PreetNama
ਖਬਰਾਂ/News

ਮੁੱਖ ਮੰਤਰੀ ਆਤਿਸ਼ੀ ਵੱਲੋਂ ਨਾਮਜ਼ਦਗੀ ਪੱਤਰ ਭਰਨ ਤੋਂ ਪਹਿਲਾਂ ਰੋਡ ਸ਼ੋਅ

ਨਵੀਂ ਦਿੱਲੀ-ਮੁੱਖ ਮੰਤਰੀ ਆਤਿਸ਼ੀ ਨੇ ਅੱਜ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਨਾਮਜ਼ਦਗੀ ਭਰਨ ਤੋਂ ਪਹਿਲਾਂ ਹਲਕੇ ਵਿੱਚ ਰੋਡ ਸ਼ੋਅ ਕੀਤਾ। ਇਸ ਦੌਰਾਨ ਉਨ੍ਹਾਂ ਪਹਿਲਾਂ ਆਮ ਆਦਮੀ ਪਾਰਟੀ ਦੇ ਸੀਨੀਅਰ ਆਗੂ ਮਨੀਸ਼ ਸਿਸੋਦੀਆ ਨਾਲ ਗਿਰੀ ਨਗਰ ਸਥਿਤ ਗੁਰਦੁਆਰਾ ਸ੍ਰੀ ਗੁਰੂ ਗੋਬਿੰਦ ਸਾਹਿਬ ਵਿੱਚ ਮੱਥਾ ਟੇਕਿਆ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਉਨ੍ਹਾਂ ਇਸ ਤੋਂ ਪਹਿਲਾਂ ਬੀਤੇ ਦਿਨ ਮਾਂ ਕਾਲੀ ਨੂੰ ਸਮਰਪਿਤ ਕਾਲਕਾ ਜੀ ਮੰਦਰ ਵਿੱਚ ਪੂਜਾ ਕੀਤੀ ਅਤੇ ਅਸ਼ੀਰਵਾਦ ਪ੍ਰਾਪਤ ਕੀਤਾ। ਇਸ ਦੌਰਾਨ ਉਨ੍ਹਾਂ ਪ੍ਰੈੱਸ ਕਾਨਫਰੰਸ ਵੀ ਕੀਤੀ। ਉਨ੍ਹਾਂ ਆਖਿਆ ਕਿ ਅੱਜ ਆਪਣੀ ਨਾਮਜ਼ਦਗੀ ਭਰਨ ਤੋਂ ਪਹਿਲਾਂ ਉਹ ਕਾਲਕਾ ਜੀ ਮੰਦਰ ਵਿੱਚ ਮਾਂ ਕਾਲੀ ਦਾ ਅਸ਼ੀਰਵਾਦ ਲੈਣ ਆਈ ਹੈ। ਉਨ੍ਹਾਂ ਕਿਹਾ ਕਿ ਉਸ ਦਾ ਮੰਨਣਾ ਹੈ ਕਿ ਮਾਂ ਕਾਲਕਾ ਦਾ ਅਸ਼ੀਰਵਾਦ ਹਮੇਸ਼ਾ ਉਸ, ਆਮ ਆਦਮੀ ਪਾਰਟੀ ਅਤੇ ਕਾਲਕਾ ਜੀ ਵਿਧਾਨ ਸਭਾ ਖੇਤਰ ਦੇ ਵਾਸੀਆਂ ’ਤੇ ਬਣਿਆ ਰਹੇਗਾ। ਆਪਣੇ ਹਲਕੇ ਵਿੱਚ ਕੀਤੇ ਕੰਮਾਂ ਬਾਰੇ ਉਨ੍ਹਾਂ ਆਖਿਆ ਕਿ ਉਸ ਨੇ ਪਿਛਲੇ ਪੰਜ ਸਾਲਾਂ ਵਿੱਚ ਆਪਣੇ ਵਿਧਾਨ ਸਭਾ ਹਲਕੇ ਅਨੇਕਾਂ ਵਿਕਾਸ ਕਾਰਜ ਕਰਵਾਏ ਹਨ। ਕਾਲਕਾ ਜੀ ਦੇ ਵਾਸੀ ਉਸ ਦਾ ਪਰਿਵਾਰ ਹਨ ਅਤੇ ਉਹ ਉਸ ਨੂੰ ਆਪਣੀ ਧੀ ਅਤੇ ਭੈਣ ਦੇ ਰੂਪ ਵਿੱਚ ਦੇਖਦੇ ਹਨ। ਉਹ ਇੱਕ ਆਗੂ ਨਹੀਂ, ਸਗੋਂ ਉਨ੍ਹਾਂ ਦੇ ਜੀਵਨ ਦਾ ਹਿੱਸਾ ਹੈ। ਭਾਰਤੀ ਜਨਤਾ ਪਾਰਟੀ ’ਤੇ ਨਿਸ਼ਾਨਾ ਸੇਧਦਿਆਂ ਉਨ੍ਹਾਂ ਦੋਸ਼ ਲਾਇਆ ਕਿ ਇਹ ਪਾਰਟੀ ਗਰੀਬ ਵਿਰੋਧੀ ਹੈ। ਉਨ੍ਹਾਂ ਕਿਹਾ ਕਿ ਭਾਜਪਾ ‘ਝੁੱਗੀ ਵਿਰੋਧੀ’ ਅਤੇ ‘ਗਰੀਬ ਵਿਰੋਧੀ’ ਪਾਰਟੀ ਹੈ। ਮੁੱਖ ਮੰਤਰੀ ਨੇ ਕਿਹਾ ਕਿ ਆਮ ਆਦਮੀ ਪਾਰਟੀ ਪਛੜੇ ਅਤੇ ਗਰੀਬ ਵਰਗ ਨਾਲ ਖੜ੍ਹੀ ਹੈ।

ਬਿਧੂੜੀ ਤੋਂ ਆਤਿਸ਼ੀ ਨੂੰ ਮਿਲ ਸਕਦੀ ਹੈ ਸਖ਼ਤ ਟੱਕਰ-ਮੁੱਖ ਮੰਤਰੀ ਆਤਿਸ਼ੀ ਨੂੰ ਕਾਲਕਾ ਜੀ ਵਿਧਾਨ ਸਭਾ ਹਲਕੇ ਤੋਂ ਭਾਜਪਾ ਦੇ ਰਮੇਸ਼ ਸਿੰਘ ਬਿਧੂੜੀ ਤੋਂ ਸਖ਼ਤ ਟੱਕਰ ਮਿਲ ਸਕਦੀ ਹੈ। ਉਹ ਇੱਕ ਸੂਝਵਾਨ ਰਾਜਸੀ ਆਗੂ ਹਨ ਅਤੇ ਇਸ ਹਲਕੇ ਤੋਂ ਮੁੱਖ ਵਿਰੋਧੀ ਉਮੀਦਵਾਰਾਂ ਵਿੱਚੋਂ ਇੱਕ ਹਨ। ਦੱਖਣੀ ਦਿੱਲੀ ਦੇ ਸਾਬਕਾ ਲੋਕ ਸਭਾ ਮੈਂਬਰ ਅਤੇ ਤੁਗਲਕਾਬਾਦ ਤੋਂ ਤਿੰਨ ਵਾਰ ਵਿਧਾਇਕ ਰਹੇ ਬਿਧੂੜੀ ਨੂੰ ਉਨ੍ਹਾਂ ਦੇ ਮਜ਼ਬੂਤ ਰਾਜਸੀ ਪਿਛੋਕੜ ਕਰਕੇ ਪਛਾਣਿਆ ਜਾਂਦਾ ਹੈ। ਉਨ੍ਹਾਂ 2003, 2008 ਅਤੇ 2013 ਵਿੱਚ ਚੋਣਾਂ ਜਿੱਤੀਆਂ ਹਨ। ਕਾਂਗਰਸ ਨੇ ਅਲਕਾ ਲਾਂਬਾ ਨੂੰ ਇਸ ਵਿਧਾਨ ਸਭਾ ਹਲਕੇ ਤੋਂ ਉਤਾਰਿਆ ਹੈ। ਉਹ ਕੌਮੀ ਮਹਿਲਾ ਕਾਂਗਰਸ ਦੀ ਪ੍ਰਧਾਨ ਹੈ। ਲਾਂਬਾ 1994 ਤੋਂ 2014 ਤੱਕ ਕਾਂਗਰਸ ਵਿੱਚ ਰਹੀ ਅਤੇ ਮਗਰੋਂ ਆਮ ਆਦਮੀ ਪਾਰਟੀ ਵਿੱਚ ਸ਼ਾਮਲ ਹੋ ਗਈ। ਇਸ ਦੌਰਾਨ ਉਹ 2015 ਵਿੱਚ ਆਮ ਆਦਮੀ ਪਾਰਟੀ ਦੀ ਟਿਕਟ ’ਤੇ ਚਾਂਦਨੀ ਚੌਕ ਤੋਂ ਵਿਧਾਇਕ ਬਣੀ। ਮਗਰੋਂ ਉਹ ਫੇਰ ਕਾਂਗਰਸ ਵਿੱਚ ਸ਼ਾਮਲ ਹੋ ਗਈ।

ਮੁੱਖ ਮੰਤਰੀ ਨਾਮਜ਼ਦਗੀ ਪੱਤਰ ਦਾਖ਼ਲ ਨਾ ਕਰ ਸਕੀ-ਮੁੱਖ ਮੰਤਰੀ ਆਤਿਸ਼ੀ ਅੱਜ ਇੱਥੇ ਕਾਲਕਾ ਜੀ ਵਿਧਾਨ ਸਭਾ ਤੋਂ ਆਪਣੇ ਨਾਮਜ਼ਦਗੀ ਪੱਤਰ ਦਾਖ਼ਲ ਨਹੀਂ ਕਰ ਸਕੀ। ਇਹ ਜਾਣਕਾਰੀ ਆਮ ਆਦਮੀ ਪਾਰਟੀ ਦੇ ਇੱਕ ਆਗੂ ਨੇ ਦਿੱਤੀ। ਰੋਡ ਸ਼ੋਅ ਦੌਰਾਨ ਦੇਰੀ ਹੋਣ ਕਾਰਨ ਉਹ ਨਾਮਜ਼ਦਗੀ ਪੱਤਰ ਦਾਖ਼ਲ ਕਰਨ ਤੋਂ ਬਿਨਾਂ ਹੀ ਤਿੰਨ ਵਜੇ ਅਰਵਿੰਦ ਕੇਜਰੀਵਾਲ ਸਣੇ ‘ਆਪ’ ਆਗੂਆਂ ਨਾਲ ਚੋਣ ਕਮਿਸ਼ਨ ਦੇ ਅਧਿਕਾਰੀਆਂ ਨੂੰ ਮਿਲਣ ਲਈ ਉਨ੍ਹਾਂ ਦੇ ਦਫ਼ਤਰ ਵਿੱਚ ਚਲੇ ਗਈ। ਜ਼ਿਕਰਯੋਗ ਹੈ ਕਿ ਨਾਮਜ਼ਦਗੀ ਪੱਤਰ ਰੋਜ਼ਾਨਾ ਤਿੰਨ ਵਜੇ ਤੱਕ ਦਾਖ਼ਲ ਕੀਤੇ ਜਾਂਦੇ ਹਨ ਪਰ ਮੁੰਖ ਮੰਤਰੀ ਸਮੇਂ ਸਿਰ ਪਹੁੰਚ ਨਾ ਸਕੀ। ਹੁਣ ਮੁੱਖ ਮੰਤਰੀ ਆਤਿਸ਼ੀ 14 ਜਨਵਰੀ ਨੂੰ ਨਾਮਜ਼ਦਗੀ ਪੱਤਰ ਦਾਖ਼ਲ ਕਰੇਗੀ।

Related posts

Good News Delhi : ਸੀਐੱਮ ਅਰਵਿੰਦ ਕੇਜਰੀਵਾਲ ਬੋਲੇ-ਜਾਰੀ ਰਹੇਗੀ ਡੋਰ ਸਟੈੱਪ ਡਲਿਵਰੀ ਆਫ਼ ਪਬਲਿਕ ਸਰਵਿਸਿਜ਼, ਜਾਣੋ ਹੋਰ ਡਿਟੇਲ

On Punjab

ਬੁਮਰਾਹ ਮਹੀਨੇ ਦੇ ਸਰਬੋਤਮ ਕ੍ਰਿਕਟਰ ਪੁਰਸਕਾਰ ਲਈ ਨਾਮਜ਼ਦ

On Punjab

ਸਰਕਾਰ ਵੱਲੋਂ ਦਿੱਤੀਆਂ ਜਾ ਰਹੀਆਂ ਸਹੂਲਤਾਂ ਅਤੇ ਭਲਾਈ ਸਕੀਮਾਂ ਨੂੰ ਬੈਕ ਅਧਿਕਾਰੀ ਹੇਠਲੇ ਪੱਧਰ ਤੱਕ ਲਾਗੂ ਕਰਨਾ ਯਕੀਨੀ ਬਣਾਉਣ

Pritpal Kaur