ਹਰਿਆਣਾ- ਹਰਿਆਣਾ ਦੇ ਹਿਸਾਰ ਜ਼ਿਲ੍ਹੇ ਵਿੱਚ ਸੋਮਵਾਰ ਤੜਕੇ ਇੱਕ ਦਰਦਨਾਕ ਸੜਕ ਹਾਦਸੇ ਵਿੱਚ ਚਾਰ ਨੌਜਵਾਨਾਂ ਦੀ ਮੌਤ ਹੋ ਗਈ ਜੋ ਆਪਸ ਵਿਚ ਦੋਸਤ ਸਨ। ਹਾਦਸਾ ਅਗਰੋਹਾ ਦੇ ਨੰਗਥਲਾ ਪਿੰਡ ਨੇੜੇ ਵਾਪਰਿਆ, ਜਿੱਥੇ ਇੱਕ ਕਰੇਟਾ ਕਾਰ ਅਤੇ ਖਾਦ ਨਾਲ ਭਰੇ ਟਰੱਕ ਦੀ ਆਹਮੋ-ਸਾਹਮਣੇ ਟੱਕਰ ਹੋ ਗਈ। ਟੱਕਰ ਇੰਨੀ ਜ਼ਬਰਦਸਤ ਸੀ ਕਿ ਕਾਰ ਵਿੱਚ ਸਵਾਰ ਚਾਰੇ ਨੌਜਵਾਨਾਂ ਦੀ ਮੌਕੇ ‘ਤੇ ਹੀ ਮੌਤ ਹੋ ਗਈ।
ਮੀਡੀਆ ਰਿਪੋਰਟਾਂ ਅਨੁਸਾਰ, ਕਾਰ ਹਿਸਾਰ ਦੇ ਬਰਵਾਲਾ ਤੋਂ ਅਗਰੋਹਾ ਜਾ ਰਹੀ ਸੀ, ਜਦੋਂ ਕਿ ਟਰੱਕ ਖਾਦ ਲੈ ਕੇ ਅਗਰੋਹਾ ਤੋਂ ਬਰਵਾਲਾ ਆ ਰਿਹਾ ਸੀ। ਤੜਕੇ ਕਰੀਬ 2 ਵਜੇ ਨੰਗਥਲਾ ਬੱਸ ਸਟੈਂਡ ਨੇੜੇ ਦੋਵੇਂ ਵਾਹਨ ਆਹਮੋ-ਸਾਹਮਣੇ ਟਕਰਾ ਗਏ। ਮ੍ਰਿਤਕਾਂ ਦੀ ਪਛਾਣ ਰਾਮਮੇਹਰ, ਰਵਿੰਦਰ, ਪ੍ਰਵੀਨ ਵਾਸੀ ਕਿਰੋਡੀ ਅਤੇ ਰਾਜਲੀ ਵਾਸੀ ਰਾਜੂ ਵਜੋਂ ਹੋਈ ਹੈ।
ਦੱਸਿਆ ਜਾ ਰਿਹਾ ਹੈ ਕਿ ਰਾਜੂ ਤੀਆਂ ਦੇ ਤਿਉਹਾਰ ਦੇ ਮੱਦੇਨਜ਼ਰ ਆਪਣੀ ਭੈਣ ਨੂੰ ‘ਤੀਆਂ ਦਾ ਸੰਧਾਰਾ’ ਦੇ ਕੇ ਵਾਪਸ ਆ ਰਿਹਾ ਸੀ। ਉਸ ਦੇ ਨਾਲ ਉਸ ਦੇ ਤਿੰਨ ਦੋਸਤ ਸਨ ਪਰ ਉਨ੍ਹਾਂ ਦੀ ਵਾਪਸੀ ਦੌਰਾਨ ਇਹ ਭਿਆਨਕ ਘਟਨਾ ਵਾਪਰ ਗਈ। ਹਾਦਸੇ ਦੀ ਸੂਚਨਾ ਮਿਲਣ ਤੋਂ ਬਾਅਦ ਪੁਲੀਸ ਮੌਕੇ ‘ਤੇ ਪਹੁੰਚੀ ਅਤੇ ਲਾਸ਼ਾਂ ਨੂੰ ਅਗਰੋਹਾ ਮੈਡੀਕਲ ਕਾਲਜ ਭੇਜ ਦਿੱਤਾ ਗਿਆ। ਪਰਿਵਾਰ ਦੇ ਮੈਂਬਰ ਬੁਰੀ ਹਾਲਤ ਵਿੱਚ ਰੋ-ਪਿੱਟ ਰਹੇ ਸਨ। ਪੁਲੀਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ ਅਤੇ ਹਾਦਸੇ ਦੇ ਕਾਰਨਾਂ ਦਾ ਪਤਾ ਲਾਇਆ ਜਾ ਰਿਹਾ ਹੈ।

