62.67 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਭਾਰਤ-ਚੀਨ ਵਿਚਾਲੇ ਮਤਭੇਦ ਵਿਵਾਦ ਨਾ ਬਣਨ: ਜੈਸ਼ੰਕਰ

ਭਾਰਤ- ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨੇ ਅੱਜ ਆਪਣੇ ਚੀਨੀ ਹਮਰੁਤਬਾ ਵਾਂਗ ਯੀ ਨਾਲ ਗੱਲਬਾਤ ਦੌਰਾਨ ਕਿਹਾ ਕਿ ਭਾਰਤ-ਚੀਨ ਸਬੰਧਾਂ ਨੂੰ ਆਪਸੀ ਸਨਮਾਨ, ਆਪਸੀ ਸੰਵੇਦਨਸ਼ੀਲਤਾ ਅਤੇ ਆਪਸੀ ਹਿੱਤ ਦੇ ਸਿਧਾਂਤ ਨਾਲ ਨਿਰਦੇਸ਼ਿਤ ਹੋਣਾ ਚਾਹੀਦਾ ਹੈ। ਚੀਨੀ ਵਿਦੇਸ਼ ਮੰਤਰੀ ਦੇ ਦੋ ਰੋਜ਼ਾ ਦੌਰੇ ’ਤੇ ਦਿੱਲੀ ਪਹੁੰਚਣ ਤੋਂ ਤੁਰੰਤ ਬਾਅਦ ਜੈਸ਼ੰਕਰ ਨੇ ਵਾਂਗ ਨਾਲ ਗੱਲਬਾਤ ਕੀਤੀ। ਮੀਟਿੰਗ ਵਿੱਚ ਆਪਣੀ ਸ਼ੁਰੂਆਤੀ ਟਿੱਪਣੀ ਵਿੱਚ ਵਿਦੇਸ਼ ਮੰਤਰੀ ਨੇ ਇਹ ਜ਼ਿਕਰ ਵੀ ਕੀਤਾ ਕਿ ਦੋਵੇਂ ਦੇਸ਼ਾਂ ਦਰਮਿਆਨ ਮਤਭੇਦ ਵਿਵਾਦ ਨਹੀਂ ਬਣਨੇ ਚਾਹੀਦੇ ਅਤੇ ਵਖਰੇਵੇਂ ਵਿਵਾਦ ਦਾ ਕਾਰਨ ਨਹੀਂ ਬਣਨੇ ਚਾਹੀਦੇ ਅਤੇ ਮੁਕਾਬਲਾ, ਸੰਘਰਸ਼ ਵਿੱਚ ਨਹੀਂ ਬਦਲਣਾ ਚਾਹੀਦਾ ਹੈ। ਜੈਸ਼ੰਕਰ ਨੇ ਪੂਰਬੀ ਲੱਦਾਖ ਵਿੱਚ ਅਸਲ ਕੰਟਰੇਲ ਰੇਖਾ ਦੇ ਨਾਲ ਲੱਗਦੇ ਸਰਹੱਦੀ ਖੇਤਰਾਂ ਵਿੱਚੋਂ ਫੌਜਾਂ ਪਿੱਛੇ ਹਟਾਉਣ ਦੀ ਪ੍ਰਕਿਰਿਆ ਵਿੱਚ ਤੇਜ਼ੀ ਲਿਆਉਣ ਦੀ ਲੋੜ ’ਤੇ ਵੀ ਜ਼ੋਰ ਦਿੱਤਾ।ਜੈਸ਼ੰਕਰ ਨੇ ਕਿਹਾ, ‘‘ਇਹ ਮੌਕਾ ਸਾਨੂੰ ਮਿਲਣ ਅਤੇ ਆਪਣੇ ਦੁਵੱਲੇ ਸਬੰਧਾਂ ਦੀ ਸਮੀਖਿਆ ਕਰਨ ਦਾ ਮੌਕਾ ਪ੍ਰਦਾਨ ਕਰਦਾ ਹੈ। ਇਹ ਆਲਮੀ ਸਥਿਤੀ ਅਤੇ ਆਪਸੀ ਹਿੱਤਾਂ ਦੇ ਕੁਝ ਮੁੱਦਿਆਂ ’ਤੇ ਵਿਚਾਰਾਂ ਦਾ ਆਦਾਨ-ਪ੍ਰਦਾਨ ਕਰਨ ਦਾ ਵੀ ਢੁਕਵਾਂ ਸਮਾਂ ਹੈ।’’ ਉਨ੍ਹਾਂ ਕਿਹਾ, ‘‘ਸਾਡੇ ਸਬੰਧਾਂ ਵਿੱਚ ਇਕ ਮੁਸ਼ਕਲ ਦੌਰ ਦੇਖਣ ਤੋਂ ਬਾਅਦ, ਹੁਣ ਦੋਵੇਂ ਦੇਸ਼ ਅੱਗੇ ਵਧਣਾ ਚਾਹੁੰਦੇ ਹਨ। ਇਸ ਵਾਸਤੇ ਦੋਵੇਂ ਧਿਰਾਂ ਵੱਲੋਂ ਇਕ ਸਪੱਸ਼ਟ ਅਤੇ ਰਚਨਾਤਮਕ ਦ੍ਰਿਸ਼ਟੀਕੋਣ ਦੀ ਲੋੜ ਹੈ।’’ ਉਨ੍ਹਾਂ ਹਰ ਤਰ੍ਹਾਂ ਦੇ ਅਤਿਵਾਦ ਖ਼ਿਲਾਫ਼ ਆਰੰਭੀ ਜੰਗ ਦਾ ਜ਼ਿਕਰ ਵੀ ਕੀਤਾ।

ਚੀਨੀ ਵਿਦੇਸ਼ ਮੰਤਰੀ ਵਾਂਗ ਯੀ ਭਾਰਤ ਦੇ ਕੌਮੀ ਸੁਰੱਖਿਆ ਸਲਾਹਕਾਰ (ਐੱਨਐੱਸਏ) ਅਜੀਤ ਡੋਵਾਲ ਨਾਲ ਸਰਹੱਦੀ ਮੁੱਦਿਆਂ ਨੂੰ ਲੈ ਕੇ ਗੱਲਬਾਤ ਕਰਨ ਲਈ ਅੱਜ ਆਪਣੇ ਦੋ ਰੋਜ਼ਾ ਦੌਰੇ ’ਤੇ ਇੱਥੇ ਪੁੱਜੇ। ਭਾਰਤ ਦੇ ਵਿਦੇਸ਼ ਮੰਤਰੀ ਨੇ ਆਪਣੇ ਚੀਨੀ ਹਮਰੁਤਬਾ ਵਾਂਗ ਨਾਲ ਦੁਵੱਲੀ ਗੱਲਬਾਤ ਕੀਤੀ। ਵਾਂਗ ਦਾ ਇਹ ਦੌਰਾ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇ ਸ਼ੰਘਾਈ ਸਹਿਯੋਗ ਸੰਗਠਨ (ਐੱਸਸੀਓ) ਦੇ ਸਾਲਾਨਾ ਸਿਖ਼ਰ ਸੰਮੇਲਨ ਵਿੱਚ ਸ਼ਾਮਲ ਹੋਣ ਲਈ ਚੀਨ ਦੇ ਪ੍ਰਸਤਾਵਿਤ ਦੌਰੇ ਤੋਂ ਕੁਝ ਦਿਨ ਪਹਿਲਾਂ ਹੋ ਰਿਹਾ ਹੈ।

ਵਿਦੇਸ਼ ਮੰਤਰਾਲੇ ਦੀ ਪੂਰਬੀ ਏਸ਼ੀਆ ਡਿਵੀਜ਼ਨ ਦੇ ਸੰਯੁਕਤ ਸਕੱਤਰ ਗੌਰਾਂਗਲਾਲ ਦਾਸ ਨੇ ਦਿੱਲੀ ਹਵਾਈ ਅੱਡੇ ’ਤੇ ਵਾਂਗ ਯੀ ਦਾ ਸਵਾਗਤ ਕੀਤਾ। ਉਪਰੰਤ ਉਨ੍ਹਾਂ ਦੀ ਭਾਰਤ ਦੇ ਵਿਦੇਸ਼ ਮੰਤਰੀ ਐੱਸ ਜੈਸ਼ੰਕਰ ਨਾਲ ਦੁਵੱਲੀ ਗੱਲਬਾਤ ਹੋਈ। ਚੀਨੀ ਵਿਦੇਸ਼ ਮੰਤਰੀ ਮੁੱਖ ਤੌਰ ’ਤੇ ਸਰਹੱਦ ਦੇ ਮੁੱਦੇ ’ਤੇ ਵਿਸ਼ੇਸ਼ ਪ੍ਰਤੀਨਿਧਾਂ (ਐੱਸਆਰ) ਦੀ ਅਗਲੇ ਗੇੜ ਦੀ ਗੱਲਬਾਤ ਲਈ ਭਾਰਤ ਦਾ ਦੌਰਾ ਕਰ ਰਹੇ ਹਨ। ਵਾਂਗ ਤੇ ਐੱਨਐੱਸਏ ਡੋਵਾਲ ਨੂੰ ਸਰਹੱਦ ਬਾਰੇ ਗੱਲਬਾਤ ਲਈ ਵਿਸ਼ੇਸ਼ ਪ੍ਰਤੀਨਿਧ ਵਜੋਂ ਨਾਮਜ਼ਦ ਕੀਤਾ ਗਿਆ ਹੈ।

ਅੱਜ ਪ੍ਰਧਾਨ ਮੰਤਰੀ ਮੋਦੀ ਨਾਲ ਮੁਲਾਕਾਤ ਕਰਨਗੇ ਵਾਂਗ- ਵਿਦੇਸ਼ ਮੰਤਰਾਲੇ ਮੁਤਾਬਕ, ਵਾਂਗ ਅਤੇ ਐੱਨਐੱਸਏ ਡੋਵਾਲ ਮੰਗਲਵਾਰ ਸਵੇਰੇ 11 ਵਜੇ ਸਰਹੱਦ ਦੇ ਮੁੱਦੇ ’ਤੇ ਵਿਸ਼ੇਸ਼ ਪ੍ਰਤੀਨਿਧ ਗੱਲਬਾਤ ਦੇ ਨਵੇਂ ਗੇੜ ਤਹਿਤ ਗੱਲਬਾਤ ਕਰਨਗੇ। ਉਪਰੰਤ ਵਾਂਗ ਮੰਗਲਵਾਰ ਨੂੰ ਹੀ ਸ਼ਾਮ 5.30 ਵਜੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨਾਲ ਉਨ੍ਹਾਂ ਦੀ 7 ਲੋਕ ਕਲਿਆਣ ਮਾਰਗ ਸਥਿਤ ਰਿਹਾਇਸ਼ ਵਿਖੇ ਮੁਲਾਕਾਤ ਕਰਨਗੇ।

ਸਬੰਧਾਂ ਦੇ ਪੁਨਰਨਿਰਮਾਣ ਲਈ ਜਾਰੀ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੇਖਿਆ ਜਾ ਰਿਹੈ ਵਾਂਗ ਦਾ ਦੌਰਾ- ਸਾਲ 2020 ਵਿੱਚ ਗਲਵਾਨ ਘਾਟੀ ਵਿੱਚ ਖ਼ਤਰਨਾਕ ਸੰਘਰਸ਼ ਤੋਂ ਬਾਅਦ ਭਾਰਤ-ਚੀਨ ਦੇ ਰਿਸ਼ਤਿਆਂ ਵਿੱਚ ਗੰਭੀਰ ਤਣਾਅ ਆ ਗਿਆ ਸੀ। ਇਸ ਦੇ ਮੱਦੇਨਜ਼ਰ, ਚੀਨੀ ਵਿਦੇਸ਼ ਮੰਤਰੀ ਦੇ ਦੌਰੇ ਨੂੰ ਮੋਟੇ ਤੌਰ ’ਤੇ ਦੋਵੇਂ ਗੁਆਂਢੀ ਮੁਲਕਾਂ ਵੱਲੋਂ ਸਬੰਧਾਂ ਦੇ ਪੁਨਰਨਿਰਮਾਣ ਲਈ ਜਾਰੀ ਕੋਸ਼ਿਸ਼ਾਂ ਦੇ ਹਿੱਸੇ ਵਜੋਂ ਦੇਖਿਆ ਜਾ ਰਿਹਾ ਹੈ। ਚੀਨੀ ਵਿਦੇਸ਼ ਮੰਤਰੀ ਦੇ ਦੌਰੇ ਨੂੰ ਇਸ ਵਾਸਤੇ ਵੀ ਅਹਿਮ ਮੰਨਿਆ ਜਾ ਰਿਹਾ ਹੈ ਕਿਉਂਕਿ ਇਹ ਭਾਰਤ-ਅਮਰੀਕਾ ਸਬੰਧਾਂ ਵਿੱਚ ਵਧਦੇ ਤਣਾਅ ਦਰਮਿਆਨ ਹੋ ਰਿਹਾ ਹੈ। ਅਮਰੀਕੀ ਰਾਸ਼ਟਰਪਤੀ ਡੋਨਲਡ ਟਰੰਪ ਨੇ ਭਾਰਤੀ ਵਸਤਾਂ ’ਤੇ ਟੈਕਸ ਨੂੰ ਦੁੱਗਣਾ ਕਰ ਕੇ 50 ਫੀਸਦ ਕਰ ਦਿੱਤਾ ਹੈ, ਜਿਸ ਵਿੱਚ ਰੂਸੀ ਕੱਚੇ ਤੇਲ ਦੀ ਖ਼ਰੀਦ ’ਤੇ 25 ਫੀਸਦ ਦਾ ਵਾਧੂ ਜੁਰਮਾਨਾ ਵੀ ਸ਼ਾਮਲ ਹੈ।

Related posts

ਕੋਰੋਨਾ ਵਾਇਰਸ ਨਹੀਂ , ਰੂਸ ‘ਤੇ ਮੰਡਰਾ ਰਿਹਾ ਹੈ ਇਕ ਹੋਰ ਖ਼ਤਰਾ !

On Punjab

ਕੈਨੇਡਾ ਚ ਪੰਜਾਬ ਯੂਨੀਵਰਸਿਟੀ ਦੇ ਸਾਬਕਾ ਪਾੜ੍ਹਿਆਂ ਦਾ ਸਮਾਗਮ ਸਫਲ ਹੋ ਨਿੱਬੜਿਆ ।

On Punjab

ਅਮਰੀਕੀ ਵੀਜ਼ਾ ਸਖਤੀ ਦਾ ਭਾਰਤੀਆਂ ਨੂੰ ਸਭ ਤੋਂ ਵੱਡਾ ਨੁਕਸਾਨ, ਵਿਦੇਸ਼ ਜਾਣ ਦੇ ਸੁਫਨੇ ਚਕਨਾਚੂਰ

On Punjab