ਅੰਮ੍ਰਿਤਸਰ- ਪਿਛਲੇ 24 ਘੰਟਿਆਂ ਦੌਰਾਨ ਅੰਮ੍ਰਿਤਸਰ ਸਰਹੱਦ ’ਤੇ ਕੀਤੇ ਗਏ ਅਪ੍ਰੇਸ਼ਨ ਵਿੱਚ ਬੀਐਸਐਫ ਨੇ ਇੱਕ ਨਾਰਕੋ-ਤਸਕਰ ਨੂੰ ਗ੍ਰਿਫ਼ਤਾਰ ਕੀਤਾ ਅਤੇ ਦੋ ਡਰੋਨ ਅਤੇ ਹੈਰੋਇਨ ਬਰਾਮਦ ਕੀਤੀ। ਬੀਐਸਐਫ ਅਧਿਕਾਰੀ ਨੇ ਦੱਸਿਆ ਕਿ ਬੀਐਸਐਫ ਇੰਟੈਲੀਜੈਂਸ ਵਿੰਗ ਅਤੇ ਏਐਨਟੀਐਫ ਅੰਮ੍ਰਿਤਸਰ ਵਲੋਂ ਕੀਤੇ ਗਏ ਇੱਕ ਸਾਂਝੇ ਅਪ੍ਰੇਸ਼ਨ ਵਿੱਚ ਇੱਕ ਤਸਕਰ ਨੂੰ ਗ੍ਰਿਫ਼ਤਾਰ ਕੀਤਾ ਗਿਆ ਅਤੇ ਉਸ ਕੋਲੋਂ 300 ਗ੍ਰਾਮ ਵਜ਼ਨ ਦਾ ਇੱਕ ਪੈਕੇਟ ਹੈਰੋਇਨ ਅਤੇ ਇੱਕ ਕਾਰ ਬਰਾਮਦ ਕੀਤੀ ਗਈ। ਗ੍ਰਿਫ਼ਤਾਰ ਕੀਤਾ ਗਿਆ ਵਿਅਕਤੀ ਲਾਹੋਰੀਮਲ ਪਿੰਡ ਦਾ ਰਹਿਣ ਵਾਲਾ ਹੈ ਜਿਸ ਨੂੰ ਹੋਰ ਜਾਂਚ ਲਈ ਏਐਨਟੀਐਫ ਅੰਮ੍ਰਿਤਸਰ ਦੀ ਹਿਰਾਸਤ ਵਿੱਚ ਭੇਜ ਦਿੱਤਾ ਗਿਆ ਹੈ।
ਇਸ ਦੌਰਾਨ ਬੀਐਸਐਫ ਜਵਾਨਾਂ ਨੇ ਪਿੰਡ ਹਰਦੋ ਰਤਨ ਵਿੱਚ ਇੱਕ ਖੇਤ ਤੋਂ ਇੱਕ ਡੀਜੇਆਈ ਮੈਵਿਕ 3 ਡਰੋਨ ਅਤੇ 545 ਗ੍ਰਾਮ ਵਜ਼ਨ ਦਾ ਇੱਕ ਪੈਕੇਟ ਹੈਰੋਇਨ ਬਰਾਮਦ ਕੀਤਾ। ਇਸੇ ਤਰ੍ਹਾਂ ਬੀਐਸਐਫ ਇੰਟੈਲੀਜੈਂਸ ਵਿੰਗ ਤੋਂ ਮਿਲੀ ਜਾਣਕਾਰੀ ਦੇ ਆਧਾਰ ‘ਤੇ ਇੱਕ ਹੋਰ ਕਾਰਵਾਈ ਵਿੱਚ ਬੀਐਸਐਫ ਦੇ ਜਵਾਨਾਂ ਨੇ ਪਿੰਡ ਰਾਏਪੁਰ ਕਲਾਂ ਦੇ ਨਾਲ ਲੱਗਦੇ ਖੇਤਾਂ ਵਿੱਚੋਂ ਇੱਕ ਡੀਜੇਆਈ ਮੈਵਿਕ 4 ਪ੍ਰੋ ਡਰੋਨ ਅਤੇ 570 ਗ੍ਰਾਮ ਹੈਰੋਇਨ ਦਾ ਇੱਕ ਪੈਕੇਟ ਬਰਾਮਦ ਕੀਤਾ।

