ਭੁਪਾਲ-ਰਾਸ਼ਟਰੀ ਸਵੈਮ ਸੇਵਕ ਸੰਘ (ਆਰਐੱਸਐੱਸ) ਦੇ ਮੁਖੀ ਮੋਹਨ ਭਾਗਵਤ ਨੇ ਅੱਜ ਕਿਹਾ ਕਿ ਭਾਰਤ ਹੀ ਇੱਕੋ ਇੱਕ ਧਰੂ ਤਾਰਾ ਹੈ, ਜੋ ਦੁਨੀਆ ਵਿੱਚ ਹੋ ਰਹੀਆਂ ਸਮਾਜਿਕ, ਸੱਭਿਆਚਾਰਕ ਅਤੇ ਵਿਚਾਰਧਾਰਕ ਤਬਦੀਲੀਆਂ ਨੂੰ ਸਹੀ ਦਿਸ਼ਾ ਦੇ ਸਕਦਾ ਹੈ। ਉਨ੍ਹਾਂ ਅਜਿਹਾ ਸਮਾਜ ਸਿਰਜਣ ਦਾ ਸੱਦਾ ਵੀ ਦਿੱਤਾ, ਜੋ ਸਿਰਫ਼ ਆਰਥਿਕ ਤਰੱਕੀ ਤੱਕ ਹੀ ਸੀਮਤ ਨਾ ਹੋਵੇ, ਸਗੋਂ ਮਨੁੱਖਤਾ, ਦਇਆ ਅਤੇ ਸਚਾਈ ਵਰਗੇ ਬੁਨਿਆਦੀ ਸਿਧਾਂਤਾਂ ’ਤੇ ਵੀ ਆਧਾਰਿਤ ਹੋਵੇ। ਭਾਗਵਤ ਇੱਥੇ ਸ਼ਾਰਦਾ ਵਿਹਾਰ ਦੇ ਸਰਸਵਤੀ ਵਿਦਿਆ ਮੰਦਿਰ ਰਿਹਾਇਸ਼ੀ ਸਕੂਲ ਵਿੱਚ ਆਰਐੱਸਐੱਸ ਦੇ ਵਿਦਿਅਕ ਵਿੰਗ ‘ਵਿਦਿਆ ਭਾਰਤੀ ਸ਼ਿਕਸ਼ਾ ਸੰਸਥਾਨ’ ਦੇ ਕਰਮਚਾਰੀਆਂ ਦੀ ਪੰਜ ਰੋਜ਼ਾ ਸਿਖਲਾਈ ਸੈਸ਼ਨ ਦੇ ਉਦਘਾਟਨੀ ਸਮਾਗਮ ਨੂੰ ਸੰਬੋਧਨ ਕਰ ਰਹੇ ਸਨ। ਭਾਗਵਤ ਨੇ ਕਿਹਾ, ‘ਦੁਨੀਆ ਵਿੱਚ ਹੋ ਰਹੀ ਸਮਾਜਿਕ, ਸੱਭਿਆਚਾਰਕ ਅਤੇ ਵਿਚਾਰਧਾਰਕ ਤਬਦੀਲੀ ਨੂੰ ਭਾਰਤ ਦੀ ਸਦੀਵੀ ਪਰੰਪਰਾ ਦੀ ਰੋਸ਼ਨੀ ਵਿੱਚ ਦਿਸ਼ਾ ਦੇਣ ਦੀ ਲੋੜ ਹੈ ਅਤੇ ਅੱਜ ਜਦੋਂ ਦੁਨੀਆ ਵਿੱਚ ਕਈ ਤਰ੍ਹਾਂ ਦੇ ਵਿਗਾੜ ਪੈਦਾ ਹੋ ਰਹੇ ਹਨ ਤਾਂ ਭਾਰਤ ਹੀ ਇੱਕੋ ਇੱਕ ਧਰੂ ਤਾਰਾ ਹੈ, ਜੋ ਸਹੀ ਦਿਸ਼ਾ ਦੇ ਸਕਦਾ ਹੈ।’
ਉਨ੍ਹਾਂ ਕਿਹਾ, ‘ਇਸ ਲਈ ਸਮਾਜ ਅਤੇ ਰਾਸ਼ਟਰ ਦੇ ਸਰਵਪੱਖੀ ਵਿਕਾਸ ਲਈ ਭਾਰਤੀ ਪਰੰਪਰਾਵਾਂ ਦੇ ਆਧਾਰ ’ਤੇ ਸਿੱਖਿਆ, ਸੱਭਿਆਚਾਰ ਅਤੇ ਨੀਤੀ ਨਿਰਮਾਣ ਨੂੰ ਉਤਸ਼ਾਹਿਤ ਕਰਨਾ ਜ਼ਰੂਰੀ ਹੈ।’ ਭਾਗਵਤ ਨੇ ਸਮਾਜ ਵਿੱਚ ਨੈਤਿਕ ਅਤੇ ਸੱਭਿਆਚਾਰਕ ਕਦਰਾਂ-ਕੀਮਤਾਂ ਬਹਾਲ ਕਰਨ ਦੀ ਲੋੜ ’ਤੇ ਵੀ ਜ਼ੋਰ ਦਿੱਤਾ। ਉਨ੍ਹਾਂ ਕਿਹਾ, ‘ਸਾਨੂੰ ਖੁਦ ਨੂੰ ਸਿਰਫ਼ ਆਰਥਿਕ ਤਰੱਕੀ ਤੱਕ ਹੀ ਸੀਮਤ ਨਹੀਂ ਰੱਖਣਾ ਚਾਹੀਦਾ, ਸਗੋਂ ਮਨੁੱਖਤਾ ਅਤੇ ਸੱਚਾਈ ਵਰਗੇਬੁਨਿਆਦੀ ਸਿਧਾਂਤਾਂ ’ਤੇ ਆਧਾਰਤ ਸਮਾਜ ਦਾ ਨਿਰਮਾਣ ਕਰਨਾ ਚਾਹੀਦਾ ਹੈ।’