PreetNama
ਸਮਾਜ/Socialਖਬਰਾਂ/Newsਖਾਸ-ਖਬਰਾਂ/Important Newsਫਿਲਮ-ਸੰਸਾਰ/Filmy

ਲਹਿੰਦੇ ਪੰਜਾਬ ਦਾ ਚੜ੍ਹਦਾ ਸੂਰਜ ਅਰਸ਼ਦ ਨਦੀਮ ਵਿਸ਼ਵ ਦੇ ਮਹਾਨ ਖਿਡਾਰੀ

ਅਰਸ਼ਦ ਨਦੀਮ ਲਹਿੰਦੇ ਪੰਜਾਬ ਦਾ ਮਾਣ ਹੈ ਤੇ ਪਾਕਿਸਤਾਨ ਦੀ ਸ਼ਾਨ। ਨੀਰਜ ਚੋਪੜਾ ਹਰਿਆਣੇ ਦਾ ਮਾਣ ਤੇ ਭਾਰਤ ਦੀ ਸ਼ਾਨ ਹੈ। ਦੋਵੇਂ ਦੋਸਤ ਹਨ ਤੇ ਦੁਨੀਆ ਦੇ ਸਭ ਤੋਂ ਤਕੜੇ ਜੈਵਲਿਨ ਥਰੋਅਰ। ਉਨ੍ਹਾਂ ਦੀਆਂ ਦੋ ਮੁਲਕਾਂ ਵਿੱਚ ਵਸਦੀਆਂ ਮਾਵਾਂ ਵੀ ਦੋਹਾਂ ਨੂੰ ਆਪਣੇ ਇੱਕੋ ਜਿਹੇ ਪੁੱਤਰ ਸਮਝਦੀਆਂ ਹਨ। ਉਹ ਦੋਹਾਂ ਦੀ ਜਿੱਤ ਲਈ ਆਪਣੇ ਅੱਲਾ ਤੇ ਪ੍ਰਭੂ ਤੋਂ ਦੁਆਵਾਂ ਮੰਗਦੀਆਂ ਹਨ। ਨੀਰਜ ਤੇ ਨਦੀਮ ਵੀ ਮੁਕਾਬਲੇ ਤੋਂ ਪਹਿਲਾਂ ਇੱਕ ਦੂਜੇ ਨੂੰ ਜਿੱਤਣ ਲਈ ਸ਼ੁਭ ਇੱਛਾਵਾਂ ਦਿੰਦੇ ਹਨ, ਪਰ ਕਰਮਾਂ ਦੀ ਮਾਰ ਐਸੀ ਪੈ ਰਹੀ ਹੈ ਕਿ ਸਿਆਸਤਦਾਨਾਂ ਨੇ ਵੋਟਾਂ ਬਟੋਰਨ ਲਈ ਗੁਆਂਢੀਆਂ ਵਿਚਕਾਰ ਵੰਡੀਆਂ ਪਾ ਰੱਖੀਆਂ ਹਨ। ਖਿਡਾਰੀ ਦੋਸਤੀਆਂ ਪਾਲ ਰਹੇ ਹਨ ਤੇ ਉਨ੍ਹਾਂ ਦੀਆਂ ਮਾਵਾਂ ਪਿਆਰ ਜਤਾ ਰਹੀਆਂ ਹਨ। ਕਾਸ਼, ਖੇਡਾਂ ਦੇ ਇਸ ਵਰਤਾਰੇ ਦੀ ਮੋਹਰ ਭਾਰਤ-ਪਾਕਿ ਰਿਸ਼ਤਿਆਂ ’ਤੇ ਪੱਕੀ ਹੀ ਲੱਗ ਜਾਵੇ!

ਅਰਸ਼ਦ ਹੋਰੀਂ ਅੱਠ ਭੈਣ ਭਰਾ ਹਨ ਜਿਨ੍ਹਾਂ ਵਿੱਚ ਉਹ ਤੀਜੇ ਥਾਂ ਜੰਮਿਆ ਸੀ। ਉਸ ਦਾ ਰੰਗ ਕਣਨਵੰਨਾ ਹੈ, ਕੱਦ 6 ਫੁੱਟ 4 ਇੰਚ ਤੇ ਭਾਰ 95 ਕਿਲੋਗ੍ਰਾਮ। ਭਰਵੱਟੇ ਸੰਘਣੇ, ਠੋਡੀ ਵਿੱਚ ਟੋਆ, ਅੱਖਾਂ ਮਸਤ ਤੇ ਬੁੱਲ੍ਹ ਰਤਾ ਮੋਟੇ ਹਨ। ਹੱਸਦਾ ਹੈ ਤਾਂ ਦੰਦਾਂ ਦੀਆਂ ਪਾਲਾਂ ਲਿਸ਼ਕਾਂ ਮਾਰਦੀਆਂ ਹਨ। ਉਨ੍ਹਾਂ ਦੇ ਵਡੇਰਿਆਂ ਦਾ ਜੱਦੀ ਕਿੱਤਾ ਖੇਤੀਬਾੜੀ ਸੀ, ਪਰ ਉਸ ਦੇ ਵਾਲਦ ਨੂੰ ਸਾਰੀ ਉਮਰ ਰਾਜਗੀਰੀ ਕਰਨੀ ਪਈ। ਮਿਹਨਤ ਮਜ਼ਦੂਰੀ ਕਰਦੇ ਤੇ ਤੰਗੀਆਂ ਤੁਰਸ਼ੀਆਂ ਨਾਲ ਘੁਲਦੇ ਵੱਡੇ ਪਰਿਵਾਰ ਵਿੱਚ ਨਦੀਮ ਅਣਗੌਲੇ ਬਾਲਕ ਵਾਂਗ ਪਲਿਆ। ਉਸ ਨੂੰ ਖੇਡਾਂ ਦਾ ਸ਼ੌਕ ਤਾਂ ਸੀ ਪਰ ਸਹੂਲਤਾਂ ਨਹੀਂ ਸਨ ਮਿਲਦੀਆਂ। ਕਦੇ ਕ੍ਰਿਕਟ ਖੇਡਦਾ, ਕਦੇ ਦੌੜਾਂ ਤੇ ਛਾਲਾਂ ਲਾਉਂਦਾ ਤੇ ਕਦੇ ਗੋਲਾ ਡਿਸਕਸ ਸੁੱਟਣ ਲੱਗਦਾ। ਆਖ਼ਰ ਉਹ ਜੈਵਲਿਨ ਸੁੱਟਣ ਲੱਗ ਪਿਆ। ਅਸਲੀ ਜੈਵਲਿਨ ਨਾ ਮਿਲਿਆ ਤਾਂ ਰੁੱਖਾਂ ਦੀਆਂ ਸਿੱਧੀਆਂ ਟਾਹਣੀਆਂ ਜੈਵਲਿਨ ਬਣਾ ਕੇ ਸੁੱਟਦਾ ਤੇ ਨੰਗੇ ਪੈਰੀਂ ਪ੍ਰੈਕਟਿਸ ਕਰਦਿਆਂ ਖੇਤਾਂ ਦੇ ਕਰਚਿਆਂ ’ਤੇ ਦੌੜਦਾ। ਡੰਡ ਕੱਢਦਾ, ਬੈਠਕਾਂ ਮਾਰਦਾ ਤੇ ਦੇਸੀ ਜੁਗਾੜ ਜੋੜ ਕੇ ਵੇਟ ਟ੍ਰੇਨਿੰਗ ਕਰਦਾ। ਮਿਹਨਤ ਰੰਗ ਲਿਆਈ ਤਾਂ ਸਕੂਲੀ ਜਿੱਤਾਂ ਤੋਂ ਅੱਗੇ ਵਧਦਾ ਓਲੰਪਿਕ ਖੇਡਾਂ ਦੇ ਵਿਕਟਰੀ ਸਟੈਂਡ ’ਤੇ ਜਾ ਚੜ੍ਹਿਆ। ਸਾਧਾਰਨ ਘਰ ਤੇ ਪਰਿਵਾਰ ਨੂੰ ਰੰਗ ਭਾਗ ਲੱਗ ਗਏ। ਹੁਣ ਉਹ ਕਾਮਨਵੈਲਥ ਖੇਡਾਂ ਦਾ ਵੀ ਚੈਂਪੀਅਨ ਹੈ ਤੇ ਓਲੰਪਿਕ ਖੇਡਾਂ ਦਾ ਵੀ। ਇਨ੍ਹਾਂ ਦੇ ਜੈਵਲਿਨ ਸੁੱਟਣ ਦੇ ਰਿਕਾਰਡ ਵੀ ਉਸੇ ਦੇ ਨਾਂ ਹਨ।

ਟੋਕੀਓ ਓਲੰਪਿਕ 2021 ਵਿੱਚ ਭਾਰਤ ਦੇ ਨੀਰਜ ਨੇ ਜੈਵਲਿਨ ਥਰੋਅ ਦਾ ਗੋਲਡ ਮੈਡਲ ਜਿੱਤਿਆ ਸੀ। ਉੱਥੇ ਨਦੀਮ ਪੰਜਵੀਂ ਥਾਂ ਰਿਹਾ ਸੀ। ਪਹਿਲਾਂ ਵੀ ਕਦੇ ਨਦੀਮ ਜਿੱਤ ਜਾਂਦਾ ਸੀ, ਕਦੇ ਨੀਰਜ। ਪੈਰਿਸ ਓਲੰਪਿਕ 2024 ਵਿੱਚ ਨਦੀਮ ਗੋਲਡ ਮੈਡਲ ਜਿੱਤਿਆ ਤੇ ਨੀਰਜ ਸਿਲਵਰ। ਦੋਹਾਂ ਨੇ ਆਪੋ ਆਪਣੇ ਕਰੀਅਰ ਦਾ ਬਿਹਤਰੀਨ ਪ੍ਰਦਰਸ਼ਨ ਕੀਤਾ। ਨਦੀਮ ਜੈਵਲਿਨ ਦਾ ਨਵਾਂ ਓਲੰਪਿਕ ਚੈਂਪੀਅਨ ਬਣ ਕੇ ਨਵਾਂ ਰਿਕਾਰਡ ਵੀ ਕਰ ਗਿਆ। ਪੈਰਿਸ ਵਿੱਚ ਉਸ ਨੇ 92.97 ਮੀਟਰ ਯਾਨੀ 305.02 ਫੁੱਟ ਦੂਰ ਨੇਜ਼ਾ ਸੁੱਟਿਆ। ਪਹਿਲਾਂ ਓਲੰਪਿਕ ਰਿਕਾਰਡ 90.57 ਮੀਟਰ ਦਾ ਸੀ। ਇੰਜ ਨਦੀਮ ਗੋਦੜੀ ਦਾ ਲਾਲ ਸਿੱਧ ਨਿਕਲਿਆ।

Related posts

ਚੋਣਾਂ ‘ਚ ਤਾਂ ਨਹੀਂ ਵਰਤਾਈ ਜਾਣੀ ਸੀ ਸ਼ਰਾਬ

Pritpal Kaur

Dimple Kapadia ਦੀ ਖੁੱਲਿਆ ਰਾਜ਼, ਡਾਇਰੈਕਟਰ ਨੂੰ ਬਣਾਇਆ ‘ਉੱਲੂ’

On Punjab

ਟਰੰਪ ਨੇ ਸੰਕੇਤ ਦਿੱਤਾ ਕਿ ਭਾਰਤ 1 ਅਗਸਤ ਤੱਕ ਇੰਡੋਨੇਸ਼ੀਆ-ਸ਼ੈਲੀ ਦੇ ਵਪਾਰ ਸੌਦੇ ਜਾਂ ਭਾਰੀ ਟੈਰਿਫ ਦਾ ਸਾਹਮਣਾ ਕਰ ਸਕਦਾ ਹੈ

On Punjab