randeep surjewala says: ਸੀਨੀਅਰ ਕਾਂਗਰਸੀ ਨੇਤਾ ਰਣਦੀਪ ਸੁਰਜੇਵਾਲਾ ਨੇ ਸੋਮਵਾਰ ਨੂੰ ਮੁੱਖ ਮੰਤਰੀ ਮਨੋਹਰ ਲਾਲ ਖੱਟਰ ‘ਤੇ ਹਮਲਾ ਬੋਲਦਿਆਂ ਹੋਏ ਕਿਹਾ ਕਿ ਹਰਿਆਣਾ ਵਿੱਚ ਇੱਕ ਸਾਲ ਲਈ ਨਵੀਂ ਭਰਤੀ ‘ਤੇ ਕਥਿਤ ਤੌਰ ‘ਤੇ ਲਗਾਈ ਗਈ ਪਾਬੰਦੀ ‘ਤੁਗਲਕੀ ਫਰਮਾਨ’ ਹੈ। ਕਾਂਗਰਸ ਦੇ ਮੁੱਖ ਬੁਲਾਰੇ ਸੁਰਜੇਵਾਲਾ ਨੇ ਪੱਤਰਕਾਰਾਂ ਨੂੰ ਕਿਹਾ, “ਮੁੱਖ ਮੰਤਰੀ ਮਨੋਹਰ ਲਾਲ ਖੱਟਰ ਨੇ ਤੁਗਲਕੀ ਫਰਮਾਨ ਜਾਰੀ ਕੀਤਾ ਹੈ ਕਿ ਹਰਿਆਣਾ ਦੇ ਨੌਜਵਾਨਾਂ ਨੂੰ ਇੱਕ ਸਾਲ ਲਈ ਨੌਕਰੀ ਨਹੀਂ ਮਿਲੇਗੀ।”
ਤੁਹਾਨੂੰ ਦੱਸ ਦੇਈਏ ਕਿ ਖੱਟਰ ਨੇ ਕਥਿਤ ਤੌਰ ‘ਤੇ ਕਿਹਾ ਸੀ ਕਿ ਕੋਰੋਨਾਵਾਇਰਸ ਮਹਾਂਮਾਰੀ ਕਾਰਨ ਮੌਜੂਦਾ ਸਥਿਤੀ ਦੇ ਮੱਦੇਨਜ਼ਰ ਰਾਜ ਸਰਕਾਰ ਨੇ ਇੱਕ ਸਾਲ ਲਈ ਨਵੀਂ ਭਰਤੀ‘ ਤੇ ਪਾਬੰਦੀ ਲਗਾ ਦਿੱਤੀ ਹੈ, ਜਦਕਿ ਇਸ ਸਾਲ ਕਿਸੇ ਵੀ ਕਰਮਚਾਰੀ ਨੂੰ ਐਲਟੀਸੀ ਨਹੀਂ ਦਿੱਤੀ ਜਾਵੇਗੀ। ਸੁਰਜੇਵਾਲਾ ਨੇ ਦਾਅਵਾ ਕੀਤਾ ਕਿ ਪਿੱਛਲੇ ਪੰਜ ਸਾਲਾਂ ਵਿੱਚ ਖੱਟਰ ਸਰਕਾਰ ਨੇ ਨੌਕਰੀਆਂ ਦੇ ਨਾਮ ‘ਤੇ ਨੌਜਵਾਨਾਂ ਨੂੰ ਲਾਰੇ ਲਾਏ ਹਨ ਅਤੇ ਰਾਜ ਵਿੱਚ ਬੇਰੁਜ਼ਗਾਰੀ ਦੀ ਦਰ ਵੀ ਵੱਧ ਗਈ ਹੈ। ਉਨ੍ਹਾਂ ਕਿਹਾ ਕਿ ਹੁਣ ਭਾਜਪਾ-ਜੇਜੇਪੀ ਸਰਕਾਰ ਇਹ ਨਵਾਂ ਹੁਕਮ ਜਾਰੀ ਕਰਕੇ ਨੌਜਵਾਨਾਂ ਨਾਲ ਧੋਖਾ ਕਰ ਰਹੀ ਹੈ।
ਉਨ੍ਹਾਂ ਕਿਹਾ, “ਹਰਿਆਣਾ ਦੇ ਨੌਜਵਾਨ ਪੜ੍ਹੇ-ਲਿਖੇ ਹਨ, ਉਨ੍ਹਾਂ ‘ਚ ਸਮਰੱਥਾ ਹੈ, ਜੇਕਰ ਸਰਕਾਰ ਭਰਤੀ ਰੋਕਦੀ ਹੈ ਤਾਂ ਉਹ ਇੱਕ ਸਾਲ ਕਿੱਥੇ ਜਾਣਗੇ। ਭਰਤੀ ‘ਤੇ ਪਾਬੰਦੀ ਲਗਾਉਣਾ ਸਰਕਾਰ ਦਾ ਅਸੰਵੇਦਨਸ਼ੀਲ ਰਵੱਈਆ ਦਰਸਾਉਂਦਾ ਹੈ।” ਹਰਿਆਣਾ ਦੇ ਸਾਬਕਾ ਮੰਤਰੀ ਨੇ ਕਿਹਾ, “ਅਸੀਂ ਖੱਟਰ ਸਰਕਾਰ ਨੂੰ ਪੁੱਛਣਾ ਚਾਹੁੰਦੇ ਹਾਂ ਕਿ ਕੀ ਉਹ ਉਨ੍ਹਾਂ ਮਾਪਿਆਂ ਦੀਆਂ ਮੁਸ਼ਕਿਲਾਂ ਨੂੰ ਸਮਝ ਸਕਦੇ ਹਨ, ਜਿਨ੍ਹਾਂ ਦੇ ਪੜ੍ਹੇ-ਲਿਖੇ ਪੁੱਤ ਅਤੇ ਧੀਆਂ ਬੇਰੁਜ਼ਗਾਰ ਹਨ ਅਤੇ ਘਰਾਂ ਵਿੱਚ ਬੈਠੇ ਹਨ।” ਅਸੀਂ ਸਰਕਾਰ ਨੂੰ ਇਸ ਫੈਸਲੇ ਨੂੰ ਵਾਪਿਸ ਲੈਣ ਦੀ ਅਪੀਲ ਕਰਨਾ ਚਾਹੁੰਦੇ ਹਾਂ।”


