ਬਰਤਾਨੀਆ- ਭਾਰਤ ਅਤੇ ਬਰਤਾਨੀਆ ਨੇ ਵੀਰਵਾਰ ਨੂੰ ਇੱਕ ਇਤਿਹਾਸਕ ਮੁਕਤ ਵਪਾਰ ਸਮਝੌਤੇ (FTA) ’ਤੇ ਦਸਤਖ਼ਤ ਕੀਤੇ ਹਨ, ਜਿਸ ਨਾਲ ਬਾਜ਼ਾਰ ਤੱਕ ਪਹੁੰਚ ਵਿੱਚ ਕਾਫ਼ੀ ਸੁਧਾਰ ਹੋਵੇਗਾ ਅਤੇ ਸਾਲਾਨਾ ਲਗਭਗ 34 ਬਿਲੀਅਨ ਡਾਲਰ ਦਾ ਦੁਵੱਲਾ ਵਪਾਰ ਵਧੇਗਾ। ਇਸ ਸੌਦੇ ਨੂੰ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਅਤੇ ਉਨ੍ਹਾਂ ਦੇ ਬਰਤਾਨਵੀ ਹਮਰੁਤਬਾ ਕੀਰ ਸਟਾਰਮਰ ਦੀ ਮੌਜੂਦਗੀ ਵਿੱਚ ਰਸਮੀ ਰੂਪ ਦਿੱਤਾ ਗਿਆ।
ਅਧਿਕਾਰੀਆਂ ਅਨੁਸਾਰ FTA ਨਾਲ 99 ਫੀਸਦੀ ਭਾਰਤੀ ਬਰਾਮਦਾਂ ਨੂੰ ਟੈਕਸ ਤੋਂ ਲਾਭ ਮਿਲਣ ਦੀ ਉਮੀਦ ਹੈ ਅਤੇ ਇਸ ਨਾਲ ਬ੍ਰਿਟਿਸ਼ ਫਰਮਾਂ ਲਈ ਭਾਰਤ ਨੂੰ ਵਿਸਕੀ, ਕਾਰਾਂ ਅਤੇ ਹੋਰ ਉਤਪਾਦਾਂ ਦੀ ਬਰਾਮਦ ਕਰਨਾ ਆਸਾਨ ਹੋ ਜਾਵੇਗਾ, ਨਾਲ ਹੀ ਸਮੁੱਚੇ ਵਪਾਰਕ ਬਾਸਕੇਟ ਨੂੰ ਵੀ ਹੁਲਾਰਾ ਮਿਲੇਗਾ।
ਉਨ੍ਹਾਂ ਕਿਹਾ ਕਿ ਤਿੰਨ ਸਾਲਾਂ ਦੀ ਗੱਲਬਾਤ ਤੋਂ ਬਾਅਦ ਪੱਕੇ ਕੀਤੇ ਗਏ ਇਸ ਵਪਾਰਕ ਸੌਦੇ ਨਾਲ ਸਾਰੇ ਖੇਤਰਾਂ ਵਿੱਚ ਭਾਰਤੀ ਵਸਤੂਆਂ ਲਈ ਵਿਆਪਕ ਬਾਜ਼ਾਰ ਪਹੁੰਚ ਯਕੀਨੀ ਬਣਾਏ ਜਾਣ ਦੀ ਉਮੀਦ ਹੈ ਅਤੇ ਭਾਰਤ ਨੂੰ ਲਗਭਗ 99 ਫੀਸਦੀ ਟੈਕਸ ਲਾਈਨਾਂ (ਉਤਪਾਦ ਸ਼੍ਰੇਣੀਆਂ) ’ਤੇ ਟੈਕਸ ਖ਼ਤਮ ਹੋਣ ਨਾਲ ਲਾਭ ਮਿਲੇਗਾ, ਜੋ ਲਗਭਗ 100 ਫੀਸਦੀ ਵਪਾਰਕ ਮੁੱਲਾਂ ਨੂੰ ਕਵਰ ਕਰਦਾ ਹੈ।

