ਅੰਮ੍ਰਿਤਸਰ- ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਅੱਜ ਅਕਾਲ ਤਖ਼ਤ ਸਾਹਿਬ ਸਕੱਤਰੇਤ ’ਤੇ ਪੇਸ਼ ਹੋਏ। ਉਨ੍ਹਾਂ ਨੂੰ ਅਕਾਲ ਤਖਤ ਦੇ ਜਥੇਦਾਰ ਨੇ ਸਿੱਖ ਮਾਮਲਿਆਂ ਵਿਚ ਬਿਆਨਬਾਜ਼ੀ ਤੇ ਵੀਡੀਓ ਮਾਮਲੇ ਵਿਚ ਸਪਸ਼ਟੀਕਰਨ ਦੇਣ ਲਈ ਸੱਦਿਆ ਗਿਆ ਸੀ। ਮੁੱਖ ਮੰਤਰੀ ਭਗਵੰਤ ਮਾਨ ਨੇ ਸਕੱਤਰੇਤ ਤੋਂ ਬਾਹਰ ਆਉਣ ਤੋਂ ਬਾਅਦ ਕਿਹਾ ਕਿ ਉਹ ਨਿਮਾਣੇ ਸਿੱਖ ਵਜੋਂ ਅਕਾਲ ਤਖਤ ’ਤੇ ਪੇਸ਼ ਹੋਏ ਤੇ ਉਨ੍ਹਾਂ ਕਦੇ ਵੀ ਅਕਾਲ ਤਖਤ ਨੂੰ ਚੁਣੌਤੀ ਨਹੀਂ ਦਿੱਤੀ। ਮੁੱਖ ਮੰਤਰੀ ਨੇ ਅਕਾਲ ਤਖਤ ਦੇ ਜਥੇਦਾਰ ਨੂੰ ਕਿਹਾ ਕਿ ਇਸ ਮਾਮਲੇ ’ਤੇ ਵਾਇਰਲ ਹੋਈ ਵੀਡੀਓ ਫਰਜ਼ੀ ਹੈ ਜਿਸ ਦੀ ਦੇਸ਼ ਵਿਚ ਕਿਤੋਂ ਵੀ ਜਾਂਚ ਕਰਵਾਈ ਜਾ ਸਕਦੀ ਹੈ। ਉਨ੍ਹਾਂ ਕਿਹਾ ਕਿ ਇਸ ਵੇੇਲੇ ਆਰਟੀਫੀਸ਼ੀਅਲ ਇੰਟੈਲੀਜੈਂਸ ਨਾਲ ਵੀਡੀਓ ਤਿਆਰ ਕੀਤੀਆਂ ਜਾ ਰਹੀਆਂ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਜਥੇਦਾਰ ਨਾਲ ਗੱਲਬਾਤ ਤੋਂ ਬਾਅਦ ਮੀਡੀਆ ਨੂੰ ਸਪਸ਼ਟ ਕੀਤਾ ਹੈ। ਕਿ ਉਨ੍ਹਾਂ ਦੀ ਸਦਭਾਵਨਾ ਵਾਲੇ ਮਾਹੌਲ ਵਿੱਚ ਗੱਲਬਾਤ ਹੋਈ। ਉਨ੍ਹਾਂ ਕੋਲੋਂ ਜੋ ਕੁਝ ਵੀ ਪੁੱਛਿਆ ਗਿਆ ਸੀ ਉਨ੍ਹਾਂ ਉਸ ਬਾਰੇ ਸਪਸ਼ਟ ਕਰ ਦਿੱਤਾ ਹੈ। ਉਨ੍ਹਾਂ ਦੱਸਿਆ ਕਿ ਜਥੇਦਾਰ ਨੂੰ 25 ਤੋਂ 30 ਹਜ਼ਾਰ ਪੰਨਿਆਂ ਵਾਲੀਆਂ ਕੁਝ ਫਾਈਲਾਂ ਦਿੱਤੀਆਂ ਗਈਆਂ ਹਨ ਜਿਨ੍ਹਾਂ ਵਿੱਚ ਕੁਝ ਸ਼ਿਕਾਇਤਾਂ ਵੀ ਹਨ। ਵੀਡੀਓ ਸਬੰਧੀ ਮੁੱਖ ਮੰਤਰੀ ਨੇ ਆਖਿਆ ਕਿ ਇਹ ਜਾਅਲੀ ਵੀਡੀਓ ਹੈ, ਉਹ ਜਿੱਥੇ ਵੀ ਚਾਹੁਣ ਇਸ ਦੀ ਜਾਂਚ ਕਰਵਾ ਸਕਦੇ ਹਨ।
ਮੁੱਖ ਮੰਤਰੀ ਭਗਵੰਤ ਸਿੰਘ ਮਾਨ ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨਾਲ ਗੱਲਬਾਤ ਤੋਂ ਬਾਅਦ ਸਕੱਤਰੇਤ ਤੋਂ ਬਾਹਰ ਆ ਗਏ ਹਨ। ਉਨ੍ਹਾਂ ਲਗਪਗ 45 ਮਿੰਟ ਜਥੇਦਾਰ ਨਾਲ ਗੱਲਬਾਤ ਕੀਤੀ। ਮੁੱਖ ਮੰਤਰੀ 11. 40 ਵਜੇ ਸਕੱਤਰੇਤ ਪੁੱਜੇ ਸਨ ਜਦੋਂ ਕਿ ਜਥੇਦਾਰ ਲਗਪਗ 12 ਵਜੇ ਸਕੱਤਰੇਤ ਪੁੱਜੇ ਸਨ। ਇਸ ਦੌਰਾਨ ਸ੍ਰੀ ਅਕਾਲ ਤਖਤ ਸਕੱਤਰੇਤ ਦੇ ਬਾਹਰ ਵੱਡੀ ਗਿਣਤੀ ਵਿੱਚ ਸੁਰੱਖਿਆ ਫੋਰਸ ਤਾਇਨਾਤ ਕੀਤੀ ਗਈ ਹੈ। ਸ੍ਰੀ ਅਕਾਲ ਤਖਤ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਨੇ ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਦਿੱਤੇ ਗਏ ਸਪਸ਼ਟੀਕਰਨ ’ਤੇ ਤਸੱਲੀ ਦਾ ਪ੍ਰਗਟਾਵਾ ਕੀਤਾ। ਉਨ੍ਹਾਂ ਆਖਿਆ ਕਿ ਮੁੱਖ ਮੰਤਰੀ ਨੇ ਮੰਨਿਆ ਹੈ ਕਿ ਉਨ੍ਹਾਂ ਵਲੋਂ ਸਿੱਖ ਸਿਧਾਂਤਾਂ, ਪਰੰਪਰਾਵਾਂ ਤੇ ਮਰਿਆਦਾ ਬਾਰੇ ਕੀਤੀ ਗਈ ਬਿਆਨਬਾਜ਼ੀ ਠੀਕ ਨਹੀਂ ਸੀ।
ਇਸ ਤੋਂ ਪਹਿਲਾਂ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਨੇ ਦੱਸਿਆ ਸੀ ਕਿ ਮੁੱਖ ਮੰਤਰੀ ਕੁਝ ਦਸਤਾਵੇਜ਼ ਵੀ ਆਪਣੇ ਨਾਲ ਲੈ ਕੇ ਆਏ ਹਨ, ਜੋ ਅਕਾਲ ਤਖਤ ਦੇ ਜਥੇਦਾਰ ਨੂੰ ਪੇਸ਼ ਕਰਨਗੇ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਕੋਲੋਂ ਜੋ ਵੀ ਸਵਾਲ ਪੁੱਛੇ ਜਾਣਗੇ ਉਹ ਉਨ੍ਹਾਂ ਦਾ ਜਵਾਬ ਦੇਣਗੇ। ਮੁੱਖ ਮੰਤਰੀ ਨਿਮਾਣੇ ਸਿੱਖ ਵਜੋਂ ਪੇਸ਼ ਹੋਣ ਲਈ ਪਹੁੰਚੇ ਹਨ। ਮੁੱਖ ਮੰਤਰੀ ਪੇਸ਼ੀ ਤੋਂ ਬਾਅਦ ਸਮੁੱਚੀ ਕਾਰਵਾਈ ਬਾਰੇ ਮੀਡੀਆ ਨੂੰ ਦੱਸਣਗੇ। ਸ੍ਰੀ ਧਾਲੀਵਾਲ ਤੇ ਬਲਤੇਜ ਪੰਨੂ ਨੂੰ ਅੰਦਰ ਜਾਣ ਦੀ ਆਗਿਆ ਨਹੀਂ ਦਿੱਤੀ ਗਈ। ਉਹ ਸਕੱਤਰੇਤ ਦੇ ਬਾਹਰ ਹੀ ਬੈਠੇ ਰਹੇ। ਇਸ ਤੋਂ ਪਹਿਲਾਂ ਸਕੱਤਰੇਤ ਦੇ ਇੱਕ ਅਧਿਕਾਰੀ ਨੇ ਦੱਸਿਆ ਸੀ ਕਿ ਅਕਾਲ ਤਖ਼ਤ ਸਾਹਿਬ ਦੇ ਕਾਰਜਕਾਰੀ ਜਥੇਦਾਰ ਗਿਆਨੀ ਕੁਲਦੀਪ ਸਿੰਘ ਗੜਗੱਜ ਦੇ ਨਿਰਦੇਸ਼ਾਂ ਅਨੁਸਾਰ ਤਿਆਰੀਆਂ ਕੀਤੀਆਂ ਗਈਆਂ ਹਨ। ਸਕੱਤਰੇਤ ਆਮ ਤੌਰ ’ਤੇ ਸਵੇਰੇ 9.30 ਵਜੇ ਖੁੱਲ੍ਹਦਾ ਹੈ। ਜਥੇਦਾਰ ਦੀ ਮੁੱਖ ਮੰਤਰੀ ਨਾਲ ਮੁਲਾਕਾਤ ਲਈ ਵਿਸ਼ੇਸ਼ ਸਟਾਫ਼ ਦੀ ਤਾਇਨਾਤੀ ਸਮੇਤ ਸਾਰੇ ਪ੍ਰਬੰਧ ਕੀਤੇ ਗਏ ਹਨ।
ਇਸ ਤੋਂ ਪਹਿਲਾਂ ਸ੍ਰੀ ਅਕਾਲ ਤਖਤ ਨੇ ਕਿਹਾ ਸੀ ਕਿ ਭਗਵੰਤ ਮਾਨ ਲਈ ਸਮਾਂ ਸਵੇਰ 10 ਵਜੇ ਦੀ ਥਾਂ ਸ਼ਾਮ 4:30 ਵਜੇ ਕੀਤਾ ਗਿਆ ਹੈ ਪਰ ਜਥੇਦਾਰ ਨੂੰ ਸੰਬੋਧਨ ਹੁੰਦਿਆਂ ਭਗਵੰਤ ਮਾਨ ਨੇ ਕਿਹਾ ਸੀ, ‘ਮੇਰਾ 15 ਜਨਵਰੀ ਨੂੰ ਕੋਈ ਹੋਰ ਰੁਝੇਵਾਂ ਨਹੀਂ, ਮੈਂ ਰਾਸ਼ਟਰਪਤੀ ਦੇ ਦਫ਼ਤਰ ਵਿਖੇ ਵੀ ਸੂਚਨਾ ਦੇ ਦਿੱਤੀ ਹੈ। 15 ਜਨਵਰੀ ਦਾ ਦਿਨ ਆਪ ਜੀ ਦੇ ਆਦੇਸ਼ ਮੁਤਾਬਿਕ ਪੂਰੀ ਤਰ੍ਹਾਂ ਸ੍ਰੀ ਅਕਾਲ ਤਖ਼ਤ ਸਾਹਿਬ ਨੂੰ ਸਮਰਪਿਤ ਹੈ। ਸਮਾਂ ਬਦਲਣ ਸਬੰਧੀ ਕੋਈ ਵੀ ਅਧਿਕਾਰਤ ਪੱਤਰ ਜਾਂ ਬਿਆਨ ਮੇਰੇ ਜਾਂ ਦਫ਼ਤਰ ਵੱਲੋਂ ਜਾਰੀ ਨਹੀਂ ਕੀਤਾ ਗਿਆ। ’

