62.67 F
New York, US
August 27, 2025
PreetNama
ਖੇਡ-ਜਗਤ/Sports News

ਭਾਰਤੀ ਹਾਕੀ ਟੀਮ : ਏਸ਼ੀਅਨ ਚੈਂਪੀਅਨ ਟਰਾਫੀ ’ਤੇ ਨਿਸ਼ਾਨਾ

ਛੇਵੀਂ ਹੀਰੋ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ 14 ਤੋਂ 22 ਦਸੰਬਰ ਤਕ ਬੰਗਲਾਦੇਸ਼ ਦੀ ਰਾਜਧਾਨੀ ਢਾਕਾ ਸਥਿਤ ਮੌਲਾਨਾ ਭਸਾਨੀ ਹਾਕੀ ਸਟੇਡੀਅਮ ’ਚ ਏਸ਼ੀਆ ਦੇ 6 ਦੇਸ਼ਾਂ ਮੇਜ਼ਬਾਨ ਬੰਗਲਾਦੇਸ਼, ਪਾਕਿਸਤਾਨ, ਭਾਰਤ, ਜਾਪਾਨ, ਮਲੇਸ਼ੀਆ ਤੇ ਦੱਖਣੀ ਕੋਰੀਆ ਦੀਆਂ ਨਰੋਈਆਂ ਹਾਕੀ ਟੀਮਾਂ ਦਰਮਿਆਨ ਖੇਡੀ ਜਾਵੇਗੀ। ਐੱਫਆਈਐੱਚ ਵੱਲੋਂ ਕਰਵਾਏ ਜਾ ਰਹੇ 6ਵੇਂ ਏਸ਼ਿਆਈ ਹਾਕੀ ਚੈਂਪੀਅਨਸ਼ਿਪ ਅਡੀਸ਼ਨ ਲਈ ਭਾਰਤੀ ਹਾਕੀ ਟੀਮ ਦੀ ਕਪਤਾਨੀ ਇਕ ਵਾਰ ਫੇਰ ਟੋਕੀਓ-2021 ਦੀਆਂ ਓਲੰਪਿਕ ਖੇਡਾਂ ’ਚ ਤਾਂਬੇ ਦਾ ਤਗਮਾ ਜਿੱਤਣ ਵਾਲੀ ਟੀਮ ਦੇ ਅਗਵਾਈਕਾਰ ਮਨਪ੍ਰੀਤ ਸਿੰਘ ਪਵਾਰ ਦੇ ਹੱਥਾਂ ’ਚ ਦਿੱਤੀ ਗਈ ਹੈ।

ਟੋਕੀਓ ਓਲੰਪਿਕ ’ਚ ਕਾਂਸੀ ਦਾ ਤਗਮਾ ਜਿੱਤਣ ਵਾਲੀ ਟੀਮ ਦੇ 9 ਖਿਡਾਰੀਆਂ ਨੂੰ ਕੌਮੀ ਟੀਮ ’ਚ ਸਥਾਨ ਦਿੱਤਾ ਗਿਆ ਹੈ। ਸੀਨੀਅਰ ਟੀਮ ਨੂੰ 41 ਸਾਲ ਲੰਮੇ ਅਰਸੇ ਤੋਂ ਬਾਅਦ ਟੋਕੀਓ ਓਲੰਪਿਕ ’ਚ ਤਾਂਬੇ ਦਾ ਤਗਮਾ ਜਿਤਾਉਣ ’ਚ ਅਹਿਮ ਭੂਮਿਕਾ ਨਿਭਾਉਣ ਵਾਲੇ ਆਸਟਰੇਲੀਅਨ ਮੂਲ ਦੇ ਮੁੱਖ ਸਿਖਲਾਇਰ ਗ੍ਰਾਹਮ ਰੀਡ ’ਤੇ ਹੀਰੋ ਏਸ਼ੀਅਨ ਚੈਂਪੀਅਨ ਹਾਕੀ ਟਰਾਫੀ, ਢਾਕਾ ’ਚ ਫਤਿਹ ਪਾਉਣ ਦਾ ਪੂਰਾ ਦਾਰੋਮਦਾਰ ਹੋਵੇਗਾ ਕਿਉਂਕਿ ਇਹ ਜਿੱਤ ਅਗਲੇ ਸਾਲ ਏਸ਼ਿਆਈ ਖੇਡਾਂ ’ਚ ਕੌਮੀ ਹਾਕੀ ਟੀਮ ਲਈ ਜਿੱਤ ਦਾ ਸੁਪਨਾ ਸਾਕਾਰ ਕਰਨ ’ਚ ਸਹਾਈ

ਮਿੱਡਫੀਲਡਰ ਤੇ ਟੀਮ ਕਪਤਾਨ ਮਨਪ੍ਰੀਤ ਸਿੰਘ ਪਵਾਰ

ਦੁਨੀਆ ਦੇ ਸਟਾਰ ਹਾਕੀ ਖਿਡਾਰੀਆਂ ਦੀ ਸੂਚੀ ’ਚ ਸ਼ਾਮਲ ਮਨਪ੍ਰੀਤ ਸਿੰਘ ਪਵਾਰ ਦੀ ਕਪਤਾਨੀ ’ਚ ਕੌਮੀ ਹਾਕੀ ਟੀਮ ਟੋਕੀਓ ਓਲੰਪਿਕ ’ਚ 41 ਸਾਲ ਬਾਅਦ ਮੈਡਲ ਜਿੱਤਣ ਦਾ ਸੁਪਨਾ ਸਾਕਾਰ ਕਰ ਚੁੱਕੀ ਹੈ। ਹਾਕੀ ਮੈਦਾਨ ’ਚ ਹਾਫ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਮਨਪ੍ਰੀਤ ਪਵਾਰ ਨੂੰ ਆਲਮੀ ਹਾਕੀ ਨੂੰ ਦਿੱਤੀਆਂ ਜਾ ਰਹੀਆਂ ਵਡਮੁੱਲੀਆਂ ਸੇਵਾਵਾਂ ਸਦਕਾ ਐੱਫਆਈਐੱਚ ਭਾਵ ਫੈਡਰੇਸ਼ਨ ਆਫ ਇੰਟਰਨੈਸ਼ਨਲ ਹਾਕੀ ਵੱਲੋਂ ‘ਐੱਫਆਈਐੱਚ ਸਟਾਰ ਪਲੇਅਰ ਆਫ ਈਅਰ-2019 ਐਵਾਰਡ’ ਦਿੱਤਾ ਗਿਆ। ਉਸ ਨੇ ਇਸ ਮੁਕਾਬਲੇ ’ਚ ਬੈਲਜੀਅਮ ਦੇ ਰੱਖਿਅਕ ਖਿਡਾਰੀ ਆਰਥਰ ਵਾਨ ਡੋਰੇਨ ਤੇ ਅਰਜਨਟੀਨੀ ਸਟਰਾਈਕਰ ਲੁਕਾਸ ਵਿਲਾ ਨੂੰ ਪਛਾੜਨ ਸਦਕਾ ਹਾਕੀ ਦੇ ਸਰਵੋਤਮ ਖਿਤਾਬ ’ਤੇ ਆਪਣਾ ਅਧਿਕਾਰ ਜਮਾਇਆ ਸੀ। 2011 ’ਚ ਸੀਨੀਅਰ ਹਾਕੀ ਟੀਮ ’ਚ ਬਰੇਕ ਲੈਣ ਵਾਲਾ ਇਹ ਖਿਡਾਰੀ 277 ਆਲਮੀ ਹਾਕੀ ਮੈਚਾਂ ’ਚ ਕੌਮੀ ਟੀਮ ਦੀ ਪ੍ਰਤੀਨਿਧਤਾ ਕਰ ਚੁੱਕਾ ਹੈ।

ਹਾਕੀ ਮੈਦਾਨ ’ਚ ਸਕੀਮਰ ਦੀ ਭੂਮਿਕਾ ਨਿਭਾਉਣ ਵਾਲੇ ਮਨਪ੍ਰੀਤ ਸਿੰਘ ਪਵਾਰ ਦਾ ਜਨਮ 26 ਜੂਨ 1992 ਨੂੰ ਮਨਜੀਤ ਕੌਰ ਦੀ ਕੁੱਖੋਂ ਮਰਹੂਮ ਬਲਜੀਤ ਸਿੰਘ ਪਵਾਰ ਦੇ ਗ੍ਰਹਿ ਵਿਖੇ ਜ਼ਿਲ੍ਹਾ ਜਲੰਧਰ ਦੇ ਪਿੰਡ ਮਿੱਠਾਪੁਰ ’ਚ ਹੋਇਆ।

ਮੈਦਾਨ ਅੰਦਰ ਆਪਣੇ ਫਾਰਵਰਡਾਂ ਨੂੰ ਗੋਲ ਕਰਨ ਦੇ ਮੂਵ ਮੁਹੱਈਆ ਕਰਵਾਉਣ ’ਚ ਮੋਹਰੀ ਰੋਲ ਅਦਾ ਕਰਨ ਵਾਲਾ ਮਨਪ੍ਰੀਤ ਸੰਕਟ ਸਮੇਂ ਵਿਰੋਧੀ ਸਟਰਾਈਕਰਾਂ ਦੇ ਹਮਲਿਆਂ ਨੂੰ ਠੁੱਸ ਕਰਨ ਲਈ ਆਪਣੇ ਡਿਫੈਂਡਰਾਂ ਨਾਲ ਮੋਢੇ ਨਾਲ ਮੋਢਾ ਡਾਹ ਕੇ ਸਾਥ ਦਿੰਦਾ ਹੈ।

ਉਪ ਕਪਤਾਨ ਤੇ ਡਿਫੈਂਡਰ ਹਰਮਨਪ੍ਰੀਤ ਸਿੰਘ

ਮੈਦਾਨ ਅੰਦਰ ਰਾਈਟ ਫੁੱਲ ਬੈਕ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਡਿਫੈਂਡਰ ਹਰਮਨਪ੍ਰੀਤ ਸਿੰਘ ਨੂੰ ਆਪਣੇ ਡੀ-ਸਰਕਲ ਦੇ ਅੰਦਰ ਤੇ ਬਾਹਰ ਜਿੱਥੇ ਵਿਰੋਧੀ ਸਟਰਾਈਕਰ ਨੂੰ ਡੱਕੀ ਰੱਖਣ ਦੀ ਮੁਹਾਰਤ ਹਾਸਲ ਹੈ, ਉੱਥੇ ਇਸ ਸਮੇਂ ਮਹਾਨ ਡਰੈਗ ਫਲਿੱਕਰ ਵਜੋਂ ਉਸ ਦਾ ਨਾਂ ਦੁਨੀਆਂ ਦੀ ਹਾਕੀ ਦੇ ਨਕਸ਼ੇ ’ਤੇ ਡਲਕਾਂ ਮਾਰ ਰਿਹਾ ਹੈ। ਉਸ ਦਾ ਜਨਮ ਜ਼ਿਲ੍ਹਾ ਅੰਮਿ੍ਰਤਸਰ ਦੇ ਪਿੰਡ ਜੰਡਿਆਲਾ ਗੁਰੂ ’ਚ ਕਿਸਾਨ ਪਰਿਵਾਰ ’ਚ 6 ਜਨਵਰੀ, 1996 ਨੂੰ ਹੋਇਆ ਸੀ।

ਸਟਰਾਈਕਰ ਸ਼ਮਸ਼ੇਰ ਸਿੰਘ

ਕਰੀਅਰ ਦਾ ਪਲੇਠਾ ਟੋਕੀਓ-2021 ਓਲੰਪਿਕ ਹਾਕੀ ਟੂਰਨਾਮੈਂਟ ਖੇਡ ਚੁੱਕੇ 24 ਸਾਲਾ ਸ਼ਮਸ਼ੇਰ ਸਿੰਘ ਦਾ ਜਨਮ 29 ਜੁਲਾਈ, 1997 ਨੂੰ ਅਟਾਰੀ, ਜ਼ਿਲ੍ਹਾ ਅੰਮਿ੍ਰਤਸਰ ’ਚ ਹੋਇਆ। ਕੌਮੀ ਹਾਕੀ ਪੰਜਾਬ ਨੈਸ਼ਨਲ ਬੈਂਕ ਦੀ ਟੀਮ ਵੱਲੋਂ ਖੇਡਣ ਵਾਲੇ ਇਸ ਖਿਡਾਰੀ ਨੇ ਆਲਮੀ ਹਾਕੀ ਮੈਚ ਖੇਡਣ ਦਾ ਆਗ਼ਾਜ਼ ਟੋਕੀਓ ਓਲੰਪਿਕ ਦੇ ਮੈਦਾਨ ’ਚ ਕੁੱਦਣ ਸਦਕਾ ਕੀਤਾ ਸੀ।

ਡਿਫੈਂਡਰ ਵਰੁਣ ਕੁਮਾਰ

ਕਪਤਾਨ ਮਨਪ੍ਰੀਤ ਸਿੰਘ ਤੇ ਮਨਦੀਪ ਸਿੰਘ ਤੋਂ ਬਾਅਦ ਵਰੁਣ ਕੁਮਾਰ ਜਲੰਧਰ ਜ਼ਿਲ੍ਹੇ ਦੇ ਪਿੰਡ ਮਿੱਠਾਪੁਰ ਦਾ ਤੀਜਾ ਖਿਡਾਰੀ ਹੈ, ਜਿਸ ਨੂੰ ਟੋਕੀਓ ਓਲੰਪਿਕ ’ਚ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ’ਚ ਤਾਂਬੇ ਦਾ ਤਗਮਾ ਜਿੱਤਣ ਦਾ ਹੱਕ ਹਾਸਲ ਹੋਇਆ। 90 ਆਲਮੀ ਹਾਕੀ ਮੈਚਾਂ ’ਚ ਆਪਣੀਆਂ ਕਰਾਰੀਆਂ ਡਰੈਗ ਫਲਿਕਾਂ ਰਾਹੀਂ 23 ਗੋਲ ਦਾਗਣ ਵਾਲੇ ਵਰੁਣ ਕੁਮਾਰ ਨੂੰ ਭਾਰਤ ਸਰਕਾਰ ਵੱਲੋਂ ਇਸ ਸਾਲ ਅਰਜੁਨਾ ਐਵਾਰਡ ਦਿੱਤਾ ਗਿਆ ਹੈ।

ਸਟਰਾਈਕਰ ਲਲਿਤ ਕੁਮਾਰ

2014 ’ਚ ਸੀਨੀਅਰ ਹਾਕੀ ਟੀਮ ’ਚ ਖੇਡ ਕਰੀਅਰ ਦਾ ਆਗਾਜ਼ ਕਰਨ ਵਾਲੇ ਲਲਿਤ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਵਾਰਾਨਸੀ ’ਚ 1 ਦਸੰਬਰ, 1993 ’ਚ ਹੋਇਆ। ਉਹ 113 ਆਲਮੀ ਹਾਕੀ ਮੈਚਾਂ ’ਚ 27 ਗੋਲ ਦਾਗ ਚੁੱਕਿਆ ਹੈ।

ਗੋਲਕੀਪਰ ਿਸ਼ਨ ਬਹਾਦਰ ਪਾਠਕ ਟੋਕੀਓ ਓਲੰਪਿਕ ’ਚ ਵਾਧੂ ਖਿਡਾਰੀ ਵਜੋਂ ਕੌਮੀ ਹਾਕੀ ਟੀਮ ’ਚ ਸ਼ਾਮਲ ਕੀਤੇ ਗਏ ਿਸ਼ਨ ਬਹਾਦਰ ’ਤੇ ਕੋਚਿੰਗ ਕੈਂਪ ਵੱਲੋਂ ਭਰੋਸਾ ਪ੍ਰਗਟ ਕਰਦਿਆਂ ਸੀਨੀਅਰ ਗੋਲਚੀ ਪੀਆਰ ਸ੍ਰੀਜੇਸ਼ ਨੂੰ ਟੀਮ ’ਚ ਸਥਾਨ ਨਹੀਂ ਦਿੱਤਾ ਗਿਆ ।

24 ਅਪਰੈਲ 1997 ਨੂੰ ਕਪੂਰਥਲਾ ’ਚ ਜਨਮੇ ਪਾਠਕ ਕਿ੍ਰਸ਼ਨ ਨੂੰ ਬਰੀਡਾ-2018 ’ਚ ਖੇਡੀ ਗਈ ਸੀਨੀਅਰ ਆਲਮੀ ਹਾਕੀ ਚੈਂਪੀਅਨ ਟਰਾਫੀ ’ਚ ਚਾਂਦੀ ਦਾ ਤਗਮਾ, ਜਕਾਰਤਾ ਏਸ਼ਿਆਈ ਖੇਡਾਂ-2018 ’ਚ ਤਾਂਬੇ ਦਾ ਤਗਮਾ ਤੇ ਮਸਕਟ-2018 ’ਚ ਖੇਡੀ ਗਈ ਏਸ਼ਿਆਈ ਹਾਕੀ ਚੈਂਪੀਅਨ ਟਰਾਫੀ ’ਚ ਗੋਡਲ ਮੈਡਲ ਜਿੱਤਣ ਵਾਲੀ ਭਾਰਤੀ ਹਾਕੀ ਟੀਮ ਦੀ ਨੁਮਾਇੰਦਗੀ ਕਰਨ ਦਾ ਹੱਕ ਹਾਸਲ ਹੋਇਆ। ਸੁਰਜੀਤ ਹਾਕੀ ਅਕਾਦਮੀ ਜਲੰਧਰ ਤੋਂ ਹਾਕੀ ਖੇਡਣ ਦੀ ਸਿਖਲਾਈ ਹਾਸਲ ਕਰਨ ਵਾਲੇ ਇਸ ਖਿਡਾਰੀ ਦਾ ਸਬੰਧ ਨੇਪਾਲ ਨਾਲ ਹੈ ਪਰ ਹੁਣ ਉਸ ਦਾ ਪਰਿਵਾਰ ਪੱਕੇ ਤੌਰ ’ਤੇ ਪੰਜਾਬ ’ਚ ਵੱਸ ਚੁੱਕਾ ਹੈ।

ਡਿਫੈਂਡਰ ਗੁਰਿੰਦਰ ਸਿੰਘ

2017 ’ਚ ਅਜ਼ਲਾਨ ਸ਼ਾਹ ਹਾਕੀ ਟੂਰਨਾਮੈਂਟ ਮਲੇਸ਼ੀਆ ਤੋਂ ਕਰੀਅਰ ਦਾ ਆਗ਼ਾਜ਼ ਕਰਨ ਵਾਲੇ 26 ਸਾਲਾ ਗੁਰਿੰਦਰ ਸਿੰਘ ਨੂੰ 60 ਆਲਮੀ ਹਾਕੀ ਮੈਚ ਖੇਡਣ ਦਾ ਰੁਤਬਾ ਹਾਸਲ ਹੈ। ਸੀਨੀਅਰ ਹਾਕੀ ਟੀਮ ’ਚ ਬਰੇਕ ਹਾਸਲ ਕਰਨ ਤੋਂ ਪਹਿਲਾਂ ਉਸ ਨੂੰ ਜੂਨੀਅਰ ਕੌਮੀ ਹਾਕੀ ਟੀਮ ਨਾਲ ਲਖਨਊ-2016 ’ਚ ਆਲਮੀ ਹਾਕੀ ਕੱਪ ਜਿੱਤਣ ਦਾ ਹੱਕ ਹਾਸਲ ਹੋਇਆ। 1 ਜਨਵਰੀ 1995 ਨੂੰ ਪੰਜਾਬ ਦੇ ਜ਼ਿਲ੍ਹਾ ਰੋਪੜ ’ਚ ਜਨਮੇ ਇਸ ਖਿਡਾਰੀ ਨੂੰ 2018 ’ਚ ਮਸਕਟ ’ਚ ਖੇਡੀ ਗਈ ਏਸ਼ੀਆ ਚੈਂਪੀਅਨ ਹਾਕੀ ਟਰਾਫੀ ’ਚ ਚੈਂਪੀਅਨ ਨਾਮਜ਼ਦ ਹੋਈ ਕੌਮੀ ਟੀਮ ਦੀ ਨੁਮਾਇੰਦਗੀ ਕਰਨ ਦਾ ਮੌਕਾ ਨਸੀਬ ਹੋ ਚੁੱਕਾ ਹੈ।

ਅਟੈਕਿੰਗ ਮਿੱਡਫੀਡਲਰ ਜਸਕਰਨ ਸਿੰਘ

ਸਾਬਕਾ ਹਾਕੀ ਓਲੰਪੀਅਨ ਤੇ ਕੌਮੀ ਹਾਕੀ ਟੀਮ ਦੇ ਸਾਬਕਾ ਸਿਖਲਾਇਰ ਰਾਜਿੰਦਰ ਸਿੰਘ ਜੂਨੀਅਰ ਦੇ ਪੁੱਤਰ ਜਸਕਰਨ ਸਿੰਘ ਨੂੰ ਢਾਕਾ ਏਸ਼ੀਅਨ ਹਾਕੀ ਚੈਂਪੀਅਨ ਟਰਾਫੀ ਖੇਡਣ ਲਈ ਦੂਜੀ ਵਾਰ ਸੀਨੀਅਰ ਹਾਕੀ ਟੀਮ ’ਚ ਸ਼ਾਮਲ ਕੀਤਾ ਗਿਆ ਹੈ। 27 ਜਨਵਰੀ, 1994 ਨੂੰ ਜਨਮੇ ਇਸ ਖਿਡਾਰੀ ਨੂੰ 2019 ’ਚ ਅਰਜਨਟੀਨਾ ਦੀ ਮੇਜ਼ਬਾਨੀ ਕੌਮੀ ਹਾਕੀ ਟੀਮ ਨਾਲ 6 ਮੈਚ ਖੇਡਣ ਦਾ ਰੁਤਬਾ ਹਾਸਲ ਹੋਇਆ। ਉਸ ਨੂੰ ਹਾਕੀ ਦੇ ਲੜ ਲਾਉਣ ’ਚ ਉਸ ਦੇ ਦਰੋਣਾਚਾਰੀਆ ਐਵਾਰਡੀ ਪਿਤਾ ਰਾਜਿੰਦਰ ਸਿੰਘ ਜੂਨੀਅਰ ਦਾ ਵੱਡਾ ਹੱਥ ਹੈ।

ਡਿਫੈਂਡਰ ਜਰਮਨਜੀਤ ਸਿੰਘਹਾਕੀ ਮੈਦਾਨ ’ਚ ਰੱਖਿਅਕ ਦੀ ਭੂਮਿਕਾ ਨਿਭਾਉਣ ਵਾਲੇ ਜਰਮਨਜੀਤ ਸਿੰਘ ਨੇ ਅੰਡਰ-21 ਜੂਨੀਅਰ ਹਾਕੀ ਟੀਮ ਤੋਂ ਕਰੀਅਰ ਦਾ ਆਗ਼ਾਜ਼ ਕੀਤਾ। ਅੰਡਰ-21 ਟੀਮ ਨਾਲ 12 ਮੈਚ ਖੇਡਣ ਵਾਲੇ 25 ਸਾਲਾ ਇਸ ਖਿਡਾਰੀ ਨੂੰ ਸੀਨੀਅਰ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ’ਚ ਮਸਕਟ-2018 ਚੈਂਪੀਅਨ ਹਾਕੀ ਟਰਾਫੀ ’ਚ ਗੋਲਡ ਮੈਡਲ ਤੇ ਵਰਲਡ ਚੈਂਪੀਅਨ ਹਾਕੀ ਟਰਾਫੀ ’ਚ ਚਾਂਦੀ ਦਾ ਤਗਮਾ ਜਿੱਤਣ ਦਾ ਮੌਕਾ ਹਾਸਲ ਹੋਇਆ। 16 ਆਲਮੀ ਹਾਕੀ ਮੈਚਾਂ ’ਚ ਸੀਨੀਅਰ ਹਾਕੀ ਟੀਮ ਦੀ ਪ੍ਰਤੀਨਿਧਤਾ ਕਰ ਚੁੱਕੇ ਇਸ ਹੋਣਹਾਰ ਖਿਡਾਰੀ ’ਤੇ ਢਾਕਾ ਦੇ ਹਾਕੀ ਮੈਦਾਨ ’ਚ ਸੰਨਿਆਸ ਲੈ ਚੁੱਕੇ ਰੱਖਿਅਕ ਖਿਡਾਰੀ ਰੁਪਿੰਦਰਪਾਲ ਸਿੰਘ ਦਾ ਖੱਪਾ ਪੂਰਨ ਦਾ ਪੂਰਾ ਦਬਾਅ ਰਹੇਗਾ।

ਸੈਂਟਰ ਫਾਰਵਰਡ ਗੁਰਸਾਹਿਬਜੀਤ ਸਿੰਘ

ਸੀਨੀਅਰ ਕੌਮੀ ਟੀਮ ਨਾਲ 20 ਕੌਮਾਂਤਰੀ ਮੈਚਾਂ ’ਚ ਮੈਦਾਨ ’ਚ ਨਿੱਤਰ ਕੇ 6 ਗੋਲ ਸਕੋਰ ਕਰਨ ਵਾਲੇ 22 ਸਾਲਾ ਸਾਹਿਬਜੀਤ ਸਿੰਘ ਦਾ ਜਨਮ 5 ਫਰਵਰੀ 1999 ਨੂੰ ਜ਼ਿਲ੍ਹਾ ਗੁਰਦਾਸਪੁਰ ਦੇ ਪਿੰਡ ਬਹਾਦਰਪੁਰ ਰਜੋਆ ’ਚ ਹੋਇਆ। ਢਾਕਾ ’ਚ ਸਟਰਾਈਕਰ ਮਨਦੀਪ ਸਿੰਘ ਦੀ ਗ਼ੈਰ-ਹਾਜ਼ਰੀ ’ਚ ਉਸ ਨੂੰ ਹਾਕੀ ’ਚ ਗੋਲ ਕੱਢਣ ਲਈ ਤਿੱਖੀ ਧਾਰ ਵਾਲੀ ਹਮਲਾਵਰ ਹਾਕੀ ਖੇਡਣੀ ਹੋਵੇਗੀ।

ਮਿੱਡਫੀਲਡਰ ਸੁਮਿਤ

ਟੋਕੀਓ ਓਲੰਪਿਕ ਹਾਕੀ ’ਚ ਇੰਡੀਅਨ ਹਾਕੀ ਟੀਮ ਦੀ ਪ੍ਰਤੀਨਿਧਤਾ ’ਚ ਤਾਂਬੇ ਦਾ ਮੈਡਲ ਹਾਸਲ ਕਰਨ ਵਾਲੇ ਸੁਮਿਤ ਦੀਆਂ ਖੇਡ ਸੇਵਾਵਾਂ ਨੂੰ ਵੇਖਦਿਆਂ ਉਸ ਨੂੰ ਭਾਰਤ ਸਰਕਾਰ ਵੱਲੋਂ ਇਸ ਸਾਲ ਅਰਜੁਨਾ ਐਵਾਰਡ ਨਾਲ ਨਿਵਾਜਿਆ ਗਿਆ ਹੈ। ਹਰਿਆਣਾ ਦੇ ਸੋਨੀਪਤ ’ਚ 20 ਦਸੰਬਰ, 1996 ਨੂੰ ਜਨਮੇ ਇਸ ਖਿਡਾਰੀ ਨੇ ਜੂਨੀਅਰ ਵਿਸ਼ਵ ਹਾਕੀ ਕੱਪ ਲਖਨਊ 2016 ’ਚ ਜੂਨੀਅਰ ਕੌਮੀ ਹਾਕੀ ਟੀਮ ਦੀ ਜਿੱਤ ’ਚ ਅਹਿਮ ਭੂਮਿਕਾ ਨਿਭਾਈ ਸੀ।

ਰੱਖਿਅਕ ਨੀਲਮ ਸੰਜੀਪ

2016 ’ਚ ਦੱਖਣ ਏਸ਼ਿਆਈ ਖੇਡਾਂ ’ਚ ਸੀਨੀਅਰ ਹਾਕੀ ਟੀਮ ’ਚ 18 ਸਾਲਾ ਉਮਰ ’ਚ ਬਰੇਕ ਹਾਸਲ ਕਰਨ ਵਾਲੇ ਨੀਲਮ ਸੰਜੀਪ ਦਾ ਜਨਮ 7 ਨਵੰਬਰ 1998 ਨੂੰ ਓਡੀਸ਼ਾ ਦੇ ਜ਼ਿਲ੍ਹਾ ਬਾਰਗੜ੍ਹ ’ਚ ਹੋਇਆ। ਅੰਡਰ-18 ਏਸ਼ੀਆ ਹਾਕੀ ਕੱਪ ’ਚ ਜੂਨੀਅਰ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਇਸ ਖਿਡਾਰੀ ਨੂੰ 14 ਆਲਮੀ ਮੈਚਾਂ ’ਚ ਸੀਨੀਅਰ ਟੀਮ ਦੀ ਨੁਮਾਇੰਦਗੀ ਕਰਨ ਦਾ ਮਾਣ ਹਾਸਲ ਹੋਇਆ। ਨੀਲਮ ਸੰਜੀਪ ਦੀ ਸ਼ਾਨਦਾਰ ਖੇਡ ਨੂੰ ਵੇਖਦਿਆਂ ਚੋਣ ਕਮੇਟੀ ਵੱਲੋਂ ਢਾਕਾ ਹਾਕੀ ਚੈਂਪੀਅਨ ਟਰਾਫੀ ਲਈ ਉਸ ਦੀ ਚੋਣ ਸੀਨੀਅਰ ਟੀਮ ’ਚ ਕੀਤੀ ਗਈ ਹੈ।

ਡਿਫੈਂਡਰ ਮਨਦੀਪ ਮੋਰ

ਹਰਿਆਣਾ ਦੇ ਛੋਟੇ ਜਿਹੇ ਕਸਬੇ ਨਰਵਾਣਾ ਦੇ ਵਸਨੀਕ ਮਨਦੀਪ ਮੋਰ ਦਾ ਜਨਮ 16 ਮਾਰਚ 1999 ਨੂੰ ਹੋਇਆ। 2019 ’ਚ ਮਲੇਸ਼ੀਆ ’ਚ ਖੇਡੇ ਗਏ ਜੂਨੀਅਰ ਸੁਲਤਾਨ ਜੌਹਰ ਬਾਰੂ ਹਾਕੀ ਟੂਰਨਾਮੈਂਟ ’ਚ ਕੌਮੀ ਹਾਕੀ ਟੀਮ ਦੀ ਕਪਤਾਨੀ ਕਰਨ ਵਾਲੇ ਇਸ ਖਿਡਾਰੀ ਨੂੰ ਸੀਨੀਅਰ ਹਾਕੀ ਟੀਮ ਨਾਲ 5 ਆਲਮੀ ਹਾਕੀ ਮੈਚਾਂ ’ਚ ਮੈਦਾਨ ’ਚ ਨਿੱਤਰਨ ਦਾ ਮੌਕਾ ਹਾਸਲ ਹੋਇਆ।

ਦਿਪਸਨ ਟਿਰਕੀ

ਹਾਕੀ ਦਾ ਗੜ੍ਹ ਮੰਨੇ ਜਾਂਦੇ ਓਡੀਸ਼ਾ ਦੇ ਜ਼ਿਲ੍ਹਾ ਸੁੰਦਰਗੜ੍ਹ ਦੇ ਪਿੰਡ ਸੌਨਾਮਾਰਾ ’ਚ 15 ਅਕਤੂਬਰ 1998 ਨੂੰ ਕਿਸਾਨ ਪਰਿਵਾਰ ’ਚ ਜਨਮੇ ਦਿਪਸਨ ਟਿਰਕੀ ਨੇ ਜੂਨੀਅਰ ਵਿਸ਼ਵ ਹਾਕੀ ਕੱਪ ਲਖਨਊ-2016 ’ਚ ਹਾਕੀ ਕਰੀਅਰ ਦਾ ਆਗ਼ਾਜ਼ ਕੀਤਾ। ਹਰਜੀਤ ਸਿੰਘ ਦੀ ਅਗਵਾਈ ’ਚ ਘਰੇਲੂ ਮੈਦਾਨਾਂ ’ਚ ਲਖਨਊ ਜੂਨੀਅਰ ਵਿਸ਼ਵ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਜੂਨੀਅਰ ਟੀਮ ਦੇ ਖਿਡਾਰੀ ਦਿਪਸਨ ਟਿਰਕੀ ਨੇ 2017 ’ਚ ਸੀਨੀਅਰ ਹਾਕੀ ਟੀਮ ’ਚ ਬਰੇਕ ਹਾਸਲ ਕੀਤੀ। 23 ਸਾਲਾ ਇਹ ਖਿਡਾਰੀ 24 ਕੌਮਾਂਤਰੀ ਹਾਕੀ ਮੈਚਾਂ ’ਚ ਦੇਸ਼ ਦੀ ਨੁਮਾਇੰਦਗੀ ਕਰ ਚੁੱਕਾ ਹੈ। ਉਸ ਨੇ ਢਾਕਾ-2017 ਏਸ਼ੀਆ ਹਾਕੀ ਕੱਪ ’ਚ ਚੈਂਪੀਅਨ ਨਾਮਜ਼ਦ ਹੋਈ ਸੀਨੀਅਰ ਕੌਮੀ ਹਾਕੀ ਟੀਮ ਨਾਲ ਜਿੱਤ ਦਾ ਸੁਆਦ ਚੱਖਿਆ।

ਹਮਲਾਵਰ ਖਿਡਾਰੀ ਸ਼ਿਲਾਨੰਦ ਲਾਕੜਾ

2017 ’ਚ ਮਲੇਸ਼ੀਆ ’ਚ ਖੇਡੇ ਗਏ ਸੁਲਤਾਨ ਜੌਹਰ ਬਾਰੂ ਹਾਕੀ ਕੱਪ ’ਚ ਜੂਨੀਅਰ ਕੌਮੀ ਹਾਕੀ ਟੀਮ ਦੀ ਨੁਮਾਇੰਦਗੀ ’ਚ ਤਾਂਬੇ ਦਾ ਤਗਮਾ ਹਾਸਲ ਕਰਨ ਵਾਲੇ ਸ਼ਿਲਾਨੰਦ ਲਾਕੜਾ ਨੂੰ 2018 ’ਚ ਮਲੇਸ਼ੀਆ ਦਾ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ਖੇਡਣ ਲਈ ਸੀਨੀਅਰ ਕੌਮੀ ਹਾਕੀ ਟੀਮ ’ਚ ਬਰੇਕ ਹਾਸਲ ਹੋਈ। ਮਲੇਸ਼ੀਆ ’ਚ ਖੇਡੇ ਗਏ ਸੁਲਤਾਨ ਅਜ਼ਲਾਨ ਸ਼ਾਹ ਹਾਕੀ ਕੱਪ ’ਚ ਸਭ ਤੋਂ ਜ਼ਿਆਦਾ 5 ਗੋਲ ਸਕੋਰ ਕਰਨ ਸਦਕਾ ਉਹ ‘ਟਾਪ ਸਕੋਰਰ’ ਦੇ ਪਾਏਦਾਨ ’ਤੇ ਬਿਰਾਜਮਾਨ ਹੋਇਆ। 18 ਆਲਮੀ ਹਾਕੀ ਮੈਚਾਂ ’ਚ ਸੀਨੀਅਰ ਹਾਕੀ ਟੀਮ ਦੀ ਪ੍ਰਤੀਨਿਧਤਾ ਕਰਨ ਵਾਲੇ ਲਾਕੜਾ ਦਾ ਜਨਮ ਓਡੀਸ਼ਾ ਦੇ ਜ਼ਿਲ੍ਹਾ ਸੁੰਦਰਗੜ੍ਹ ’ਚ 5 ਮਈ, 1999 ਨੂੰ ਹੋਇਆ। ਮੈਦਾਨ ’ਚ ਸਟਰਾਈਕਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਇਸ ਖਿਡਾਰੀ ਨੂੰ ਸਕੋਰਿੰਗ ਪਾਵਰ ਖਿਡਾਰੀ ਕਿਹਾ ਜਾਂਦਾ ਹੈ, ਜਿਸ ’ਤੇ ਭਾਰਤੀ ਕੋਚਿੰਗ ਕੈਂਪ ਨੂੰ ਵੱਡੀਆਂ ਉਮੀਦਾਂ ਹਨ।

ਗੋਲਚੀ ਸੂਰਜ ਕਾਰਕੇਰਾ

ਚੋਣਕਾਰਾਂ ਵੱਲੋਂ ਿਸ਼ਨ ਪਾਠਕ ਤੋਂ ਬਾਅਦ ਢਾਕਾ ਚੈਂਪੀਅਨ ਹਾਕੀ ਟਰਾਫੀ ਖੇਡਣ ਲਈ ਕੌਮੀ ਹਾਕੀ ਟੀਮ ’ਚ ਸ਼ਾਮਲ ਕੀਤੇ ਗਏ ਦੂਜੇ ਗੋਲਕੀਪਰ ਸੂਰਜ ਕਾਰਕੇਰਾ ਨੂੰ ਸੀਨੀਅਰ ਹਾਕੀ ਟੀਮ ਨਾਲ 26 ਕੌਮਾਂਤਰੀ ਹਾਕੀ ਮੈਚਾਂ ’ਚ ਗੋਲਕੀਪਿੰਗ ਕਰਨ ਦਾ ਤਜਰਬਾ ਹਾਸਲ ਹੈ। ਮੁੰਬਈ ’ਚ 14 ਅਕਤੂਬਰ, 1995 ’ਚ ਜਨਮੇ ਇਸ ਖਿਡਾਰੀ ਨੂੰ ਸੀਨੀਅਰ ਹਾਕੀ ਟੀਮ ਨਾਲ ਢਾਕਾ-2017 ਏਸ਼ੀਆ ਹਾਕੀ ਕੱਪ ਖੇਡਣ ਦਾ ਮੌਕਾ ਹਾਸਲ ਹੋਇਆ, ਜਿਸ ’ਚ ਕੌਮੀ ਹਾਕੀ ਟੀਮ ਗੋਲਡ ਮੈਡਲ ਜਿੱਤਣ ਸਦਕਾ ਏਸ਼ੀਆ ਕੱਪ ਚੈਂਪੀਅਨ ਨਾਮਜ਼ਦ ਹੋਈ ਸੀ।

ਮਿੱਡਫੀਲਡਰ ਰਾਜ ਕੁਮਾਰ ਪਾਲ

ਢਾਕਾ ਹੀਰੋ ਏਸ਼ੀਅਨ ਚੈਂਪੀਅਨ ਹਾਕੀ ਟਰਾਫੀ ਖੇਡਣ ਲਈ ਭਾਰਤੀ ਹਾਕੀ ਟੀਮ ’ਚ ਸ਼ਾਮਲ ਕੀਤੇ ਗਏ ਰਾਜ ਕੁਮਾਰ ਦਾ ਜਨਮ ਉੱਤਰ ਪ੍ਰਦੇਸ਼ ਦੇ ਜ਼ਿਲ੍ਹਾ ਗਾਜ਼ੀਪੁਰ ਦੇ ਪਿੰਡ ਕਰਮਪੁਰ ’ਚ 1 ਮਈ, 1998 ’ਚ ਸਾਧਾਰਨ ਪਰਿਵਾਰ ’ਚ ਹੋਇਆ। ਮੈਦਾਨ ’ਚ ਮਿੱਡਫੀਲਡਰ ਦੀ ਪੁਜ਼ੀਸ਼ਨ ’ਤੇ ਖੇਡਣ ਵਾਲੇ ਰਾਜ ਕੁਮਾਰ ਨੇ ਫਰਵਰੀ-2020 ’ਚ ਐੱਫਆਈਐੱਚ ਹਾਕੀ ਲੀਗ ਖੇਡਣ ਲਈ ਸੀਨੀਅਰ ਹਾਕੀ ਟੀਮ ’ਚ ਬਰੇਕ ਹਾਸਲ ਕੀਤਾ ਸੀ। ਸੀਨੀਅਰ ਹਾਕੀ ਟੀਮ

ਨਾਲ 5 ਆਲਮੀ ਹਾਕੀ ਮੈਚਾਂ ’ਚ ਮੈਦਾਨ ’ਚ ਨਿੱਤਰ ਚੁੱਕੇ ਇਸ ਖਿਡਾਰੀ ਲਈ ਢਾਕਾ ’ਚ ਖੇਡਿਆ ਜਾਣ ਵਾਲਾ ਹਾਕੀ ਟੂਰਨਾਮੈਂਟ ਪਰਖ ਦੀ ਘੜੀ ਸਾਬਤ ਹੋਵੇਗਾ, ਜਿਸ ਤੋਂ ਬਾਅਦ ਸੀਨੀਅਰ ਟੀਮ ’ਚ ਉਸ ਦਾ ਕਰੀਅਰ ਤੈਅ ਹੋਵੇਗਾ।

ਅਟੈਕਿੰਗ ਮਿੱਡਫੀਲਡਰ ਹਾਰਦਿਕ ਸਿੰਘ

ਹਾਕੀ ਮੈਦਾਨ ਅੰਦਰ ਹਾਫ ਲਾਈਨ ’ਚ ਖੇਡਣ ਵਾਲਾ ਡਿਫੈਂਸਿਵ ਮਿੱਡਫੀਲਡਰ ਹਾਰਦਿਕ ਸਿੰਘ ਪਰਿਵਾਰ ਦੀ ਪੰਜਵੀਂ ਪੀੜ੍ਹੀ ’ਚ ਦੇਸ਼ ਦੀ ਕੌਮੀ ਟੀਮ ਦੀ ਨੁਮਾਇੰਦਗੀ ਕਰ ਰਿਹਾ ਹੈ। ਆਲਮੀ ਹਾਕੀ ਦੇ ਹਲਕਿਆਂ ’ਚ ‘ਗੋਲਡਨ ਗਰਲ’ ਦੇ ਨਾਂ ਨਾਲ ਜਾਣੀ ਜਾਂਦੀ ਮਹਿਲਾ ਹਾਕੀ ਟੀਮ ਦੀ ਸਾਬਕਾ ਕਪਤਾਨ ਰਾਜਬੀਰ ਕੌਰ ਤੇ ਉਸ ਦਾ ਪਤੀ ਓਲੰਪੀਅਨ ਗੁਰਮੇਲ ਸਿੰਘ, ਹਾਰਦਿਕ ਦੇ ਪਿਤਾ ਦੇ ਚਾਚੀ-ਚਾਚਾ ਹਨ। ਰਾਜਬੀਰ ਕੌਰ ਦੇ ਚਚੇਰੇ ਭਰਾ ਪ੍ਰਸਿੱਧ ਡਰੈਗ ਫਲਿੱਕਰ ਜੁਗਰਾਜ ਸਿੰਘ ਤੇ ਕੌਮੀ ਖਿਡਾਰੀ ਹਰਮੀਕ ਸਿੰਘ ਵੀ ਹਾਰਦਿਕ ਦੇ ਨੇੜਲੇ ਰਿਸ਼ਤੇਦਾਰ ਹਨ। 23 ਸਤੰਬਰ 1998 ’ਚ ਜਲੰਧਰ ਜ਼ਿਲ੍ਹੇ ਦੇ ਪਿੰਡ ਖੁਸਰੋਪੁਰ ’ਚ ਜਨਮਿਆ ਇਹ ਖਿਡਾਰੀ 2013 ਤਕ ਹਾਕੀ ਮੈਦਾਨ ਦੀ ਸਾਈਡ ਲਾਈਨ ’ਤੇ ਬਾਲ ਸਾਂਭਣ ਲਈ ‘ਬਾਲ ਬੁਆਏ’ ਹੋਇਆ ਕਰਦਾ ਸੀ।

ਸੈਂਟਰ ਸਟਰਾਈਕਰ ਆਕਾਸ਼ਦੀਪ ਸਿੰਘ

26 ਸਾਲਾ ਆਕਾਸ਼ਦੀਪ ਦੀ ਸ਼ਾਨਦਾਰ ਹਾਕੀ ਦਾ ਨਤੀਜਾ ਹੈ ਕਿ 194 ਆਲਮੀ ਮੈਚਾਂ ’ਚ ਉਹ ਵਿਰੋਧੀ ਟੀਮਾਂ ’ਤੇ 72 ਗੋਲ ਦਾਗਣ ਦੇ ਝੰਡੇ ਗੱਡ ਚੁੱਕਾ ਹੈ। 2 ਦਸੰਬਰ 1994 ਨੂੰ ਜ਼ਿਲ੍ਹਾ ਤਰਨ ਤਾਰਨ ਦੇ ਪਿੰਡ ਵੈਰੋਵਾਲ ’ਚ ਜਨਮੇ ਇਸ ਖਿਡਾਰੀ ਨੇ ਸਕੂਲੀ ਸਿੱਖਿਆ ਦੌਰਾਨ ਹੀ ਗੁਰੂ ਅੰਗਦ ਦੇਵ ਸਪੋਰਟਸ ਕਲੱਬ ਤੋਂ ਹਾਕੀ ਖੇਡਣ ਦਾ ਆਗ਼ਾਜ਼ ਕੀਤਾ। ਇਸ ਤੋਂ ਬਾਅਦ ਯੂਥ ਕਰੀਅਰ ’ਚ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਹਾਕੀ ਅਕਾਦਮੀ ਤੋਂ ਖੇਡ ਗੁਰ ਹਾਸਲ ਕਰਨ ਤੋਂ ਬਾਅਦ ਸੁਰਜੀਤ ਸਿੰਘ ਹਾਕੀ ਅਕਾਦਮੀ ਜਲੰਧਰ ਨਾਲ ਜੁੜ ਗਿਆ। ਇੱਥੋਂ ਚੋਣ ਤੋਂ ਬਾਅਦ ਉਸ ਨੇ ਅੰਡਰ-21 ਹਾਕੀ ਟੀਮ ਨਾਲ ਲਗਾਤਾਰ 40 ਮੈਚਾਂ ਦੀ ਸ਼ਾਨਦਾਰ ਪਾਰੀ ਖੇਡੀ। ਪੰਜਾਬ ਪੁਲਿਸ ’ਚ ਡੀਐੱਸਪੀ ਦੇ ਅਹੁਦੇ ’ਤੇ ਤਾਇਨਾਤ ਇਸ ਹੋਣਹਾਰ ਖਿਡਾਰੀ ਦਾ ਵੱਡਾ ਭਰਾ ਪ੍ਰਭਦੀਪ ਸਿੰਘ ਵੀ ਆਲਮੀ ਹਾਕੀ ਖਿਡਾਰੀ ਹੈ।

Related posts

ਪੈਰਾ ਉਲੰਪਿਕ ਬੈਡਮਿੰਟਨ ਖਿਡਾਰੀ ਸੰਜੀਵ ਨੇ ਯੂਗਾਂਡਾ ’ਚ ਜਿੱਤਿਆ ਚਾਂਦੀ ਦਾ ਮੈਡਲ

On Punjab

Australian Open 2022: ਨਡਾਲ ਕੁਆਰਟਰ ਫਾਈਨਲ ’ਚ, 21ਵੇਂ ਗ੍ਰੈਂਡਸਲੈਮ ਤੋਂ ਤਿੰਨ ਕਦਮ ਦੂਰ

On Punjab

Emmy Awards 2021: ‘ਦਿ ਕ੍ਰਾਊਨ’ ਤੇ ‘ਟੇਡ ਲਾਸਸੋ’ ਨੇ ਮਚਾਈ ਧਮਾਲ, ਇਹ ਰਹੀ ਜੇੇਤੂਆਂ ਦੀ ਸੂਚੀ

On Punjab