ਚੰਡੀਗੜ੍ਹ: ਮੌਨਸੂਨ ਨੇ ਉੱਤਰ ਭਾਰਤ ਵਿਚ ਰਫ਼ਤਾਰ ਫੜ ਲਈ ਹੈ। ਦਿੱਲੀ, ਹਰਿਆਣਾ, ਪੰਜਾਬ, ਚੰਡੀਗੜ੍ਹ, ਹਿਮਾਚਲ ਪ੍ਰਦੇਸ਼, ਰਾਜਸਥਾਨ ਤੇ ਪੱਛਮੀ ਯੂਪੀ ਵਿਚ ਲਗਾਤਾਰ ਪੈ ਰਹੇ ਮੀਂਹ ਨਾਲ ਆਮ ਜਨਜੀਵਨ ਲੀਹੋਂ ਲੱਥ ਗਿਆ ਹੈ। ਦਿੱਲੀ ਐੱਨਸੀਆਰ ਵਿਚ ਭਾਰਤੀ ਮੌਸਮ ਵਿਭਾਗ ਨੇ ਰੈੱਡ ਅਲਰਟ ਜਾਰੀ ਕੀਤਾ ਹੈ। ਦਿੱਲੀ ਐੱਨਸੀਆਰ ਵਿਚ ਕਈ ਇਲਾਕਿਆਂ ਵਿਚ ਪਾਣੀ ਭਰਨ ਵਾਲੇ ਹਾਲਾਤ ਬਣ ਗਏ ਹਨ।
ਗੁਰੂਗ੍ਰਾਮ ਵਿਚ ਪਿਛਲੇ 12 ਘੰਟਿਆਂ ਵਿਚ ਰਿਕਾਰਡ 133 ਮਿਲੀਮੀਟਰ ਮੀਂਹ ਪਿਆ ਹੈ, ਜਿਸ ਨਾਲ ਸ਼ਹਿਰ ਦੇ ਕਈ ਮੁੱਖ ਮਾਰਗਾਂ ’ਤੇ ਪਾਣੀ ਭਰ ਗਿਆ ਹੈ। ਬੁੱਧਵਾਰ ਸ਼ਾਮੀਂ 7:30 ਵਜੇ ਤੋਂ ਰਾਤ 9 ਵਜੇ ਦਰਮਿਆਨ ਮਹਿਜ਼ ਡੇਢ ਘੰਟਿਆਂ ਵਿਚ 103 ਮਿਲੀਮੀਟਰ ਮੀਂਹ ਪਿਆ, ਜਿਸ ਨੇ ਸ਼ਹਿਰ ਵਿਚ ਆਵਾਜਾਈ ਤੇ ਬੁਨਿਆਦੀ ਪ੍ਰਬੰਧਾਂ ਦੀ ਪੋਲ ਖੋਲ੍ਹ ਕੇ ਰੱਖ ਦਿੱਤੀ।
ਜ਼ਿਲ੍ਹਾ ਆਫ਼ਤ ਪ੍ਰਬੰਧਨ ਅਥਾਰਟੀ (ਡੀਡੀਐੱਮਏ) ਗੁਰੂਗ੍ਰਾਮ ਨੇ ਹਾਲਾਤ ਦੀ ਗੰਭੀਰਤਾ ਨੂੰ ਧਿਆਨ ਵਿੱਚ ਰੱਖਦੇ ਹੋਏ ਐਡਵਾਈਜ਼ਰੀ ਜਾਰੀ ਕੀਤੀ ਹੈ ਜਿਸ ਵਿੱਚ ਸਾਰੇ ਕਾਰਪੋਰੇਟ ਦਫਤਰਾਂ ਅਤੇ ਨਿੱਜੀ ਸੰਸਥਾਵਾਂ ਨੂੰ ਅੱਜ, 10 ਜੁਲਾਈ ਨੂੰ ‘ਘਰੋਂ ਕੰਮ’ ਕਰਨ ਦੀ ਸਲਾਹ ਦਿੱਤੀ ਗਈ ਹੈ, ਤਾਂ ਜੋ ਸੜਕਾਂ ’ਤੇ ਕੋਈ ਵਾਧੂ ਦਬਾਅ ਨਾ ਪਏ ਅਤੇ ਆਵਾਜਾਈ ਸੁਚਾਰੂ ਢੰਗ ਨਾਲ ਚੱਲ ਸਕੇ।
ਸੋਹਨਾ ਹਾਈਵੇਅ, ਗੋਲਫ ਕੋਰਸ ਰੋਡ ਅਤੇ ਜੈਪੁਰ ਐਕਸਪ੍ਰੈਸਵੇਅ ਵਰਗੇ ਪ੍ਰਮੁੱਖ ਮਾਰਗਾਂ ’ਤੇ ਭਾਰੀ ਪਾਣੀ ਭਰਨ ਕਰਕੇ ਵਾਹਨ ਫਸ ਗਏ। ਕਈ ਥਾਵਾਂ ’ਤੇ ਲੋਕ ਦੋ ਘੰਟੇ ਤੱਕ ਆਵਾਜਾਈ ਵਿੱਚ ਫਸੇ ਰਹੇ। ਘਰਾਂ ਅਤੇ ਸੁਸਾਇਟੀਆਂ ਵਿੱਚ ਪਾਣੀ ਦਾਖਲ ਹੋਣ ਦੀਆਂ ਵੀ ਰਿਪੋਰਟਾਂ ਹਨ। ਸੜਕਾਂ ’ਤੇ ਪਾਣੀ ਭਰਨ ਕਰਕੇ ਕਈ ਇਲਾਕਿਆਂ ਵਿੱਚ ਬਿਜਲੀ ਸਪਲਾਈ ਵੀ ਠੱਪ ਹੋ ਗਈ।
ਭਾਰੀ ਆਵਾਜਾਈ ਤੇ ਜਾਮ ਕਾਰਨ, ਬਹੁਤ ਸਾਰੇ ਕਰਮਚਾਰੀ ਆਪਣੇ ਦਫ਼ਤਰਾਂ ਵਿੱਚ ਫਸੇ ਹੋਏ ਸਨ, ਅਤੇ ਉਨ੍ਹਾਂ ਨੂੰ ਰਾਤ ਬਿਤਾਉਣ ਲਈ ਨੇੜਲੇ ਹੋਟਲਾਂ ਦਾ ਸਹਾਰਾ ਲੈਣਾ ਪਿਆ। ਹਾਲਾਂਕਿ, ਉਦਯੋਗ ਵਿਹਾਰ ਅਤੇ ਆਲੇ-ਦੁਆਲੇ ਦੇ ਜ਼ਿਆਦਾਤਰ ਹੋਟਲ ਭਰੇ ਹੋਏ ਸਨ, ਜਿਸ ਕਾਰਨ ਲੋਕਾਂ ਨੂੰ ਰਾਤ ਬਿਤਾਉਣ ਲਈ ਵਿਕਲਪ ਲੱਭਣ ਵਿੱਚ ਮੁਸ਼ਕਲ ਆਈ।
ਭਾਰਤੀ ਮੌਸਮ ਵਿਭਾਗ (ਆਈਐੱਮਡੀ) ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ 24 ਘੰਟਿਆਂ ਵਿੱਚ ਦਰਮਿਆਨੇ ਤੋਂ ਭਾਰੀ ਮੀਂਹ, ਬਿਜਲੀ ਡਿੱਗਣ ਅਤੇ ਗਰਜ ਨਾਲ ਤੇਜ਼ ਹਵਾਵਾਂ ਚੱਲਣ ਦੀ ਸੰਭਾਵਨਾ ਹੈ। ਨਾਗਰਿਕਾਂ ਨੂੰ ਖੁੱਲ੍ਹੀਆਂ ਥਾਵਾਂ, ਰੁੱਖਾਂ ਅਤੇ ਕਮਜ਼ੋਰ ਢਾਂਚਿਆਂ ਤੋਂ ਦੂਰ ਰਹਿਣ ਦੀ ਸਲਾਹ ਦਿੱਤੀ ਗਈ ਹੈ।
ਦਿੱਲੀ ਅਤੇ ਐਨਸੀਆਰ ਤੋਂ ਇਲਾਵਾ, ਹਰਿਆਣਾ, ਪੱਛਮੀ ਉੱਤਰ ਪ੍ਰਦੇਸ਼ ਅਤੇ ਰਾਜਸਥਾਨ ਦੇ ਕੁਝ ਹਿੱਸਿਆਂ ਵਿੱਚ ਭਾਰੀ ਬਾਰਸ਼ ਕਾਰਨ ਸੜਕਾਂ ’ਤੇ ਪਾਣੀ ਭਰ ਗਿਆ ਅਤੇ ਵਾਹਨਾਂ ਦੀ ਆਵਾਜਾਈ ਪ੍ਰਭਾਵਿਤ ਹੋਈ। ਮੀਂਹ ਕਾਰਨ ਪਾਰਾ ਡਿੱਗ ਗਿਆ ਹੈ। ਦਿੱਲੀ ਵਿੱਚ ਵੱਧ ਤੋਂ ਵੱਧ ਤਾਪਮਾਨ 35.6 ਡਿਗਰੀ ਸੈਲਸੀਅਸ ਅਤੇ ਘੱਟੋ-ਘੱਟ 26.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ। ਸਵੇਰੇ ਹੁਮਸ 81% ਅਤੇ ਸ਼ਾਮ ਨੂੰ 58% ਸੀ। ਮੌਸਮ ਵਿਭਾਗ ਨੇ ਅਗਲੇ 24 ਤੋਂ 48 ਘੰਟਿਆਂ ਵਿੱਚ ਹੋਰ ਮੀਂਹ ਪੈਣ ਦੀ ਚੇਤਾਵਨੀ ਜਾਰੀ ਕੀਤੀ ਹੈ। ਨਾਗਰਿਕਾਂ ਨੂੰ ਸੁਚੇਤ ਰਹਿਣ, ਬੇਲੋੜੀ ਯਾਤਰਾ ਤੋਂ ਬਚਣ ਅਤੇ ਪ੍ਰਸ਼ਾਸਨ ਦੀਆਂ ਹਦਾਇਤਾਂ ਦੀ ਪਾਲਣਾ ਕਰਨ ਦੀ ਸਲਾਹ ਦਿੱਤੀ ਗਈ ਹੈ।