ਨਵੀਂ ਦਿੱਲੀ- ਕੇਂਦਰੀ ਵਿਦੇਸ਼ ਮੰਤਰਾਲੇ ਵੱਲੋਂ ਵੀਰਵਾਰ ਨੂੰ ਕੀਤੇ ਐਲਾਨ ਮੁਤਾਬਕ ਯੂਰਪੀਅਨ ਸੰਘ ਦੇ ਦੋ ਸਿਖਰਲੇ ਆਗੂ ਐਂਟੋਨੀਓ ਕੋਸਟਾ ਤੇ ਉਰਸੁਲਾ ਵੌਨ ਡਰ ਲੀਏਨ ਭਾਰਤ ਦੇ 77ਵੇਂ ਗਣਤੰਤਰ ਦਿਵਸ ਮੌਕੇ ਮੁੱਖ ਮਹਿਮਾਨ ਹੋਣਗੇ। ਕੋੋਸਟਾ ਤੇ ਵੌਨ ਡਰ ਲੀਏਨ ਦਾ ਤਿੰਨ ਰੋਜ਼ਾ ਭਾਰਤ ਦੌਰਾ 25 ਜਨਵਰੀ ਤੋਂ ਸ਼ੁਰੂ ਹੋਵੇਗਾ ਤੇ ਉਨ੍ਹਾਂ ਦੀ ਇਸ ਫੇਰੀ ਦੌਰਾਨ ਦੋਵੇਂ ਧਿਰਾਂ ਲੰਮੇ ਸਮੇਂ ਤੋਂ ਉਡੀਕੇ ਜਾ ਰਹੇ ਭਾਰਤ-ਈਯੂ ਵਪਾਰ ਸਮਝੌਤੇ ਬਾਰੇ ਕੋਈ ਐਲਾਨ ਕਰ ਸਕਦੀਆਂ ਹਨ। ਭਾਰਤ ਤੇ ਯੂਰੋਪੀ ਯੂਨੀਅਨ ਸਾਲ 2004 ਤੋਂ ਰਣਨੀਤਕ ਭਾਈਵਾਲ ਹਨ। ਮੰਤਰਾਲੇ ਨੇ ਕਿਹਾ ਕਿ ਪਿਛਲੇ ਸਾਲ ਫਰਵਰੀ ਵਿਚ ਈਯੂ ਕਾਲਜ ਆਫ਼ ਕਮਿਸ਼ਨਰਜ਼ ਦੀ ਇਤਿਹਾਸਕ ਭਾਰਤ ਫੇਰੀ ਮਗਰੋਂ ਭਾਰਤ ਤੇ ਯੂਰਪੀ ਸੰਘ ਦਰਮਿਆਨ ਦੁਵੱਲੇ ਰਿਸ਼ਤੇ ਮਜ਼ਬੂਤ ਤੇ ਵਸੀਹ ਹੋਏ ਹਨ।
ਮੰਤਰਾਲੇ ਵੱਲੋਂ ਜਾਰੀ ਬਿਆਨ ਵਿਚ ਕਿਹਾ ਗਿਆ ਹੈ ਕਿ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸੱਦੇ ’ਤੇ ਯੂਰਪੀਅਨ ਕੌਂਸਲ ਦੇ ਪ੍ਰਧਾਨ ਐਂਟੋਨੀਓ ਲੁਈਸ ਸੈਂਟੋਸ ਡੀ ਕੋਸਟਾ ਅਤੇ ਯੂਰਪੀਅਨ ਕਮਿਸ਼ਨ ਦੇ ਪ੍ਰਧਾਨ ਉਰਸੁਲਾ ਵੌਨ ਡਰ ਲੀਏਨ 25 ਤੋਂ 27 ਜਨਵਰੀ ਤੱਕ ਭਾਰਤ ਦੇ ਸਰਕਾਰੀ ਦੌਰੇ ’ਤੇ ਹੋਣਗੇ। ਵਿਦੇਸ਼ ਮੰਤਰਾਲੇ ਨੇ ਕਿਹਾ ਕਿ ਦੋਵੇਂ ਯੂਰਪੀਅਨ ਆਗੂ 77ਵੇਂ ਗਣਤੰਤਰ ਦਿਵਸ ਸਮਾਗਮ ਵਿੱਚ ਮੁੱਖ ਮਹਿਮਾਨ ਹੋਣਗੇ। ਦੋਵੇਂ ਆਗੂ 27 ਜਨਵਰੀ ਨੂੰ 16ਵੇਂ ਭਾਰਤ-ਈਯੂ ਸੰਮੇਲਨ ਦੀ ਸਹਿ-ਪ੍ਰਧਾਨਗੀ ਵੀ ਕਰਨਗੇ।

