਦਰਜਨ ਤੋਂ ਵੱਧ ਪਰਿਵਾਰ ਹਨ ਜਿਥੇ ਦੋ ਜਾਂ ਤਿੰਨ ਭਰਾਵਾਂ ਦੀ ਇਕੋ ਹੀ ਪਤਨੀ ਹੈ ਜਾਂ ਇਕ ਪਤੀ ਦੀਆਂ ਕਈ ਪਤਨੀਆਂ ਹਨ।’’ ਤਿੰਨ ਦਿਨ ਤੱਕ ਚੱਲੇ ਜਸ਼ਨਾਂ ਦੌਰਾਨ ਸੈਂਕੜੇ ਪਿੰਡ ਵਾਸੀ ਅਤੇ ਰਿਸ਼ਤੇਦਾਰ ਇਸ ਸਦੀਆਂ ਪੁਰਾਣੀ ਰਵਾਇਤ ਦੇ ਗਵਾਹ ਬਣੇ। ਮਹਿਮਾਨਾਂ ਨੂੰ ਰਵਾਇਤੀ ਖਾਣੇ ਪਰੋਸੇ ਗਏ ਜੋ ਖ਼ਿੱਤੇ ’ਚ ਵਿਆਹਾਂ ਦੌਰਾਨ ਉਚੇਚੇ ਤੌਰ ’ਤੇ ਤਿਆਰ ਕੀਤੇ ਜਾਂਦੇ ਹਨ। ਹਾਟੀ ਭਾਈਚਾਰੇ ਨੂੰ ਹੁਣੇ ਜਿਹੇ ਅਨੁਸੂਚਿਤ ਜਨਜਾਤੀ ਦਾ ਦਰਜਾ ਦਿੱਤਾ ਗਿਆ ਹੈ ਅਤੇ ਇਹ ਵਿਆਹ ਆਧੁਨਿਕ ਜ਼ਮਾਨੇ ’ਚ ਆਪਸੀ ਸਹਿਮਤੀ, ਇਮਾਨਦਾਰੀ ਅਤੇ ਸਾਂਝੀਆਂ ਕਦਰਾਂ-ਕੀਮਤਾਂ ਦਾ ਸੁਨੇਹਾ ਦਿੰਦਾ ਹੈ।