PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਮਨੀ ਲਾਂਡਰਿੰਗ: ਰੌਬਰਟ ਵਾਡਰਾ ਲਗਾਤਾਰ ਦੂਜੇ ਦਿਨ ਈਡੀ ਅੱਗੇ ਪੇਸ਼

ਨਵੀਂ ਦਿੱਲੀ- ਲੋਕ ਸਭਾ ਵਿਚ ਵਿਰੋਧੀ ਧਿਰ ਦੇ ਆਗੂ ਰਾਹੁਲ ਗਾਂਧੀ ਦੇ ਨਜ਼ਦੀਕੀ ਰਿਸ਼ਤੇਦਾਰ ਤੇ ਕਾਰੋਬਾਰੀ ਰੌਬਰਟ ਵਾਡਰਾ ਜ਼ਮੀਨ ਦੀ ਖਰੀਦ ਨਾਲ ਜੁੜੇ ਮਨੀ ਲਾਂਡਰਿੰਗ ਕੇਸ ਦੀ ਜਾਂਚ ਨੂੰ ਲੈ ਕੇ ਅੱਜ ਲਗਾਤਾਰ ਦੂਜੇ ਦਿਨ ਐੱਨਫੋਰਸਮੈਂਟ ਡਾਇਰੈਕਟੋਰੇਟ ਅੱਗੇ ਪੇਸ਼ ਹੋਏ।

ਇਸ ਮੌਕੇ ਉਨ੍ਹਾਂ ਦੀ ਪਤਨੀ ਤੇ ਕੇਰਲਾ ਦੇ ਵਾਇਨਾਡ ਤੋਂ ਸੰਸਦ ਮੈਂਬਰ ਪ੍ਰਿਯੰਕਾ ਗਾਂਧੀ ਵਾਡਰਾ ਵੀ ਉਨ੍ਹਾਂ ਨਾਲ ਮੌਜੂਦ ਸੀ। ਵਾਡਰਾ ਹਾਲਾਂਕਿ ਇਕੱਲੇ ਹੀ ਈਡੀ ਦਫ਼ਤਰ ਦੇ ਅੰਦਰ ਗਏ।ਇਸ ਤੋਂ ਪਹਿਲਾਂ ਮੰਗਲਵਾਰ ਨੂੰ ਵਾਡਰਾ ਕੋਲੋਂ ਪੰਜ ਘੰਟੇ ਦੇ ਕਰੀਬ ਪੁੱਛ ਪੜਤਾਲ ਕੀਤੀ ਗਈ ਸੀ। ਅਧਿਕਾਰਤ ਸੂਤਰਾਂ ਮੁਤਾਬਕ ਸੰਘੀ ਜਾਂਚ ਏਜੰਸੀ ਨੇ ਕਾਲੇ ਧਨ ਨੂੰ ਸਫ਼ੇਦ ਬਣਾਉਣ ਤੋਂ ਰੋਕਣ ਸਬੰਧੀ ਐਕਟ (ਪੀਐੱਮਐੱਲਏ) ਤਹਿਤ ਵਾਡਰਾ ਦੇ ਬਿਆਨ ਕਲਮਬੰਦ ਕੀਤੇ।

ਸੂਤਰਾਂ ਨੇ ਕਿਹਾ ਕਿ ਪੁੱਛ ਪੜਤਾਲ ਦਾ ਅਮਲ ਬੁੱਧਵਾਰ ਨੂੰ ਵੀ ਜਾਰੀ ਰਹੇਗਾ। ਵਾਡਰਾ ਨੇ ਹਾਲਾਂਕਿ ਈਡੀ ਦੀ ਕਾਰਵਾਈ ਨੂੰ ‘ਸਿਆਸੀ ਬਦਲਾਖੋਰੀ’ ਕਰਾਰ ਦਿੱਤਾ ਸੀ।

ਇਹ ਮਾਮਲਾ ਫਰਵਰੀ 2008 ਵਿੱਚ ਵਾਡਰਾ ਦੀ ਕੰਪਨੀ ਵੱਲੋਂ ਓਮਕਾਰੇਸ਼ਵਰ ਪ੍ਰਾਪਰਟੀਜ਼ ਤੋਂ ਗੁੜਗਾਓਂ ਦੇ ਸ਼ਿਕੋਹਪੁਰ ਵਿੱਚ 3.5 ਏਕੜ ਦੇ ਪਲਾਟ ਨੂੰ 7.5 ਕਰੋੜ ਰੁਪਏ ਵਿੱਚ ਖਰੀਦਣ ਨਾਲ ਸਬੰਧਤ ਹੈ।

ਦੋਸ਼ ਹੈ ਕਿ ਵਾਡਰਾ ਦੀ ਕੰਪਨੀ ਨੇ ਬਾਅਦ ਵਿੱਚ ਜ਼ਮੀਨ ਦੇ ਟੁਕੜੇ ਨੂੰ ਰੀਅਲ ਅਸਟੇਟ ਦਿੱਗਜ ਡੀਐਲਐਫ ਨੂੰ 58 ਕਰੋੜ ਰੁਪਏ ਵਿੱਚ ਵੇਚ ਦਿੱਤਾ। ਇਸ ਦੌਰਾਨ, ਵਾਡਰਾ ਨੇ ਈਡੀ ਵੱਲੋਂ ਜਾਰੀ ਸੰਮਨਾਂ ਨੂੰ ਭਾਜਪਾ ਵੱਲੋਂ ਜਾਂਚ ਏਜੰਸੀਆਂ ਦੀ ਦੁਰਵਰਤੋਂ ਦੱਸਿਆ ਹੈ।

ਵਾਡਰਾ ਨੇ ਲੰਘੇ ਦਿਨ ਕਿਹਾ ਸੀ, ‘‘ਜਦੋਂ ਵੀ ਮੈਂ ਲੋਕਾਂ ਲਈ ਬੋਲਾਂਗਾ ਅਤੇ ਉਨ੍ਹਾਂ ਨੂੰ ਸੁਣਾਵਾਂਗਾ, ਉਹ ਮੈਨੂੰ ਦਬਾਉਣ ਦੀ ਕੋਸ਼ਿਸ਼ ਕਰਨਗੇ… ਮੈਂ ਹਮੇਸ਼ਾ ਸਾਰੇ ਜਵਾਬ ਦਿੱਤੇ ਹਨ ਅਤੇ ਅਜਿਹਾ ਕਰਦੇ ਰਹਾਂਗੇ… ਭਾਜਪਾ ਜਾਂਚ ਏਜੰਸੀਆਂ ਦੀ ਦੁਰਵਰਤੋਂ ਕਰ ਰਹੀ ਹੈ… ਪਿਛਲੇ 20 ਸਾਲਾਂ ਵਿੱਚ ਕੁਝ ਵੀ ਨਹੀਂ ਮਿਲਿਆ ਹੈ। ਅਸੀਂ ਹਰ ਚੀਜ਼ ਲਈ ਤਿਆਰ ਹਾਂ।’’

ਹਰਿਆਣਾ ਦੇ ਸਾਬਕਾ ਮੁੱਖ ਮੰਤਰੀ ਭੁਪਿੰਦਰ ਸਿੰਘ ਹੁੱਡਾ ਵੀ ਇਸ ਕੇਸ ਵਿਚ ਮੁਲਜ਼ਮ ਵਜੋਂ ਨਾਮਜ਼ਦ ਹਨ। ਜ਼ਮੀਨ ਦੇ ਖਰੀਦ ਸੌਦੇ ਮੌਕੇ ਭੁਪਿੰਦਰ ਸਿੰਘ ਹੁੱਡਾ ਹਰਿਆਣਾ ਦੇ ਮੁੱਖ ਮੰਤਰੀ ਸਨ।

Related posts

ਖੁਦ ਨੂੰ ਛਾਣ-ਬੀਨ ਤੋਂ ‘ਬਚਾਉਣ’ ਦੀ ਕੋਸ਼ਿਸ਼ ’ਚ NDA ਸਰਕਾਰ: ਰਾਹੁਲ ਗਾਂਧੀ

On Punjab

ਬਾਇਡਨ ਦੀ ਚਿਤਾਵਨੀ ਤੋਂ ਬਾਅਦ ਅਮਰੀਕੀ ਨਾਗਰਿਕਾਂ ਲਈ ਐਡਵਾਇਜ਼ਰੀ, ਕਾਬੁਲ ਏਅਰਪੋਰਟ ਜਲਦੀ ਛੱਡਣ ਦੇ ਹੁਕਮ

On Punjab

ਇਨ੍ਹਾਂ ਦੇਸ਼ਾਂ ‘ਚ 25 ਰੁਪਏ ਪ੍ਰਤੀ ਲੀਟਰ ਤੋਂ ਵੀ ਸਸਤਾ ਪੈਟਰੋਲ

On Punjab