ਭਵਾਨੀਗਡ਼੍ਹ- ਬਠਿੰਡਾ-ਚੰਡੀਗੜ੍ਹ ਨੈਸ਼ਨਲ ਹਾਈਵੇਅ ’ਤੇ ਸਥਿਤ ਪਿੰਡ ਚੰਨੋਂ ਵਿਚ ਇੱਕ ਸੜਕ ਹਾਦਸੇ ਵਿੱਚ ਮੋਟਰਸਾਈਕਲ ਚਾਲਕ ਦੀ ਮੌਤ ਹੋਈ ਅਤੇ ਉਸ ਦੀ ਧੀ ਗੰਭੀਰ ਜ਼ਖ਼ਮੀ ਹੋ ਗਈ। ਇਸ ਸਬੰਧੀ ਜਾਣਕਾਰੀ ਦਿੰਦਿਆਂ ਪੁਲੀਸ ਚੌਂਕੀ ਕਾਲਾਝਾੜ ਦੇ ਇੰਚਾਰਜ ਏਐਸਆਈ ਸੁਖਦੇਵ ਸਿੰਘ ਨੇ ਦੱਸਿਆ ਕਿ ਭੁਪਿੰਦਰ ਸਿੰਘ (51) ਵਾਸੀ ਲੱਖੇਵਾਲ ਮੁੱਖ ਮਾਰਗ ’ਤੇ ਪਿੰਡ ਚੰਨੋਂ ਦੇ ਇੱਕ ਪੈਟਰੋਲ ਪੰਪ ਤੋਂ ਆਪਣੇ ਮੋਟਰਸਾਈਕਲ ਵਿੱਚ ਤੇਲ ਪਵਾ ਕੇ ਸਲਿੱਪ ਰੋਡ ਰਾਹੀਂ ਜਾ ਰਿਹਾ ਸੀ ਕਿ ਪਿੱਛੋਂ ਆ ਰਹੇ ਇੱਕ ਤੇਜ਼ ਰਫਤਾਰ ਟਰੱਕ ਨੇ ਮੋਟਰਸਾਈਕਲ ਵਿੱਚ ਟੱਕਰ ਮਾਰ ਦਿੱਤੀ ਜਿਸ ਕਾਰਨ ਭੁਪਿੰਦਰ ਸਿੰਘ ਦੀ ਟਰੱਕ ਦੇ ਟਾਇਰ ਹੇਠਾਂ ਆਉਣ ਕਾਰਨ ਮੌਕੇ ’ਤੇ ਹੀ ਮੌਤ ਹੋ ਗਈ ਅਤੇ ਮੋਟਰਸਾਈਕਲ ’ਤੇ ਬੈਠੀ ਉਸ ਦੀ ਧੀ ਗੰਭੀਰ ਜ਼ਖ਼ਮੀ ਹੋ ਗਈ। ਪੁਲੀਸ ਨੇ ਮ੍ਰਿਤਕ ਦੇਹ ਨੂੰ ਆਪਣੇ ਕਬਜ਼ੇ ਵਿੱਚ ਲੈ ਕੇ ਪੋਸਟਮਾਰਟਮ ਕਰਵਾਉਣ ਉਪਰੰਤ ਲਾਸ਼ ਵਾਰਸਾਂ ਦੇ ਹਵਾਲੇ ਕਰ ਦਿੱਤੀ ਹੈ। ਉਨ੍ਹਾਂ ਦੱਸਿਆ ਕਿ ਪੁਲੀਸ ਵੱਲੋਂ ਟਰੱਕ ਡਰਾਈਵਰ ਖਿਲਾਫ ਮਾਮਲਾ ਦਰਜ ਕਰਕੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ।

