PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਬੀਬੀਐੱਮਬੀ ਦੇ ਫੈਸਲੇ ਸਮੇਤ ਪਾਣੀਆਂ ਦੇ ਮਾਮਲਿਆਂ ’ਤੇ ਸਰਬਸੰਮਤੀ ਨਾਲ ਮਤਾ ਪਾਸ, ਡੈਮ ਸੇਫਟੀ ਐਕਟ ਪੰਜਾਬ ਦੇ ਹੱਕਾਂ ’ਤੇ ਹਮਲਾ ਕਰਾਰ

ਚੰਡੀਗੜ੍ਹ- ਪੰਜਾਬ ਵਿਧਾਨ ਸਭਾ ਨੇ ਅੱਜ ਬੀਬੀਐੱਮਬੀ ਦੇ ਫੈਸਲੇ ਸਮੇਤ ਪਾਣੀਆਂ ਦੇ ਮਾਮਲਿਆਂ ਨੂੰ ਲੈ ਕੇ ਸਰਬਸੰਮਤੀ ਨਾਲ ਮਤਾ ਪਾਸ ਕਰ ਦਿੱਤਾ ਹੈ। ਭਾਰਤੀ ਜਨਤਾ ਪਾਰਟੀ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਪ੍ਰਸਤਾਵ ਵਿਚ ‘ਭਾਜਪਾ’ ਸ਼ਬਦ ਹੋਣ ’ਤੇ ਇਤਰਾਜ਼ ਕੀਤਾ, ਪਰੰਤੂ ਉਨ੍ਹਾਂ ਨੇ ਵੀ ਇਸ ਮਤੇ ’ਤੇ ਸਹਿਮਤੀ ਦੇ ਦਿੱਤੀ। ਇਸ ਮਤੇ ਜ਼ਰੀਏ ਡੈਮ ਸੇਫਟੀ ਐਕਟ 2021 ਨੂੰ ਵੀ ਰੱਦ ਕਰ ਦਿੱਤਾ ਹੈ। ਇਸ ਦੌਰਾਨ ਕਾਂਗਰਸੀ ਵਿਧਾਇਕ ਤ੍ਰਿਪਤ ਰਾਜਿੰਦਰ ਸਿੰਘ ਬਾਜਵਾ ਨੇ ਮਸ਼ਵਰਾ ਦਿੱਤਾ ਕਿ ਸੂਬਾ ਸਰਕਾਰ ਆਪਣਾ ਡੈਮ ਸੈਫਟੀ ਐਕਟ ਲੈ ਕੇ ਆਵੇ, ਜਿਸ ਨੂੰ ਮੁੱਖ ਮੰਤਰੀ ਭਗਵੰਤ ਮਾਨ ਨੇ ਸਵਿਕਾਰ ਕਰ ਲਿਆ। ਸਦਨ ਨੇ ਸਰਬ ਸੰਮਤੀ ਨਾਲ ਕਿਹਾ ਕਿ ਹਰਿਆਣਾ ਨੂੰ ਦੇਣ ਲਈ ਪੰਜਾਬ ਕੋਲ ਪਾਣੀ ਦੀ ਇਕ ਬੂੰਦ ਵੀ ਫਾਲਤੂ ਨਹੀਂ ਹੈ।

ਇਸ ਤੋਂ ਪਹਿਲਾਂ ਪੰਜਾਬ ਵਿਧਾਨ ਸਭਾ ਦਾ ਸਪੈਸ਼ਲ ਸੈਸ਼ਨ ਸ਼ੁਰੂ ਹੋਣ ਮੌਕੇ ਹਰਿਆਣਾ ਨੂੰ ਵਾਧੂ ਪਾਣੀ ਦੇਣ ਖ਼ਿਲਾਫ਼ ਮਤਾ ਲਿਆਂਦਾ ਗਿਆ ਸੀ। ਪੰਜਾਬ ਦੇ ਜਲ ਸਿੰਜਾਈ ਮੰਤਰੀ ਬਰਿੰਦਰ ਗੋਇਲ ਨੇ ਮਤਾ ਪੇਸ਼ ਕਰਦਿਆਂ ਕਿਹਾ ਸੀ ਕਿ ਹਰਿਆਣਾ ਨੂੰ ਇਨਸਾਨੀਅਤ ਨਾਤੇ 4000 ਕਿਊਸਿਕ ਪਾਣੀ ਜਾਰੀ ਰਹੇਗਾ ਤੇ ਇਸ ਤੋਂ ਇਲਾਵਾ ਇਕ ਵੀ ਬੂੰਦ ਫਾਲਤੂ ਨਹੀਂ ਦਿੱਤੀ ਜਾਵੇਗੀ।

ਉਨ੍ਹਾਂ ਮੰਗ ਕੀਤੀ ਕਿ ਨਦੀਆਂ ਦੇ ਪਾਣੀ ਦੇ ਬਟਵਾਰੇ ਲਈ ਨਵੀਂ ਸੰਧੀ ਕੀਤੀ ਜਾਵੇ। ਉਨ੍ਹਾਂ ਪੇਸ਼ ਮਤੇ ਵਿਚ ਡੈਮ ਸੇਫਟੀ ਐਕਟ 2021 ਨੂੰ ਪੰਜਾਬ ਦੇ ਅਧਿਕਾਰਾਂ ’ਤੇ ਹਮਲਾ ਦੱਸਿਆ ਅਤੇ ਇਸ ਐਕਟ ਨੂੰ ਫੌਰੀ ਰੱਦ ਕਰਨ ਲਈ ਕਿਹਾ। ਪੇਸ਼ ਮਤੇ ਵਿਚ BBMB ਵੱਲੋਂ ਬੁਲਾਈ ਮੀਟਿੰਗ ਨੂੰ ਗੈਰਕਾਨੂੰਨੀ ਦੱਸਿਆ। ਇਹ ਵੀ ਕਿਹਾ ਕਿ ਬੀਬੀਐੱਮਬੀ ਕੋਈ ਵੀ ਗੈਰਕਾਨੂੰਨੀ ਫੈਸਲਾ ਲੈਣ ਤੋਂ ਗੁਰੇਜ਼ ਕਰੇ। ਜਲ ਸਰੋਤ ਮੰਤਰੀ ਬਰਿੰਦਰ ਗੋਇਲ ਨੇ ਕਿਹਾ ਕਿ ਬੀਬੀਐਮਬੀ ਪੰਜਾਬ ਨਾਲ ਥਾਣੇਦਾਰਾਂ ਵਰਗਾ ਵਿਵਹਾਰ ਕਰ ਰਿਹਾ। ਆਏ ਦਿਨ ਮੀਟਿੰਗਾਂ ਕਰਕੇ ਗੈਰਕਾਨੂੰਨੀ ਫੈਸਲਾ ਕਰ ਰਿਹਾ ਹੈ। ਪੰਜਾਬ ਨੇ ਮਤੇ ਰਾਹੀਂ ਯਮੁਨਾ ਦੇ ਪਾਣੀ ’ਚੋਂ ਹਿੱਸਾ ਮੰਗਿਆ। ਵਿਧਾਨ ਸਭਾ ’ਚ ਵਿਰੋਧੀ ਧਿਰ ਦੇ ਨੇਤਾ ਪ੍ਰਤਾਪ ਸਿੰਘ ਬਾਜਵਾ ਨੇ ਮਤੇ ਦੀ ਹਮਾਇਤ ਕੀਤੀ। ਉਨ੍ਹਾਂ ਬੀਬੀਐੱਮਬੀ ਤੇ ਡੈਮ ਸੇਫਟੀ ਐਕਟ ਰੱਦ ਕਰਨ ਦੀ ਮੰਗ ਵੀ ਕੀਤੀ।

ਭਾਜਪਾ ਦੇ ਵਿਧਾਇਕ ਅਸ਼ਵਨੀ ਸ਼ਰਮਾ ਨੇ ਮਤੇ ਵਿੱਚ ਸੈਂਟਰ ਦਾ ਜ਼ਿਕਰ ਹੋਣ ’ਤੇ ਇਤਰਾਜ਼ ਕੀਤਾ। ਵਿਧਾਨ ਸਭਾ ਚ ਅਹਿਮ ਮਤੇ ’ਤੇ ਬਹਿਸ ਮੌਕੇ ਅਕਾਲੀ ਦਲ ਦੀ ਵਿਧਾਇਕ ਗਨੀਵ ਕੌਰ ਮਜੀਠੀਆ ਸਦਨ ’ਚੋ ਗੈਰਹਾਜ਼ਰ ਰਹੇ।

ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ- ਪੰਜਾਬ ਵਿਧਾਨ ਸਭਾ ਦਾ ਵਿਸ਼ੇਸ਼ ਇਜਲਾਸ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀਆਂ ਦੇਣ ਨਾਲ ਸ਼ੁਰੂ ਹੋਇਆ। ਸਦਨ ਨੇ 22 ਅਪਰੈਲ ਨੂੰ ਹੋਏ ਪਹਿਲਗਾਮ ਦਹਿਸ਼ਤੀ ਹਮਲੇ ਦੇ ਪੀੜਤਾਂ ਨੂੰ ਸ਼ਰਧਾਂਜਲੀ ਭੇਟ ਕੀਤੀ।

ਸਪੀਕਰ ਕੁਲਤਾਰ ਸਿੰਘ ਸੰਧਵਾਂ ਨੇ ਕਿਹਾ ਕਿ ਸਦਨ ਬੇਸ਼ੱਕ ਮਾਸੂਮ ਸੈਲਾਨੀਆਂ ’ਤੇ ਹੋਈ ਹਿੰਸਾ ਦੀ ਨਿੰਦਾ ਕਰਦਾ ਹੈ ਪਰ ਸਦਨ ਨੂੰ ਉਮੀਦ ਹੈ ਕਿ ਕੇਂਦਰ ਅਤੇ ਸੂਬਾ (ਜੰਮੂ-ਕਸ਼ਮੀਰ) ਸਰਕਾਰ ਦੋਸ਼ੀਆਂ ਨੂੰ ਸਜ਼ਾ ਦਿਵਾਉਣ ਲਈ ਆਪਣੀ ਪੂਰੀ ਤਾਕਤ ਨਾਲ ਕੋਸ਼ਿਸ਼ ਕਰੇਗੀ ਅਤੇ ਇਹ ਯਕੀਨੀ ਬਣਾਏਗੀ ਕਿ ਅਜਿਹੀਆਂ ਭਿਆਨਕ ਘਟਨਾਵਾਂ ਮੁੜ ਨਾ ਵਾਪਰਨ।

ਕਾਬਿਲੇਗੌਰ ਹੈ ਕਿ ਇਹ ਇੱਕ ਦਿਨ ਦਾ ਵਿਸ਼ੇਸ਼ ਇਜਲਾਸ ਭਾਖੜਾ ਬਿਆਸ ਪ੍ਰਬੰਧਨ ਬੋਰਡ (ਬੀਬੀਐਮਬੀ) ਵੱਲੋਂ 30 ਅਪਰੈਲ ਨੂੰ ਜਾਰੀ ਕੀਤੇ ਗਏ ਹੁਕਮ ’ਤੇ ਚਰਚਾ ਕਰਨ ਲਈ ਬੁਲਾਇਆ ਗਿਆ ਸੀ, ਜਿਸ ਵਿੱਚ ਪੰਜਾਬ ਨੂੰ ਹਰਿਆਣਾ ਨੂੰ ਕੁੱਲ 8500 ਕਿਊਸਿਕ ਵਾਧੂ ਪਾਣੀ ਦੇਣ ਲਈ ਕਿਹਾ ਗਿਆ ਹੈ। ਜਦੋਂ ਕਿ ਪੰਜਾਬ ਭਾਖੜਾ ਡੈਮ ਤੋਂ ਗੁਆਂਢੀ ਸੂਬੇ ਨੂੰ 4000 ਕਿਊਸਿਕ ਵਾਧੂ ਪਾਣੀ ਦੇ ਰਿਹਾ ਸੀ। ਸੂਬੇ ਨੇ ਹਰਿਆਣਾ ਦੀ 4500 ਕਿਊਸਿਕ ਹੋਰ ਪਾਣੀ ਦੇਣ ਦੀ ਮੰਗ ਨੂੰ ਮੰਨਣ ਤੋਂ ਇਨਕਾਰ ਕਰ ਦਿੱਤਾ ਹੈ। ਸੂਬੇ ਦੀਆਂ ਸਾਰੀਆਂ ਵਿਰੋਧੀ ਸਿਆਸੀ ਪਾਰਟੀਆਂ ਪਹਿਲਾਂ ਹੀ ਇਸ ਮੁੱਦੇ ’ਤੇ ਸੱਤਾਧਾਰੀ ਪਾਰਟੀ, ਆਮ ਆਦਮੀ ਪਾਰਟੀ ਦਾ ਸਮਰਥਨ ਕਰ ਚੁੱਕੀਆਂ ਹਨ।

ਵਿਸ਼ੇਸ਼ ਇਜਲਾਸ ਦੌਰਾਨ ਸਦਨ ਨੇ ਪੰਜਾਬ ਦੇ ਸਾਬਕਾ ਸੰਸਦ ਮੈਂਬਰ ਮਾਸਟਰ ਭਗਤ ਰਾਮ ਅਤੇ ਸਾਬਕਾ ਮੰਤਰੀ ਰਣਧੀਰ ਸਿੰਘ ਚੀਮਾ ਨੂੰ ਵੀ ਸ਼ਰਧਾਂਜਲੀ ਭੇਟ ਕੀਤੀ। ਸਾਰੇ ਵਿਧਾਇਕਾਂ ਵੱਲੋਂ ਵਿਛੜੀਆਂ ਰੂਹਾਂ ਲਈ ਦੋ ਮਿੰਟ ਦਾ ਮੌਨ ਰੱਖਿਆ ਗਿਆ।

Related posts

ਪੀਏਯੂ ਦੇ ਮੌਸਮ ਵਿਗਿਆਨੀ ਡਾ. ਹਰਪ੍ਰੀਤ ਸਿੰਘ ਦਾ ਕੈਨੇਡਾ ’ਚ ਦੇਹਾਂਤ

On Punjab

Cyclone Biporjoy:: ਗੁਜਰਾਤ ‘ਚ ਬਿਪਰਜਯ ਦਾ ਅਸਰ, 12 ਹਜ਼ਾਰ ਤੋਂ ਵੱਧ ਬਿਜਲੀ ਦੇ ਖੰਭੇ ਟੁੱਟੇ; ਪੰਜ ਜ਼ਿਲਿਆਂ ‘ਚ ਰੈੱਡ ਅਲਰਟ

On Punjab

ਅਨਮੋਲ ਬਾਜਵਾ ਦੇ ਭਰਾ ਵੱਲੋਂ ਹੱਤਿਆ ਦੇ ਸਾਜ਼ਿਸ਼ਕਾਰਾਂ ਦਾ ਪਤਾ ਲਾਉਣ ਦੀ ਮੰਗ

On Punjab