PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਸਲੇ ਹੱਲ ਨਾ ਹੋਣ ’ਤੇ ਕਿਸਾਨਾਂ ਨੇ ਮੁਕਤਸਰ ਦਾ ਡੀਸੀ ਦਫਤਰ ਘੇਰਿਆ

ਸ੍ਰੀ ਮੁਕਤਸਰ ਸਾਹਿਬ- ਹੜ੍ਹ ਪੀੜਤਾਂ ਨੂੰ ਕਣਕ ਦਾ ਬੀਜ ਵੰਡ ਕੇ ਪਰਤਦਿਆਂ ਸੜਕ ਹਾਦਸੇ ਦਾ ਸ਼ਿਕਾਰ ਹੋਏ ਕਿਸਾਨ ਦੇ ਪਰਿਵਾਰ ਅਤੇ ਗੰਭੀਰ ਜ਼ਖਮੀ ਕਿਸਾਨ ਦੇ ਇਲਾਜ ਲਈ ਮੁਆਵਜ਼ੇ ਲਈ ਪਿਛਲੇ 14 ਦਿਨਾਂ ਤੋਂ ਇੱਥੋਂ ਦੇ ਡਿਪਟੀ ਕਮਿਸ਼ਨਰ ਦਫਤਰ ਮੂਹਰੇ ਧਰਨੇ ’ਤੇ ਬੈਠੇ ਭਾਰਤੀ ਕਿਸਾਨ ਯੂਨੀਅਨ (ਏਕਤਾ ਉਗਰਾਹਾਂ) ਦੇ ਵੱਡੀ ਗਿਣਤੀ ਕਿਸਾਨਾਂ ਨੇ ਡੀਸੀ ਦਫਤਰ ਦੀ ਮੁੱਖ ਇਮਾਰਤ ਨੂੰ ਘੇਰਦਿਆਂ ਧਰਨਾ ਸ਼ੁਰੂ ਕਰ ਦਿੱਤਾ। ਇਸ ਨਾਲ ਏਡੀਸੀ ਸਣੇ ਕਈ ਅਧਿਕਾਰੀ ਤੇ ਦਰਜਨਾਂ ਕਰਮਚਾਰੀ ਵੀ ਇਮਾਰਤ ਦੇ ਅੰਦਰ ਹੀ ਬੰਦ ਹੋ ਕੇ ਰਹਿ ਗਏ। ਇਮਾਰਤ ਵਿੱਚ ਦਾਖਲੇ ਵਾਲੇ ਤਿੰਨੇ ਗੇਟਾਂ ਨੂੰ ਸੈਂਕੜੇ ਕਿਸਾਨ ਮਰਦ-ਔਰਤਾਂ ਨੇ ਬੰਦ ਕਰ ਦਿੱਤਾ। ਕਿਸਾਨਾਂ ਨੇ ਅਫਸਰਾਂ ਦੀ ਕਾਰ ਪਾਰਕਿੰਗ ਵਾਲੀ ਥਾਂ ਅਤੇ ਮੈਟਲ ਡਿਟੈਕਟਰ ਨੂੰ ਵੀ ਠੱਪ ਕਰ ਦਿੱਤਾ। ਸਾਰਾ ਦਿਨ ਰੋਟੀ ਅਤੇ ਚਾਹ-ਪਾਣੀ ਵੀ ਉਥੇ ਹੀ ਵਰਤਾਇਆ ਜਾਂਦਾ ਰਿਹਾ। ਰੋਸ ਪ੍ਰਗਟਾ ਰਹੇ ਕਿਸਾਨਾਂ ਦੇ ਨਾਲ ਵੱਡੀ ਗਿਣਤੀ ਖੇਤ ਮਜ਼ਦੂਰਾਂ ਦੀ ਵੀ ਸੀ। ਦੱਸਣਯੋਗ ਹੈ ਕਿ ਜਥੇਬੰਦੀ ਦੇ ਇਸ ਕਦਮ ਤੋਂ ਪੁਲੀਸ ਪ੍ਰਸ਼ਾਸਨ ਹੱਕਾ-ਬੱਕਾ ਰਹਿ ਗਿਆ। ਰੋਸ ਧਰਨੇ ਤੇ ਵੱਡੇ ਇਕੱਠ ਤੋਂ ਤੁਰੰਤ ਹਰਕਤ ਵਿੱਚ ਆਏ ਪੁਲੀਸ ਪ੍ਰਸ਼ਾਸਨ ਵੱਲੋਂ ਜਥੇਬੰਦੀ ਦੇ ਆਗੂਆਂ ਦੀ ਏਡੀਸੀ ਨਾਲ ਕਰਵਾਈ ਮੀਟਿੰਗ ਵੀ ਬੇਸਿੱਟਾ ਰਹੀ। ਦੇਰ ਸ਼ਾਮ ਦਫਤਰ ਦੇ ਕਰਮਚਾਰੀਆਂ ਨੂੰ ਘਰ ਜਾਣ ਵਾਸਤੇ ਇਕ ਗੇਟ ਖੋਲ੍ਹ ਦਿੱਤਾ ਗਿਆ।

ਇਸ ਰੋਸ ਧਰਨੇ ਵਿੱਚ ਮਾਲਵੇ ਦੇ ਛੇ ਜ਼ਿਲ੍ਹਿਆਂ ਮੁਕਤਸਰ, ਮੋਗਾ, ਬਠਿੰਡਾ, ਮਾਨਸਾ, ਫਾਜ਼ਿਲਕਾ ਅਤੇ ਫਰੀਦਕੋਟ ਤੋਂ ਪਹੁੰਚੇ ਹਜ਼ਾਰਾਂ ਕਿਸਾਨਾਂ ਨੂੰ ਸੰਬੋਧਨ ਕਰਦਿਆਂ ਬੀਕੇਯੂ ਉਗਰਾਹਾਂ ਦੇ ਸੂਬਾ ਸਕੱਤਰ ਸ਼ਿੰਗਾਰਾ ਸਿੰਘ ਮਾਨ ਨੇ ਆਖਿਆ ਕਿ ਲੋਕ ਹਿੱਤ ਵਿੱਚ ਆਪਣੀ ਜਾਨ ਗੁਆਉਣ ਵਾਲੇ ਕਿਸਾਨ ਆਗੂ ਹਰਜੀਤ ਸਿੰਘ ਕੋਟਕਪੂਰਾ ਦੇ ਪਰਿਵਾਰ ਤੇ ਗੰਭੀਰ ਜ਼ਖਮੀ ਗੁਰਪਾਲ ਸਿੰਘ ਨੰਗਲ ਲਈ ਮੁਆਵਜ਼ੇ ਦੀਆਂ ਜਾਇਜ਼ ਤੇ ਹੱਕੀ ਮੰਗਾਂ ਮੰਨਣ ਦੀ ਬਜਾਏ ਸਰਕਾਰ ਪਿਛਲੇ 14 ਦਿਨਾਂ ਤੋਂ ਮੂਕ ਦਰਸ਼ਕ ਬਣੀ ਬੈਠੀ ਹੈ। ਹਾਲਾਂ ਕਿ ਜਥੇਬੰਦੀ ਨੇ ਮੁਆਵਜ਼ੇ ਦੀਆਂ ਇਹ ਮੰਗਾਂ ਪਹਿਲਾਂ ਅਨੇਕਾਂ ਵਾਰ ਸਰਕਾਰ ਤੋਂ ਲਾਗੂ ਕਰਵਾਈਆਂ ਹਨ। ਉਨ੍ਹਾਂ ਕਿਹਾ ਕਿ ਸਰਕਾਰ ਕਿਸਾਨਾਂ-ਮਜ਼ਦੂਰਾਂ ਦੇ ਨਾਲ-ਨਾਲ ਹੋਰਨਾਂ ਵਰਗਾਂ ਦੇ ਮੁਲਾਜ਼ਮਾਂ ਤੇ ਹੱਕ ਮੰਗਦੇ ਲੋਕਾਂ ਨੂੰ ਲਾਠੀ ਗੋਲੀ ਨਾਲ ਦਬਾਉਣ ਦਾ ਭਰਮ ਪਾਲ ਰਹੀ ਹੈ ਪਰ ਜਥੇਬੰਦੀ ਮੰਗਾਂ ਪੂਰੀਆਂ ਕਰਾਏ ਤੋਂ ਬਿਨਾਂ ਇਹ ਧਰਨਾ ਨਹੀਂ ਚੁੱਕੇਗੀ।

Related posts

ਸੁਪਰੀਮ ਕੋਰਟ ਵੱਲੋਂ ਮਹਿਲਾ ਕੇਂਦਰਿਤ ਕਾਨੂੰਨਾਂ ਦੀ ਗਲਤ ਵਰਤੋਂ ਦਾ ਦੋਸ਼ ਲਾਉਣ ਵਾਲੀ ਪਟੀਸ਼ਨ ਖਾਰਜ

On Punjab

PM Modi Shares Story of a Girl: ਆਧਾਰ ਕਾਰਡ ਨੇ ਅਨਾਥ ਆਸ਼ਰਮ ‘ਚ ਰਹਿ ਰਹੀ ਇਕ ਲੜਕੀ ਨੂੰ ਪਰਿਵਾਰ ਨਾਲ ਮਿਲਾਇਆ

On Punjab

ਪ੍ਰਧਾਨ ਮੰਤਰੀ ਮੋਦੀ ਫਿਰ ਲਾਉਣਗੇ ਪੰਜਾਬ ਦੀ ਗੇੜੀ, ਫਿਰੋਜ਼ਪੁਰ ‘ਚ ਕਰਨਗੇ ਪ੍ਰੋਗਰਾਮ

On Punjab