ਗੁਰੂਗ੍ਰਾਮ- ਗੁਰੂਗ੍ਰਾਮ ਪੁਲੀਸ ਨੇ ਸ਼ਨਿੱਚਰਵਾਰ ਨੂੰ ਕਿਹਾ ਕਿ ਆਪਣੇ ਹੀ ਪਿਓ ਵੱਲੋਂ ਕਤਲ ਕਰ ਦਿੱਤੀ ਗਈ ਸੂਬਾ ਪੱਧਰੀ ਟੈਨਿਸ ਖਿਡਾਰਨ ਰਾਧਿਕਾ ਯਾਦਵ ਦੀ ਆਪਣੀ ਕੋਈ ਟੈਨਿਸ ਅਕੈਡਮੀ ਨਹੀਂ ਸੀ, ਸਗੋਂ ਉਹ ਵੱਖ-ਵੱਖ ਥਾਵਾਂ ‘ਤੇ ਟੈਨਿਸ ਕੋਰਟ ਬੁੱਕ ਕਰਕੇ ਆਪਣੇ ਟਰੇਨੀ ਖਿਡਾਰੀਆਂ ਨੂੰ ਸਿਖਲਾਈ ਦਿੰਦੀ ਸੀ। ਦੱਸਿਆ ਜਾਂਦਾ ਹੈ ਕਿ ਇਸ ‘ਤੇ ਉਸਦੇ ਪਿਤਾ ਨੂੰ ਇਤਰਾਜ਼ ਸੀ।
ਇਸ 25 ਸਾਲਾ ਮੁਟਿਆਰ ਨੂੰ ਉਸ ਦੇ ਪਿਤਾ ਦੀਪਕ ਯਾਦਵ (49) ਨੇ ਵੀਰਵਾਰ ਨੂੰ ਗੁਰੂਗ੍ਰਾਮ ਦੇ ਸੈਕਟਰ 57 ਦੇ ਸੁਸ਼ਾਂਤ ਲੋਕ ਖੇਤਰ ਵਿੱਚ ਪਰਿਵਾਰ ਦੇ ਦੋ ਮੰਜ਼ਿਲਾ ਘਰ ਵਿੱਚ ਕਥਿਤ ਤੌਰ ‘ਤੇ ਬਹੁਤ ਨੇੜੇ ਤੋਂ ਗੋਲੀਆਂ ਮਾਰ ਕੇ ਹਲਾਕ ਦਰ ਦਿੱਤਾ ਸੀ।
ਇਸ ਤੋਂ ਪਹਿਲਾਂ ਪੁਲੀਸ ਨੇ ਕਿਹਾ ਸੀ ਕਿ ਰਾਧਿਕਾ ਇੱਕ ਟੈਨਿਸ ਅਕੈਡਮੀ ਚਲਾਉਂਦੀ ਸੀ, ਜੋ ਪਿਉ-ਧੀ ਵਿਚਲੇ ਝਗੜੇ ਦਾ ਕਾਰਨ ਬਣ ਗਈ ਸੀ ਕਿਉਂਕਿ ਦੀਪਕ ਨੂੰ ਅਕਸਰ ਆਪਣੀ ਧੀ ਦੀ ਆਮਦਨ ‘ਤੇ ਗੁਜ਼ਾਰਾ ਕਰਨ ਲਈ ਲੋਕਾਂ ਵੱਲੋਂ ਕਥਿਤ ਤਾਅਨੇ ਮਾਰੇ ਜਾਂਦੇ ਸਨ।
ਉਂਝ ਹਕੀਕਤ ਇਹ ਹੈਕਿ ਮੁਲਜ਼ਮ ਵਿੱਤੀ ਤੌਰ ‘ਤੇ ਚੰਗੀ ਹਾਲਤ ਵਿੱਚ ਸੀ ਅਤੇ ਵੱਖ-ਵੱਖ ਜਾਇਦਾਦਾਂ ਤੋਂ ਕਿਰਾਏ ਦੀ ਚੰਗੀ ਆਮਦਨ ਕਮਾਉਂਦਾ ਸੀ ਅਤੇ ਇਸ ਲਈ ਉਹ ਆਪਣੀ ਧੀ ਦੀ ਕਮਾਈ ‘ਤੇ ਨਿਰਭਰ ਨਹੀਂ ਸੀ। ਪਰ ਉਹ ਲੋਕਾਂ ਦੇ ਤਾਅਨਿਆਂ-ਮਿਹਣਿਆਂ ਕਾਰਨ ਪਿਛਲੇ ਕੁਝ ਹਫ਼ਤਿਆਂ ਤੋਂ ਉਦਾਸ ਸੀ।
ਪੁਲੀਸ ਦੇ ਇੱਕ ਜਾਂਚ ਅਧਿਕਾਰੀ ਨੇ ਸ਼ਨਿੱਚਰਵਾਰ ਨੂੰ ਕਿਹਾ, “ਰਾਧਿਕਾ ਦੀ ਆਪਣੀ ਅਕੈਡਮੀ ਨਹੀਂ ਸੀ। ਉਹ ਵੱਖ-ਵੱਖ ਥਾਵਾਂ ‘ਤੇ ਟੈਨਿਸ ਕੋਰਟ ਬੁੱਕ ਕਰਕੇ ਨਵੇਂ ਖਿਡਾਰੀਆਂ ਨੂੰ ਸਿਖਲਾਈ ਦਿੰਦੀ ਸੀ। ਦੀਪਕ ਨੇ ਉਸਨੂੰ ਕਈ ਵਾਰ ਸਿਖਲਾਈ ਸੈਸ਼ਨ ਬੰਦ ਕਰਨ ਲਈ ਕਿਹਾ ਸੀ, ਪਰ ਉਸਨੇ ਇਨਕਾਰ ਕਰ ਦਿੱਤਾ। ਇਹੋ ਪਿਤਾ ਅਤੇ ਧੀ ਵਿਚਕਾਰ ਮੁੱਖ ਝਗੜਾ ਸੀ।”
ਦੀਪਕ, ਜਿਸ ਬਾਰੇ ਪੁਲੀਸ ਨੇ ਕਿਹਾ ਕਿ ਉਸਨੇ ਆਪਣੀ ਧੀ ਦੇ ਕਤਲ ਦਾ ਇਕਬਾਲ ਕਰ ਲਿਆ ਹੈ, ਨੂੰ ਸ਼ੁੱਕਰਵਾਰ ਨੂੰ ਇੱਕ ਅਦਾਲਤ ਵਿੱਚ ਪੇਸ਼ ਕੀਤਾ ਗਿਆ। ਅਦਾਲਤ ਨੇ ਉਸਨੂੰ ਇੱਕ ਦਿਨ ਦੀ ਪੁਲੀਸ ਹਿਰਾਸਤ ਵਿੱਚ ਭੇਜ ਦਿੱਤਾ ਸੀ।
ਇਹ ਵੀ ਦਾਅਵੇ ਕੀਤੇ ਗਏ ਸਨ ਕਿ ਦੀਪਕ ਸੋਸ਼ਲ ਮੀਡੀਆ ’ਤੇ ਰਾਧਿਕਾ ਦੀਆਂ ਸਰਗਰਮੀਆਂ ਤੇ ਐਨਫਲਿਉਂਸਰ ਬਣਨ ਦੀ ਖ਼ਾਹਿਸ਼ ਤੋਂ ਖੁਸ਼ ਨਹੀਂ ਸੀ। ਬਹੁਤ ਸਾਰੇ ਲੋਕਾਂ ਨੇ ਦਾਅਵਾ ਕੀਤਾ ਸੀ ਕਿ ਇੱਕ ਕਲਾਕਾਰ ਦੇ ਨਾਲ ਉਸ ਦੀ ਦਿਖਾਈ ਇੱਕ ਸੰਗੀਤ ਵੀਡੀਓ ਉਸ ਦੀ ਹੱਤਿਆ ਦਾ ਕਾਰਨ ਬਣੀ ਸੀ। ਇਸ ਬਾਰੇ ਸੈਕਟਰ 56 ਪੁਲੀਸ ਸਟੇਸ਼ਨ ਦੇ ਇੰਸਪੈਕਟਰ ਵਿਨੋਦ ਕੁਮਾਰ ਨੇ ਕਿਹਾ, “ਇਹ ਵੀਡੀਓ 2023 ਵਿੱਚ ਅਪਲੋਡ ਕੀਤਾ ਗਿਆ ਸੀ, ਇਸ ਦਾ ਕਤਲ ਨਾਲ ਕੋਈ ਸਬੰਧ ਨਹੀਂ ਹੈ। ਮੁਲਜ਼ਮ ਨੇ ਵਾਰ-ਵਾਰ ਕਿਹਾ ਹੈ ਕਿ ਉਹ ਨਹੀਂ ਚਾਹੁੰਦਾ ਸੀ ਕਿ ਉਸ ਦੀ ਧੀ ਸਿਖਲਾਈ ਰਾਹੀਂ ਕਮਾਈ ਕਰੇ।”
ਪੋਸਟਮਾਰਟਮ ਰਿਪੋਰਟ ਦੇ ਅਨੁਸਾਰ, ਰਾਧਿਕਾ ਨੂੰ ਚਾਰ ਗੋਲੀਆਂ ਲੱਗੀਆਂ ਸਨ, ਤਿੰਨ ਪਿੱਠ ਵਿੱਚ ਅਤੇ ਇੱਕ ਮੋਢੇ ਵਿੱਚ। ਸ਼ੁੱਕਰਵਾਰ ਨੂੰ ਪਰਿਵਾਰ ਦੇ ਜੱਦੀ ਪਿੰਡ ਵਜ਼ੀਰਾਬਾਦ ਵਿੱਚ ਉਸਦਾ ਅੰਤਿਮ ਸੰਸਕਾਰ ਕੀਤਾ ਗਿਆ।