ਰਾਏਕੋਟ- ਇੱਥੇ ਸਥਿਤ ਮੁਗ਼ਲ ਕਾਲ ਦੇ ਨਵਾਬ ਰਾਏ ਕੱਲ੍ਹਾ ਵੱਲੋਂ 17ਵੀਂ ਸਦੀ ਦੇ ਸ਼ੁਰੂਆਤੀ ਦੌਰ ਵਿੱਚ ਉਸਾਰੇ ਤਲਵੰਡੀ ਗੇਟ ਦੀ ਸੰਦੂਕੀ ਛੱਤ ਦੇਰ ਰਾਤ ਢਾਹ ਦਿੱਤੀ ਗਈ ਹੈ। ਪ੍ਰਾਪਤ ਜਾਣਕਾਰੀ ਅਨੁਸਾਰ ਲੰਘੀ ਰਾਤ ਨਗਰ ਕੌਂਸਲ ਰਾਏਕੋਟ ਦੇ ਅਧਿਕਾਰੀਆਂ ਵੱਲੋਂ ਤਲਵੰਡੀ ਗੇਟ ਦੀ ਖਸਤਾ ਹਾਲਤ ਸੰਦੂਕੀ ਛੱਤ ਢਾਹੁਣ ਤੋਂ ਬਾਅਦ ਸ਼ਹਿਰ ਦਾ ਤਲਵੰਡੀ ਬਜ਼ਾਰ ਖੁੱਲ੍ਹਣ ਤੋਂ ਪਹਿਲਾਂ-ਪਹਿਲਾਂ ਮਲਬਾ ਹਟਾਉਣ ਦਾ ਕੰਮ ਸ਼ੁਰੂ ਕਰ ਦਿੱਤਾ ਗਿਆ।
ਇਸ ਸਬੰਧੀ ਨਗਰ ਕੌਂਸਲ ਰਾਏਕੋਟ ਦੇ ਕਾਰਜਸਾਧਕ ਅਫ਼ਸਰ ਚਰਨਜੀਤ ਸਿੰਘ ਨੇ ਸੰਪਰਕ ਕਰਨ ’ਤੇ ਦੱਸਿਆ ਕਿ ਇਤਿਹਾਸਕ ਗੇਟ ਦੀ ਛੱਤ ਬਹੁਤ ਕਮਜ਼ੋਰ ਹੋ ਚੁੱਕੀ ਸੀ, ਕਿਸੇ ਅਣਸੁਖਾਵੀਂ ਘਟਨਾ ਦੇ ਡਰੋਂ ਮੌਸਮ ਵਿੱਚ ਸੁਧਾਰ ਹੋਣ ਬਾਅਦ ਹੰਗਾਮੀ ਹਾਲਤ ਵਿੱਚ ਇਸ ਨੂੰ ਢਾਹਿਆ ਗਿਆ ਹੈ।
ਉਨ੍ਹਾਂ ਕਿਹਾ ਕਿ ਜਲਦ ਹੀ ਨਗਰ ਕੌਂਸਲ ਰਾਏਕੋਟ ਦੀ ਮੀਟਿੰਗ ਵਿੱਚ ਤਲਵੰਡੀ ਗੇਟ ਦੀ ਉਸਾਰੀ ਦੀ ਤਜਵੀਜ਼ ’ਤੇ ਚਰਚਾ ਕੀਤੀ ਜਾਵੇਗੀ ਅਤੇ ਤਰਕਸੰਗਤ ਫ਼ੈਸਲਾ ਲਿਆ ਜਾਵੇਗਾ। ਉੱਧਰ ਨਗਰ ਕੌਂਸਲ ਰਾਏਕੋਟ ਦੇ ਸਾਬਕਾ ਪ੍ਰਧਾਨ ਅਮਨਦੀਪ ਸਿੰਘ ਗਿੱਲ ਨੇ ਕਿਹਾ ਕਿ ਇਤਿਹਾਸਕ ਤਲਵੰਡੀ ਗੇਟ ਸ਼ਹਿਰ ਦੀ ਪੁਰਾਤਨ ਵਿਰਾਸਤ ਦਾ ਹਿੱਸਾ ਹੈ ਅਤੇ ਇਸ ਦੀ ਸੰਭਾਲ ਕਰਨੀ ਸਾਡੀ ਜ਼ਿੰਮੇਵਾਰੀ ਹੈ।
ਉਨ੍ਹਾਂ ਕਿਹਾ ਕਿ ਸ਼ਹਿਰ ਦੇ ਥਾਣਾ ਗੇਟ ਦਾ ਤਾਂ ਨਾਮੋ-ਨਿਸ਼ਾਨ ਹੀ ਮਿਟਾ ਦਿੱਤਾ ਗਿਆ ਹੈ, ਜਦਕਿ ਕਮੇਟੀ ਗੇਟ ਅਤੇ ਕੁਤਬਾ ਗੇਟ ਦਾ ਪੁਰਾਤਨ ਸਰੂਪ ਵੀ ਅਲੋਪ ਹੋ ਗਿਆ ਹੈ, ਕਿਉਂਕਿ ਉਨ੍ਹਾਂ ਦੀ ਪੁਰਾਣੀ ਸੰਦੂਕੀ ਛੱਤ ਦੀ ਥਾਂ ਲੈਂਟਰ ਪਾ ਕੇ ਉਨ੍ਹਾਂ ਦਾ ਪੁਰਾਤਨ ਸਰੂਪ ਖ਼ਤਮ ਕਰ ਦਿੱਤਾ ਗਿਆ ਹੈ। ਉਨ੍ਹਾਂ ਮੰਗ ਕੀਤੀ ਕਿ ਗੁਰੂ ਗੋਬਿੰਦ ਸਿੰਘ ਜੀ ਦੇ ਅਨੁਯਾਈ ਨਵਾਬ ਰਾਏ ਕੱਲ੍ਹਾ ਦੇ ਪਰਿਵਾਰ ਦੀ ਇਤਿਹਾਸਕ ਵਿਰਾਸਤ ਨੂੰ ਕਾਇਮ ਰੱਖਣ ਲਈ ਇਸ ਦਾ ਪੁਰਾਤਨ ਸਰੂਪ ਕਾਇਮ ਰੱਖਿਆ ਜਾਵੇ।