ਪਟਿਆਲਾ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਪਟਿਆਲਾ ਪੁੱਜੇ ਹੋਏ ਹਨ। ਇਸ ਦੌਰਾਨ ਉਨਾਂ ਨੇ ਪਟਿਆਲਾ ਤੋਂ ਫਤਿਹਗੜ੍ਹ ਸਾਹਿਬ ਤੱਕ ਲਈ ਨਵੀਂ ਬਣ ਰਹੀ ਸੜਕ ਦਾ ਨਿਰੀਖਣ ਕੀਤਾ। ਉਨ੍ਹਾਂ ਇੱਥੇ ਬਾਰਨ ਪਿੰਡ ਦੇ ਨੇੜੇ ਬਣੇ ਟਰਾਈ ਸਿਟੀ ਦੇ ਸਾਹਮਣੇ ਇਸ ਸੜਕ ਦਾ ਕੁਝ ਹਿੱਸਾ ਪਟਵਾ ਕੇ ਦੇਖਿਆ। ਇਸ ਤੋਂ ਇਲਾਵਾ ਮੁੱਖ ਮੰਤਰੀ ਨੇ ਪਟਿਆਲਾ ਸਰਹੰਦ ਰੋਡ ਤੋਂ ਰੀਠਖੇੜੀ ਪਿੰਡ ਨੂੰ ਜਾਂਦੀ ਨਵੀਂ ਬਣੀ ਲਿੰਕ ਰੋਡ ਦਾ ਵੀ ਇਸੇ ਤਰ੍ਹਾਂ ਨਿਰੀਖਣ ਕੀਤਾ। ਇਸ ਦੌਰਾਨ ਉਨ੍ਹਾਂ ਨਾਲ ਪਟਿਆਲਾ ਜਿਲ੍ਹੇ ਦੇ ਪ੍ਰਸ਼ਾਸਨਿਕ ਅਧਿਕਾਰੀਆਂ ਸਮੇਤ ਲੋਕ ਨਿਰਮਾਣ ਵਿਭਾਗ ਦੇ ਅਧਿਕਾਰੀ ਵੀ ਮੌਜੂਦ ਰਹੇ।

