ਪਟਿਆਲਾ- ਭਾਰਤ ਤੇ ਚੀਨ ਸਰਹੱਦ ’ਤੇ ਗਲਵਾਨ ਘਾਟੀ ਵਿੱਚ ਚੀਨੀ ਫ਼ੌਜ ਦੇ 12 ਜਵਾਨਾਂ ਨੂੰ ਸ੍ਰੀ ਸਾਹਿਬ ਨਾਲ ਮੌਤ ਦੇ ਘਾਟ ਉਤਾਰ ਕੇ ਆਖ਼ਿਰ ਖ਼ੁਦ ਸ਼ਹਾਦਤ ਦਾ ਜਾਮ ਪੀਣ ਵਾਲੇ ਸ਼ਹੀਦ ਗੁਰਤੇਜ ਸਿੰਘ ਦੇ ਪਰਿਵਾਰ ਦਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਐਡਵੋਕੇਟ ਹਰਜਿੰਦਰ ਸਿੰਘ ਧਾਮੀ, ਸਾਬਕਾ ਪ੍ਰਧਾਨ ਪ੍ਰੋ. ਕਿਰਪਾਲ ਸਿੰਘ ਬਡੂੰਗਰ ਵੱਲੋਂ ਸਨਮਾਨ ਕੀਤਾ ਗਿਆ। ਪ੍ਰੋ. ਕਿਰਪਾਲ ਸਿੰਘ ਬਡੂੰਗਰ ਨੇ ਦੱਸਿਆ ਕਿ ਸ਼ਹੀਦ ਭਾਈ ਗੁਰਤੇਜ ਸਿੰਘ ਦਾ ਜਨਮ 15 ਨਵੰਬਰ 1997 ਨੂੰ ਪਿੰਡ ਬੀਰੇਵਾਲਾ ਡੋਗਰਾ ਜ਼ਿਲ੍ਹਾ ਮਾਨਸਾ ਵਿੱਚ ਵਿਰਸਾ ਸਿੰਘ ਤੇ ਪ੍ਰਕਾਸ਼ ਕੌਰ ਦੇ ਘਰ ਹੋਇਆ ਸੀ। ਪ੍ਰੋ. ਬਡੂੰਗਰ ਨੇ ਕਿਹਾ ਕਿ ਦੇਸ਼ ਦੀ ਆਜ਼ਾਦੀ ਲਈ ਕੁਰਬਾਨੀਆਂ ਕਰਨ ਵਾਲੇ ਸ਼ਹੀਦਾਂ ਦੇ ਪਰਿਵਾਰਾਂ ਦਾ ਸਨਮਾਨ ਕਰਨਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਫ਼ਰਜ਼ ਹੈ। ਇਸ ਮੌਕੇ ਸ਼੍ਰੋਮਣੀ ਕਮੇਟੀ ਦੇ ਅਤਰਿੰਗ ਮੈਂਬਰ ਸੁਰਜੀਤ ਸਿੰਘ ਗੜ੍ਹੀ, ਰਵਿੰਦਰ ਸਿੰਘ ਖ਼ਾਲਸਾ, ਮੈਂਬਰ ਭਾਈ ਰਜਿੰਦਰ ਸਿੰਘ ਮਹਿਤਾ, ਸੁਰਜੀਤ ਸਿੰਘ ਭਿੱਟੇਵੱਡ, ਜਸਮੇਰ ਸਿੰਘ ਲਾਛੜੂ ਤੇ ਹਰਪਾਲ ਸਿੰਘ ਜੱਲਾ ਆਦਿ ਹਾਜ਼ਰ ਸਨ।