82.56 F
New York, US
July 14, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਰਾਧਿਕਾ ਯਾਦਵ ਦੇ ਪਿਤਾ ਦਾ ਇਕ-ਰੋਜ਼ਾ ਪੁਲੀਸ ਰਿਮਾਂਡ; ਮਾਂ ਦੀ ਭੂਮਿਕਾ ਦੀ ਜਾਂਚ ਜਾਰੀ

ਚੰਡੀਗੜ੍ਹ- ਗੁਰੂਗ੍ਰਾਮ ਦੀ ਇੱਕ ਸਥਾਨਕ ਅਦਾਲਤ ਨੇ ਸ਼ੁੱਕਰਵਾਰ ਨੂੰ 49 ਸਾਲਾ ਦੀਪਕ ਯਾਦਵ ਨੂੰ ਇੱਕ ਦਿਨ ਦੇ ਪੁਲੀਸ ਰਿਮਾਂਡ ਉਤੇ ਭੇਜ ਦਿੱਤਾ। ਦੀਪਕ ਨੇ ਬੀਤੇ ਦਿਨ ਆਪਣੀ 25 ਸਾਲਾ ਧੀ ਰਾਧਿਕਾ ਯਾਦਵ, ਜੋ ਕੌਮੀ ਪੱਧਰ ਦੀ ਟੈਨਿਸ ਖਿਡਾਰਨ ਸੀ, ਨੂੰ ਕਥਿਤ ਤੌਰ ‘ਤੇ ਗੋਲੀ ਮਾਰ ਕੇ ਕਤਲ ਕਰ ਦਿੱਤਾ ਸੀ।

ਅਦਾਲਤ ਨੇ ਮਾਮਲੇ ਨੂੰ “ਗੰਭੀਰ ਮਾਮਲਾ” ਕਰਾਰ ਦਿੱਤਾ ਅਤੇ ਕਿਹਾ ਕਿ ਇਸ ਦੀ ਡੂੰਘਾਈ ਨਾਲ ਜਾਂਚ ਦੀ ਲੋੜ ਹੈ। ਐਸਐਚਓ ਵਿਨੋਦ ਕੁਮਾਰ ਨੇ ਕਿਹਾ: “ਅਸੀਂ ਤੁਹਾਨੂੰ ਪਹਿਲਾਂ ਹੀ ਇਸ ਦੇ ਉਦੇਸ਼ ਬਾਰੇ ਦੱਸ ਚੁੱਕੇ ਹਾਂ… ਉਹ (ਦੀਪਕ ਯਾਦਵ) ਟੈਨਿਸ ਅਕੈਡਮੀ (ਆਪਣੀ ਧੀ ਰਾਧਿਕਾ ਯਾਦਵ ਵੱਲੋਂ ਚਲਾਈ ਜਾ ਰਹੀ) ਤੋਂ ਗੁੱਸੇ ਸੀ।’’ ਜਦੋਂ ਉਸ ਨੂੰ ਪੁੱਛਿਆ ਗਿਆ ਕੀ ਕੀ ਇਹ ‘ਅਣਖ਼ ਲਈ ਕਤਲ’ ਦਾ ਮਾਮਲਾ ਹੈ, ਤਾਂ ਐਸਐਚਓ ਨੇ ਕਿਹਾ, ‘‘ਨਹੀਂ… ਅਜਿਹਾ ਕੁਝ ਨਹੀਂ ਹੈ।… ਅਸੀਂ ਦੋ ਦਿਨ ਦਾ ਰਿਮਾਂਡ ਮੰਗਿਆ ਸੀ।”

ਇਹ ਘਟਨਾ ਵੀਰਵਾਰ ਸਵੇਰੇ ਲਗਭਗ 10:30 ਵਜੇ ਸੁਸ਼ਾਂਤ ਲੋਕ ਇਲਾਕੇ ਵਿੱਚ ਸਥਿਤ ਉਨ੍ਹਾਂ ਦੇ ਘਰ ਵਿੱਚ ਵਾਪਰੀ। ਜਿੱਥੇ ਦੀਪਕ ਨੇ ਕਥਿਤ ਤੌਰ ‘ਤੇ ਆਪਣੀ ਧੀ ‘ਤੇ ਪੰਜ ਗੋਲੀਆਂ ਚਲਾਈਆਂ। ਰਾਧਿਕਾ ਉਸ ਵੇਲੇ ਰਸੋਈ ਵਿਚ ਨਾਸ਼ਤਾ ਬਣਾ ਰਹੀ ਸੀ। ਤਿੰਨ ਗੋਲੀਆਂ ਉਸਦੀ ਪਿੱਠ ਵਿੱਚ ਲੱਗੀਆਂ, ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ।

ਗੁਰੂਗ੍ਰਾਮ ਪੁਲੀਸ ਦੇ ਪੀਆਰਓ ਸੰਦੀਪ ਕੁਮਾਰ ਦੇ ਅਨੁਸਾਰ, ਰਾਧਿਕਾ ਸੈਕਟਰ 57 ਵਿੱਚ ਇੱਕ ਟੈਨਿਸ ਅਕੈਡਮੀ ਚਲਾ ਰਹੀ ਸੀ, ਜੋ ਕਥਿਤ ਤੌਰ ‘ਤੇ ਉਸਦੇ ਅਤੇ ਉਸਦੇ ਪਿਤਾ ਵਿਚਕਾਰ ਝਗੜੇ ਦਾ ਵਿਸ਼ਾ ਬਣ ਗਈ ਸੀ। ਉਨ੍ਹਾਂ ਕਿਹਾ, “ਸ਼ੁਰੂਆਤੀ ਜਾਂਚ ਤੋਂ ਪਤਾ ਚੱਲਦਾ ਹੈ ਕਿ ਦੀਪਕ ਨੇ ਰਾਧਿਕਾ ਵੱਲੋਂ ਅਕੈਡਮੀ ਚਲਾਏ ਜਾਣ ਉਤੇ ਇਤਰਾਜ਼ ਕੀਤਾ ਸੀ ਅਤੇ ਉਸਨੂੰ ਕਈ ਵਾਰ ਇਸਨੂੰ ਬੰਦ ਕਰਨ ਲਈ ਕਿਹਾ ਸੀ।”

ਪੁਲੀਸ ਪੁੱਛਗਿੱਛ ਦੌਰਾਨ ਦੀਪਕ ਯਾਦਵ ਨੇ ਕਤਲ ਦੀ ਗੱਲ ਕਬੂਲ ਕਰ ਲਈ। ਉਸ ਨੇ ਕਥਿਤ ਤੌਰ ‘ਤੇ ਕਿਹਾ ਕਿ ਉਹ ਆਪਣੀ ਧੀ ਨਾਲ ਚੱਲ ਰਹੇ ਝਗੜਿਆਂ ਤੋਂ ਨਿਰਾਸ਼ ਸੀ। ਉਸ ਦੀ ਅਕੈਡਮੀ ਵਧੀਆ ਚੱਲ ਰਹੀ ਸੀ ਪਰ ਇਸ ਕਾਰਨ ਲੋਕ ਉਸ ਨੂੰ ਮਿਹਣੇ ਮਾਰਦੇ ਸਨ ਕਿ ਉਹ ‘ਆਪਣੀ ਧੀ ਦੀ ਕਮਾਈ ਉਤੇ ਮੌਜਾਂ ਕਰ ਰਿਹਾ’ ਸੀ। ਉਸ ਨੇ ਇਸੇ ਤੋਂ ਖ਼ਫ਼ਾ ਹੋ ਕੇ ਇਹ ਕਦਮ ਚੁੱਕਿਆ।

ਪੁਲੀਸ ਸਾਰੇ ਮਾਮਲੇ ਵਿਚ ਰਾਧਿਕਾ ਦਾ ਮਾਂ ਮੰਜੂ ਯਾਦਵ ਦੀ ਭੂਮਿਕਾ ਅਤੇ ਹੋਰ ਮਾਮਲਿਆਂ ਦੀ ਵੀ ਜਾਂਚ ਕਰ ਰਹੀ ਹੈ। ਜਾਂਚਕਰਤਾਵਾਂ ਨੇ ਦੀਪਕ ਯਾਦਵ ਦੀ ਵਿੱਤੀ ਸਥਿਤੀ ਬਾਰੇ ਮਹੱਤਵਪੂਰਨ ਵੇਰਵੇ ਸਾਹਮਣੇ ਲਿਆਂਦੇ ਹਨ।

ਦੱਸਿਆ ਜਾਂਦਾ ਹੈ ਕਿ ਉਹ ਗੁਰੂਗ੍ਰਾਮ ਵਿੱਚ ਕਈ ਕਿਰਾਏ ਦੀਆਂ ਜਾਇਦਾਦਾਂ ਤੋਂ ਮਾਸਕ 15 ਤੋਂ 17 ਲੱਖ ਰੁਪਏ ਕਮਾਉਂਦਾ ਹੈ ਅਤੇ ਇੱਕ ਆਲੀਸ਼ਾਨ ਫਾਰਮ ਹਾਊਸ ਦਾ ਮਾਲਕ ਹੈ। ਐਨਡੀਟੀਵੀ ਦੀ ਰਿਪੋਰਟ ਅਨੁਸਾਰ, ਉਸਦੇ ਜੱਦੀ ਪਿੰਡ ਵਜ਼ੀਰਾਬਾਦ ਦੇ ਉਸ ਦੇ ਗਰਾਈਂ ਅਨੁਸਾਰ, ਦੀਪਕ ਇਲਾਕੇ ਵਿਚ ਇੱਕ ਅਮੀਰ ਜ਼ਿਮੀਂਦਾਰ ਵਜੋਂ ਜਾਣਿਆ ਜਾਂਦਾ ਹੈ।

Related posts

ਸ਼ਿਮਲਾ-ਚੰਡੀਗੜ੍ਹ ਮਾਰਗ ਹੋਇਆ ਠੱਪ, ਮੀਂਹ ਕਾਰਨ ਸੜਕ ‘ਤੇ ਖਿਸਕਿਆ ਪਹਾੜ

On Punjab

ਹਾਈ ਕੋਰਟ ਦੇ ਮੌਜੂਦਾ ਜੱਜ ਖਿਲਾਫ਼ ਸ਼ਿਕਾਇਤਾਂ ਸੁਣਨ ਦੇ ਲੋਕਪਾਲ ਦੇ ਹੁਕਮਾਂ ’ਤੇ ਸੁਪਰੀਮ ਕੋਰਟ ਵੱਲੋਂ ਰੋਕ

On Punjab

‘ਬੰਬਾਂ ਬਾਰੇ ਬਿਆਨ’: ਪ੍ਰਤਾਪ ਬਾਜਵਾ ਕੋਲੋਂ ਮੁਹਾਲੀ ਥਾਣੇ ਵਿਚ ਪੁੱਛ ਪੜਤਾਲ ਜਾਰੀ

On Punjab