32.18 F
New York, US
January 22, 2026
PreetNama
ਖਬਰਾਂ/News

ਬਾਗ਼ੀ ਵਿਧਾਇਕ ਜ਼ੀਰਾ ਕਾਂਗਰਸ ‘ਚ ਮੁੜ ਬਹਾਲ

ਚੰਡੀਗੜ੍ਹ: ਨਸ਼ਿਆਂ ਦੇ ਮੁੱਦੇ ‘ਤੇ ਕੈਪਟਨ ਸਰਕਾਰ ਤੇ ਪੁਲਿਸ ਪ੍ਰਸ਼ਾਸਨ ਵਿਰੁੱਧ ਆਵਾਜ਼ ਚੁੱਕਣ ਵਾਲੇ ਕਾਂਗਰਸ ‘ਚੋਂ ਮੁਅੱਤਲ ਕੀਤੇ ਜ਼ੀਰਾ ਦੇ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੂੰ ਆਖ਼ਰਕਾਰ ਪਾਰਟੀ ਨੇ ਮੁੜ ਬਹਾਲ ਕਰ ਦਿੱਤਾ ਹੈ। ਹਾਲਾਂਕਿ, ਬੀਤੀ 18 ਜਨਵਰੀ ਨੂੰ ਵੀ ਵਿਧਾਇਕ ਦੀ ਪਾਰਟੀ ਵਿੱਚੋਂ ਮੁਅੱਤਲੀ ਰੱਦ ਕਰਨ ਦੀ ਖ਼ਬਰ ਆਈ ਸੀ, ਪਰ ਬਾਅਦ ਵਿੱਚ ਪਾਰਟੀ ਨੇ ਇਸ ਤੋਂ ਇਨਕਾਰ ਕਰ ਦਿੱਤਾ ਸੀ। 25 ਜਨਵਰੀ ਨੂੰ ਪੰਜਾਬ ਕਾਂਗਰਸ ਭਵਨ ਵਿੱਚ ਹੋਈ ਬੈਠਕ ਮਗਰੋਂ ਇਹ ਫੈਸਲਾ ਲਿਆ ਗਿਆ ਹੈ।

ਕਾਂਗਰਸ ਭਵਨ ਵਿੱਚ ਹੋਈ ਬੈਠਕ ਉਪਰੰਤ ਪਾਰਟੀ ਦੇ ਪੰਜਾਬ ਪ੍ਰਧਾਨ ਸੁਨੀਲ ਜਾਖੜ ਨੇ ਜ਼ੀਰਾ ਨੂੰ ਬਹਾਲ ਕੀਤੇ ਜਾਣ ਦੀ ਪੁਸ਼ਟੀ ਕੀਤੀ ਹੈ। ਹਾਲਾਂਕਿ, ਬੀਤੀ 18 ਨੂੰ ਵੀ ਕਾਂਗਰਸ ਦੀ ਪੰਜਾਬ ਮਾਮਲਿਆਂ ਦੀ ਇੰਚਾਰਜ ਆਸ਼ਾ ਕੁਮਾਰੀ ਨਾਲ ਮੀਟਿੰਗ ਤੋਂ ਬਾਅਦ ਕੈਬਨਿਟ ਮੰਤਰੀ ਸੁਖਜਿੰਦਰ ਰੰਧਾਵਾ ਨੇ ਕਿਹਾ ਸੀ ਕਿ ਉਨ੍ਹਾਂ ਮਸਲਾ ਸੁਲਝਾਅ ਲਿਆ ਹੈ ਤੇ ਹੁਣ ਸਭ ਕੁਝ ਪਹਿਲਾਂ ਵਾਂਗ ਹੈ।

ਦਰਅਸਲ, ਬੀਤੀ 12 ਜਨਵਰੀ ਨੂੰ ਫ਼ਿਰੋਜ਼ਪੁਰ ਵਿੱਚ ਪੰਜਾਬ ਸਰਕਾਰ ਵੱਲੋਂ ਸਰਪੰਚਾਂ ਨੂੰ ਸਹੁੰ ਚੁੱਕਵਾਉਣ ਲਈ ਵੱਡੇ ਪੱਧਰ ‘ਤੇ ਕਰਵਾਏ ਸਮਾਗਮ ਦੌਰਾਨ ਜ਼ੀਰਾ ਤੋਂ ਵਿਧਾਇਕ ਕੁਲਬੀਰ ਸਿੰਘ ਜ਼ੀਰਾ ਨੇ ਮਨਪ੍ਰੀਤ ਬਾਦਲ ਦੀ ਮੌਜੂਦਗੀ ਵਿੱਚ ਹੀ ਸਮਾਗਮ ਦਾ ਬਾਈਕਾਟ ਕਰ ਕੇ ਉੱਥੋਂ ਚਲੇ ਗਏ ਸਨ।

ਜ਼ੀਰਾ ਨੇ ਦੋਸ਼ ਲਾਇਆ ਸੀ ਕਿ ਸਰਕਾਰ ਤੇ ਪੁਲਿਸ ਨਸ਼ੇ ਖ਼ਤਮ ਕਰਨ ਵਿੱਚ ਸਫ਼ਲ ਨਹੀਂ ਹੋਈ। ਜ਼ੀਰਾ ਨੇ ਫ਼ਿਰੋਜ਼ਪੁਰ ਰੇਂਜ ਦੇ ਆਈਜੀ ਮੁਖਵਿੰਦਰ ਸਿੰਘ ਛੀਨਾ ‘ਤੇ ਗੰਭੀਰ ਇਲਜ਼ਾਮ ਵੀ ਲਾਏ ਸਨ, ਜਿਸ ਦੀ ਜਾਂਚ ਲਈ ਉਨ੍ਹਾਂ ਪੰਜਾਬ ਦੇ ਡੀਜੀਪੀ ਸੁਰੇਸ਼ ਅਰੋੜਾ ਨਾਲ ਵੀ ਮੁਲਾਕਾਤ ਕੀਤੀ ਸੀ। ਪਾਰਟੀ ਤੋਂ ਆਕੀ ਹੋਏ ਵਿਧਾਇਕ ਨੂੰ ਸਬਕ ਸਿਖਾਉਣ ਲਈ ਜ਼ੀਰਾ ਨੂੰ ਬੀਤੀ 16 ਨੂੰ ਅਨੁਸ਼ਾਸਨਹੀਣਤਾ ਦੇ ਦੋਸ਼ ਹੇਠ ਮੁਅੱਤਲ ਕੀਤਾ ਗਿਆ ਸੀ, ਜਿਸ ਨੂੰ ਹੁਣ ਮੁੜ ਬਹਾਲ ਕਰ ਦਿੱਤਾ ਹੈ।

Related posts

ਸੁਪਰੀਮ ਕੋਰਟ ਵਿੱਚ ਫੋਟੋਗ੍ਰਾਫੀ, ਰੀਲਜ਼ ਅਤੇ ਵੀਡੀਓਗ੍ਰਾਫੀ ਕਰਨ ’ਤੇ ਪਾਬੰਦੀ !

On Punjab

ਪੰਜਾਬ ਦੇ 8 ਜ਼ਿਲ੍ਹਿਆਂ ਵਿਚ 14 ਥਾਵਾਂ ਤੇ ਮੁੜ ਪੋਲਿੰਗ ਦੇ ਹੁਕਮ

Pritpal Kaur

ਯੁਗਾਂਡਾ ਜੇਲ੍ਹ ’ਚ ਮਨੁੱਖੀ ਅਧਿਕਾਰਾਂ ਦੀ ਘੋਰ ਉਲੰਘਣਾ ਨੂੰ ਝੱਲਿਆ: ਵਸੁੰਧਰਾ ਓਸਵਾਲ

On Punjab