PreetNama
ਰਾਜਨੀਤੀ/Politics

ਭਾਰਤੀ ਫ਼ੌਜ ਨੇ ਬਦਲੇ ‘ਅਗਨੀਵੀਰ’ ਭਰਤੀ ਦੇ ਨਿਯਮ, ਹੁਣ ਆਨਲਾਈਨ ਸੀਈਈ ਲਾਜ਼ਮੀ

ਭਾਰਤੀ ਫ਼ੌਜ ਨੇ ‘ਅਗਨੀਵੀਰ’ ਭਰਤੀ ਪ੍ਰਕਿਰਿਆ ਵਿੱਚ ਬਦਲਾਅ ਦਾ ਐਲਾਨ ਕੀਤਾ ਹੈ, ਜਿਸ ਤਹਿਤ ਫ਼ੌਜ ’ਚ ਭਰਤੀ ਹੋਣ ਦੇ ਇੱਛੁਕ ਉਮੀਦਵਾਰਾਂ ਨੂੰ ਹੁਣ ਪਹਿਲਾਂ ਆਨਲਾਈਨ ਸਾਂਝੀ ਦਾਖ਼ਲਾ ਪ੍ਰੀਖਿਆ (ਸੀਈਈ) ਦੇਣੀ ਹੋਵੇਗੀ। ਇਸ ਤੋਂ ਬਾਅਦ ਉਮੀਦਵਾਰਾਂ ਨੂੰ ਸ਼ਰੀਰਕ ਤੌਰ ’ਤੇ ਤੰਦਰੁਸਤ ਹੋਣ (ਫਿਜ਼ੀਕਲ ਫਿਟਨੈੱਸ) ਸਬੰਧੀ ਟੈਸਟ ਤੇ ਮੈਡੀਕਲ ਜਾਂਚ ’ਚੋਂ ਗੁਜ਼ਰਨਾ ਹੋਵੇਗਾ। ਫ਼ੌਜ ਵੱਲੋਂ ਵੱਖ-ਵੱਖ ਅਖ਼ਬਾਰਾਂ ਵਿੱਚ ਪ੍ਰਕਿਰਿਆ ’ਚ ਬਦਲਾਅ ਸਬੰਧੀ ਇਸ਼ਤਿਹਾਰ ਦਿੱਤੇ ਗਏ ਹਨ।

ਹਾਲਾਂਕਿ, ਸੂਤਰਾਂ ਨੇ ਸ਼ਨਿਚਰਵਾਰ ਨੂੰ ਦੱਸਿਆ ਕਿ ਇਸ ਸਬੰਧੀ ਨੋਟੀਫਿਕੇਸ਼ਨ ਫਰਵਰੀ ਦੇ ਅੱਧ ਤੱਕ ਜਾਰੀ ਹੋਣ ਦੀ ਆਸ ਹੈ। ਸੂਤਰਾਂ ਨੇ ਦੱਸਿਆ ਕਿ ਭਰਤੀ ਲਈ ਪਹਿਲੀ ਆਨਲਾਈਨ ਪ੍ਰੀਖਿਆ ਅਪਰੈਲ ਵਿੱਚ ਦੇਸ਼ ਭਰ ਦੇ ਲਗਪਗ 200 ਸਥਾਨਾਂ ’ਤੇ ਕਰਵਾਈ ਜਾ ਸਕਦੀ ਹੈ ਅਤੇ ਇਸ ਸਬੰਧੀ ਸਾਰੀਆਂ ਤਿਆਰੀਆਂ ਨੂੰ ਅੰਤਿਮ ਰੂਪ ਦੇ ਦਿੱਤਾ ਗਿਆ ਹੈ। ਸੂਤਰ ਨੇ ਕਿਹਾ ਕਿ ਇਸ ਬਦਲਾਅ ਨਾਲ ਭਰਤੀ ਰੈਲੀਆਂ ਦੌਰਾਨ ਦੇਖੀ ਜਾਣ ਵਾਲੀ ਭਾਰੀ ਭੀੜ ਘਟੇਗੀ ਤੇ ਭਰਤੀ ਦਾ ਪ੍ਰਬੰਧਨ ਤੇ ਸੰਚਾਲਨ ਆਸਾਨ ਹੋ ਜਾਵੇਗਾ।

ਸ਼ੁੱਕਰਵਾਰ ਨੂੰ ਇਕ ਮੋਹਰੀ ਅਖਬਾਰ ਵਿੱਚ ‘ਭਾਰਤੀ ਫ਼ੌਜ ਦੀ ਭਰਤੀ ’ਚ ਪਰਿਵਰਤਨਸ਼ੀਲ ਤਬਦੀਲੀਆਂ’ ਸਿਰਲੇਖ ਹੇਠ ਛਪੇ ਇਸ਼ਤਿਹਾਰ ਵਿੱਚ ਭਰਤੀ ਪ੍ਰਕਿਰਿਆ ਲਈ ਨਵੀਂ ਤਿੰਨ ਪੜਾਵੀ ਕਾਰਜਪ੍ਰਣਾਲੀ ਦੱਸੀ ਗਈ ਹੈ। ਇਸ ਤਹਿਤ ਪਹਿਲੇ ਪੜਾਅ ਵਿੱਚ ਵੱਖ-ਵੱਖ ਪ੍ਰੀਖਿਆ ਕੇਂਦਰਾਂ ਵਿੱਚ ਸਾਰੇ ਉਮੀਦਵਾਰਾਂ ਦੀ ਆਨਲਾਈਨ ਸਾਂਝੀ ਦਾਖਲਾ ਪ੍ਰੀਖਿਆ ਹੋਵੇਗੀ।

ਉਸ ਤੋਂ ਬਾਅਦ ਸਾਂਝੀ ਦਾਖਲਾ ਪ੍ਰੀਖਿਆ ਪਾਸ ਕਰਨ ਵਾਲੇ ਉਮੀਦਵਾਰਾਂ ਦਾ ਸ਼ਰੀਰਕ ਫਿਟਨੈੱਸ ਟੈਸਟ ਹੋਵੇਗਾ ਅਤੇ ਅਖੀਰ ਵਿੱਚ ਮੈਡੀਕਲ ਜਾਂਚ ਹੋਵੇਗੀ। ਸੂਤਰ ਨੇ ਕਿਹਾ, ‘‘ਅਗਨੀਵੀਰ ਭਰਤੀ ਪ੍ਰਕਿਰਿਆ ਲਈ ਪਹਿਲਾਂ ਉਮੀਦਵਾਰਾਂ ਨੂੰ ਸ਼ਰੀਰਕ ਫਿਟਨੈੱਸ ਟੈਸਟ, ਫਿਰ ਮੈਡੀਕਲ ਜਾਂਚ ’ਚੋਂ ਲੰਘਦੇ ਹੋਏ ਅਖ਼ੀਰ ਸਾਂਝੀ ਦਾਖਲਾ ਪ੍ਰੀਖਿਆ ਵਿੱਚ ਬੈਠਣਾ ਪੈਂਦਾ ਸੀ ਪਰ ਹੁਣ ਸਾਂਝੀ ਦਾਖਲਾ ਪ੍ਰੀਖਿਆ ਭਰਤੀ ਪ੍ਰਕਿਰਿਆ ਦਾ ਸਭ ਤੋਂ ਪਹਿਲਾ ਪੜਾਅ ਹੈ।’’

Related posts

ਬੀਜੇਪੀ ਨਾਲੋਂ ਯਾਰੀ ਟੁੱਟਣ ਮਗਰੋਂ ਮਜੀਠੀਆ ਨੇ ਜੋੜੇ ਕੈਪਟਨ ਦੇ ਮੋਦੀ ਨਾਲ ਤਾਰ

On Punjab

ਭਾਰਤੀ ਆਰਥਿਕਤਾ ਬਾਰੇ ਡਾ. ਮਨਮੋਹਨ ਸਿੰਘ ਦੇ ਵੱਡੇ ਖਲਾਸੇ

On Punjab

ਤਹਿਸੀਲਦਾਰਾਂ ਨੂੰ ਚੇਤਾਵਨੀ : ਨਾ ਲਿਫਾਂਗੇ ਤੇ ਨਾ ਝੁਕਾਂਗੇ : ਭਗਵੰਤ ਮਾਨ

On Punjab