ਭੋਲਾ ਸਿੰਘ ਸ਼ਮੀਰੀਆ-ਖ਼ੂਬਸੂਰਤ ਵਿਚਾਰ ਖ਼ੂਬਸੂਰਤ ਸ਼ਬਦਾਂ ਨੂੰ ਜਨਮ ਦਿੰਦੇ ਹਨ। ਖ਼ੂਬਸੂਰਤ ਸ਼ਬਦ ਜਦੋਂ ਕਿਸੇ ਫਿਕਰੇ ਦਾ ਸ਼ਿੰਗਾਰ ਬਣਦੇ ਹਨ ਤਾਂ ਉਹ ਫਿਕਰਾ ਵੀ ਆਮ ਤੋਂ ਖ਼ਾਸ ਬਣ ਜਾਂਦਾ ਹੈ। ਅਜਿਹੇ ਫਿਕਰੇ ਜਦੋਂ ਕਾਗਜ਼ ਦੀ ਹਿੱਕ ’ਤੇ ਪੈਰ ਧਰਦੇ ਹਨ ਤਾਂ ਕਾਗਜ਼ ਵੀ ਸ਼ਰਧਾ ਦਾ ਪਾਤਰ ਬਣ ਜਾਂਦਾ ਹੈ। ਜਿਸ ਕਲਾਕਾਰ ਨੂੰ ਇਹ ਸੁਭਾਗ ਪ੍ਰਾਪਤ ਹੁੰਦਾ ਹੈ, ਉਹ ਨਿੱਜ ਨਾਲੋਂ ਟੁੱਟ ਜਾਂਦਾ ਹੈ ਤੇ ਲੋਕ-ਗੀਤਾਂ ਵਾਂਗ ਲੋਕਾਂ ਦਾ ਬਣ ਜਾਂਦਾ ਹੈ। ਇਹ ਮੌਕਾ ਦੀਦਾਰ ਸੰਧੂ ਨੂੰ ਮਿਲਿਆ। ਜਿਉਂ ਹੀ ਲੋਕਾਂ ਨੇ ਦੀਦਾਰ ਦਾ ਦੀਦਾਰ ਪਾਇਆ ਤਾਂ ਦੀਦਾਰ ਨੇ ਪੰਜਾਬੀ ਸੱਭਿਆਚਾਰ ਵਿਚਲੇ ਗੁਆਚੇ ਨਕਸ਼ਾਂ, ਵਲਵਲਿਆਂ, ਸੂਖਮ ਭਾਵਾਂ, ਮੁਹਾਵਰਿਆਂ, ਅਖਾਣਾਂ ਤੇ ਵਿਅੰਗਾਂ ਦਾ ਨਿਵੇਕਲੇ ਢੰਗਾਂ ਨਾਲ ਦੀਦਾਰ ਕਰਵਾਇਆ।
ਦੀਦਾਰ ਸਮਾਜਿਕ ਤੌਰ ’ਤੇ ਪੇਂਡੂ ਸੱਭਿਆਚਾਰ ਨਾਲ ਕਾਫ਼ੀ ਵਾਹ-ਵਾਸਤਾ ਰੱਖਦਾ ਸੀ। ਪਿੰਡ ਦਾ ਸਰਪੰਚ ਹੋਣ ਕਰਕੇ ਉਸ ਕੋਲ ਪੇਂਡੂ ਵਰਤਾਰਿਆਂ ਦਾ ਬਹੁਤ ਅਨੁਭਵ ਸੀ। ਦੀਦਾਰ ਨੇ ਆਪਣੇ ਗੀਤਾਂ ਵਿੱਚ ਕਲਾਮਈ ਢੰਗ ਨਾਲ ਕਹਾਵਤਾਂ, ਅਖਾਉਤਾਂ, ਅਲੰਕਾਰਾਂ ਤੇ ਅਖਾਣਾਂ ਦੀ ਰੱਜ ਕੇ ਵਰਤੋਂ ਕੀਤੀ ਹੈ। ਜੇ ਬਾਬੂ ਸਿੰਘ ਮਾਨ ਦੇ ਗੀਤਾਂ ਵਿੱਚ ਪੰਜਾਬ ਦੇ ਪਿੰਡ ਬੋਲਦੇ ਹਨ ਤਾਂ ਦੀਦਾਰ ਦੇ ਗੀਤਾਂ ਵਿੱਚ ਪੰਜਾਬੀਅਤ ਬੋਲਦੀ ਹੈ। ਦੀਦਾਰ ਸੰਧੂ, ਬਾਬੂ ਸਿੰਘ ਮਾਨ ਦੀ ਗੀਤ-ਸ਼ੈਲੀ ਤੋਂ ਬਹੁਤ ਪ੍ਰਭਾਵਿਤ ਸੀ। ਉਹ ਦੋਵੇਂ ਆਪਸ ਵਿੱਚ ਗੂੜ੍ਹੇ ਦੋਸਤ ਹੀ ਨਹੀਂ ਸਨ ਸਗੋਂ ਉਨ੍ਹਾਂ ਦੋਹਾਂ ਵਿੱਚ ਬਹੁਤ ਕੁਝ ਮਿਲਦਾ-ਜੁਲਦਾ ਸੀ। ਇਨ੍ਹਾਂ ਦੋਹਾਂ ਦਾ ਜਨਮ ਇੱਕੋ ਸਾਲ (1942) ਵਿੱਚ ਹੋਇਆ। ਦੋਹਾਂ ਨੇ ਪਿੰਡ ਦੀ ਸਰਪੰਚੀ ਕੀਤੀ। ਦੋਹਾਂ ਦੀ ਗੀਤਕਾਰੀ ਨੂੰ ਲੋਕਾਂ ਨੇ ਰੱਜ ਕੇ ਮਾਣਿਆ। ਦੋਹਾਂ ਗੀਤਕਾਰਾਂ ਦਾ ਕੋਈ ਵੀ ਗੀਤ ਫਲਾਪ ਨਹੀਂ ਹੋਇਆ। ਦੋਹਾਂ ਗੀਤਕਾਰਾਂ ਦੇ ਗੀਤ ਗਾ ਕੇ ਕੋਈ ਵੀ ਕਲਾਕਾਰ ਨਿਰਾਸ਼ ਨਹੀਂ ਹੋਇਆ। ਦੀਦਾਰ ਦੇ ਗੀਤਾਂ ਦੀ ਸ਼ੈਲੀ ਜ਼ਿਆਦਾ ਕਰਕੇ ਕਬਿੱਤ ਵਰਗੀ ਹੈ। ਇਸ ਨੂੰ ਪੜ੍ਹਨ ਸਮੇਂ ਵਾਰਤਕ ਦਾ ਭੁਲੇਖਾ ਪੈਂਦਾ ਹੈ। ਦੀਦਾਰ ਦੇ ਗੀਤ ਪੜ੍ਹਨ ਸਮੇਂ ਪ੍ਰੋ. ਪੂਰਨ ਸਿੰਘ ਦੀ ਖੁੱਲ੍ਹੀ ਕਵਿਤਾ ਵਰਗੇ ਲੱਗਦੇ ਹਨ, ਪ੍ਰੰਤੂ ਜਦੋਂ ਦੀਦਾਰ ਖ਼ੁਦ ਗਾਉਂਦਾ ਹੈ ਤਾਂ ਗੀਤ ਦੀ ਭਾਵਨਾ ਵਰਗੀ ਤਰਜ਼ ਬਣਾ ਕੇ ਲੋਹੜੇ ਦਾ ਰੂਪ ਚਾੜ੍ਹ ਦਿੰਦਾ ਹੈ।
ਰੰਗ ਵਿੱਚ ਭੰਗ ਪਾਉਣ ਵਾਲੀਆਂ ਬਲਾਵਾਂ
ਤੂੰ ਦੁਪਹਿਰਾ ਕੱਟ ਜਾਣ ਲਈ ਬੁਲਾ ਲਈਆਂ।
ਜੀਹਦੇ ਚੱਟੇ ਹੁੰਦੇ ਕਦੇ ਰੁੱਖ ਵੀ ਨਾ ਹਰੇ
ਉਹਤੋਂ ਹੱਥਾਂ ਦੀਆਂ ਤਲੀਆਂ ਚਟਾ ਲਈਆਂ।
ਉਪਰੋਕਤ ਦੋ ਲਾਈਨਾਂ ਦੇ ਬੰਦ ਵਿੱਚ ‘ਰੰਗ ਵਿੱਚ ਭੰਗ ਪਾਉਣਾ’, ‘ਜਾਂਦੀਏ ਬਲਾਏ ਦੁਪਹਿਰਾ ਕੱਟ ਜਾ’, ‘ਚੱਟੇ ਹੋਏ ਰੁੱਖਾਂ ਦਾ ਹਰੇ ਨਾ ਹੋਣਾ’ ਅਤੇ ‘ਹੱਥਾਂ ਦੀਆਂ ਤਲੀਆਂ ਚਟਾਉਣੀਆਂ’ ਚਾਰ ਅਖਾਣਾਂ ਨੂੰ ਫਿੱਟ ਕਰਨਾ ਕਿਸੇ ਸੁਚੱਜੀ ਗੀਤਕਾਰੀ ਦਾ ਸਬੂਤ ਹੈ। ਉਹ ਮੁਹਾਵਰਿਆਂ ਦੇ ਨਾਲ-ਨਾਲ ਠੋਸ ਦਲੀਲਾਂ ਵਾਲੇ ਸੰਵਾਦ ਵੀ ਬਾਖ਼ੂਬੀ ਨਾਲ ਨਿਭਾਉਂਦਾ ਸੀ। ਉਸ ਦੇ ਗੀਤਾਂ ਵਿੱਚ ਸੁਆਲ ਤੇ ਜੁਆਬ ਵੀ ਤੜਕ-ਭੜਕ ਵਾਲੇ ਹਨ।