ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਨੇ ਵਿਸ਼ੇਸ਼ ਇਜਲਾਸ ਦੇ ਦੂਜੇ ਦਿਨ ਬੀਬੀਐੱਮਬੀ ਦੇ ਡੈਮਾਂ ’ਤੇ ਕੇਂਦਰੀ ਬਲਾਂ ਦੀ ਤਾਇਨਾਤੀ ਖਿਲਾਫ਼ ਮਤਾ ਸਰਬਸੰਮਤੀ ਨਾਲ ਪਾਸ ਕਰ ਦਿੱਤਾ ਹੈ। ਵਿਰੋਧੀ ਧਿਰਾਂ ਨੇ ਮਤੇ ’ਤੇ ਸਹਿਮਤੀ ਦਿੱਤੀ। ਮੁੱਖ ਮੰਤਰੀ ਦੀ ਹਾਜ਼ਰੀ ’ਚ ਮਤਾ ਪਾਸ ਹੋਇਆ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਸਬੰਧਤ ਮਤਾ ਸਦਨ ਵਿਚ ਪੇਸ਼ ਕੀਤਾ। ਸਦਨ ਨੇ ਪੰਜਾਬ ਸਰਕਾਰ ਨੂੰ ਇਹ ਮਾਮਲਾ ਕੇਂਦਰ ਸਰਕਾਰ ਕੋਲ ਉਠਾਉਣ ਲਈ ਕਿਹਾ ਹੈ। ਮਤੇ ਵਿਚ ਕਿਹਾ ਗਿਆ ਕਿ ਪੰਜਾਬ ਪੁਲੀਸ ਡੈਮ ਦੀ ਸੁਰੱਖਿਆ ਲਈ ਪੂਰੀ ਤਰ੍ਹਾਂ ਸਮਰੱਥ ਹੈ।
ਇਸ ਦੌਰਾਨ ਪੰਜਾਬ ਵਿਧਾਨ ਸਭਾ ’ਚ ਉਸ ਸਮੇਂ ਹੰਗਾਮਾ ਹੋ ਗਿਆ ਜਦੋਂ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਅਸੈਂਬਲੀ ਨੂੰ ਸਟੇਜ ਦੀ ਤਰ੍ਹਾਂ ਵਰਤਣ ਦਾ ਇਲਜ਼ਾਮ ਹਾਕਮ ਧਿਰ ’ਤੇ ਲਾਇਆ। ਮੰਤਰੀ ਅਮਨ ਅਰੋੜਾ ਨੇ ਇਹ ਕਹਿੰਦਿਆਂ ਇਸ ਦਾ ਵਿਰੋਧ ਕੀਤਾ ਕਿ ਬਾਜਵਾ ਨੇ ਸਦਨ ਦੀ ਤੌਹੀਨ ਕੀਤੀ ਹੈ। ਉਨ੍ਹਾਂ ਇਸ ਮੁੱਦੇ ਉਤੇ ਬਾਜਵਾ ਖਿਲਾਫ਼ ਮਰਿਆਦਾ ਮਤਾ ਲਿਆਉਣ ਲਈ ਕਿਹਾ।
ਬੈਲ ਗੱਡੀਆਂ ਦੀਆਂ ਦੌੜਾਂ ਦਾ ਰਾਹ ਪੱਧਰਾ ਕਰਨ ਵਾਲਾ ਬਿਲ ਪਾਸ- ਪੰਜਾਬ ਵਿਧਾਨ ਸਭਾ ਨੇ ਅੱਜ ਪੰਜਾਬ ’ਚ ਬੈਲ ਗੱਡੀਆਂ ਦੀਆਂ ਖੇਡਾਂ ਨਾਲ ਸਬੰਧਤ ਬਿੱਲ ਪਾਸ ਕਰ ਦਿੱਤਾ ਹੈ। ਪਸ਼ੂ ਪਾਲਣ ਮੰਤਰੀ ਗੁਰਮੀਤ ਸਿੰਘ ਖੁੱਡੀਆਂ ਨੇ ‘ਪਸ਼ੂਆਂ ’ਤੇ ਜ਼ੁਲਮ ਰੋਕੂ ਪੰਜਾਬ ਸੋਧਨਾ ਬਿੱਲ 2025’ ਪੇਸ਼ ਕੀਤਾ।
ਮਤੇ ’ਤੇ ਲੰਮੀ ਬਹਿਸ ਹੋਈ। ਵਿਰੋਧੀ ਧਿਰ ਦੇ ਆਗੂ ਪ੍ਰਤਾਪ ਸਿੰਘ ਬਾਜਵਾ ਨੇ ਮਤੇ ਦੀ ਹਮਾਇਤ ਕੀਤੀ। ਬਹਿਸ ਪਿੱਛੋਂ ਸਦਨ ਨੇ ਬਿਲ ਪਾਸ ਕਰ ਦਿੱਤਾ।