ਕੈਂਸਰ ਭਾਵ ਫੇਫੜਿਆਂ ਦੇ ਕੈਂਸਰ (Lung Cancer) ਦੀ ਸਟੀਕ ਪਛਾਣ ਕਰਨ ਦੀ ਦਿਸ਼ਾ ’ਚ ਖੋਜਕਰਤਾਵਾਂ ਨੂੰ ਵੱਡੀ ਸਫ਼ਲਤਾ ਮਿਲੀ ਹੈ। ਉਨ੍ਹਾਂ ਨੇ ਇਕ ਅਜਿਹੀ ਨਵੀਂ ਆਰਟੀਫੀਸ਼ੀਅਲ ਇੰਟੈਲੀਜੈਂਸੀ ਬਲੱਡ ਟੈਸਟਿੰਗ ਤਕਨੀਕ ਵਿਕਸਿਤ ਕੀਤੀ ਹੈ, ਜਿਸ ’ਚ ਨਮੂਨਿਆਂ ’ਚ ਇਸ ਖ਼ਤਰਨਾਕ ਬਿਮਾਰੀ ਦੀ ਸਟੀਕ ਪਛਾਣ ਕੀਤੀ ਜਾ ਸਕਦੀ ਹੈ। ਖੋਜਕਰਤਾਵਾਂ ਅਨੁਸਾਰ, ਲੋਕਾਂ ਦੇ ਖ਼ੂਨ ਨਮੂਨਿਆਂ ’ਚੋਂ ਫੇਫੜਿਆਂ ਦੇ ਕੈਂਸਰ ਦਾ ਪਤਾ ਲਗਾਉਣ ਦੀ ਜਾਂਚ ’ਚ ਇਹ ਵਿਧੀ 90 ਫ਼ੀਸਦ ਤੋਂ ਵੱਧ ਸਟੀਕ ਪਾਈ ਗਈ ਹੈ।
ਅਮਰੀਕਾ ਦੀ ਜਾਂਸ ਹਾਪਕਿਨਸ ਕਿਮੇਲ ਕੈਂਸਰ ਸੈਂਟਰ (Johns Hopkins Kimmel Cancer Center) ਦੇ ਖੋਜਕਰਤਾਵਾਂ ਨੇ ਇਕ ਨਵੇਂ ਆਰਟੀਫੀਸ਼ੀਅਲ ਇੰਟੈਲੀਜੈਂਸ ਬਲੱਡ ਟੈਸਟਿੰਗ ਤਕਨੀਕ ਨੂੰ ਵਿਕਸਿਤ ਕੀਤਾ ਹੈ। ਇਸ ਖੋਜ ਤਹਿਤ 800 ਲੋਕਾਂ ’ਤੇ ਅਧਿਐਨ ਕੀਤਾ ਗਿਆ, ਜਿਨ੍ਹਾਂ ’ਚੋਂ ਕੁਝ ਕੈਂਸਰ ਦੇ ਮਰੀਜ਼ ਸਨ ਅਤੇ ਕੁਝ ਨਹੀਂ। ਇਸ ਟੈਸਟ ਪ੍ਰਕਿਰਿਆ ਨੂੰ DELFI (DNA evaluation of fragments for early interception) ਨਾਮ ਦਿੱਤਾ ਗਿਆ ਹੈ।
ਅਮਰੀਕਾ ਦੇ ਜਾਂਸ ਹਾਪਕਿਨਸ (Johns Hopkins) ਕੈਂਸਰ ਸੈਂਟਰ ਨੇ ਇਹ ਏਆਈ ਬਲੱਡ ਟੈਸਟਿੰਗ ਤਕਨੀਕ ਬਣਾਈ ਹੈ। ਜਾਂਚ ਦੀ ਇਸ ਵਿਧੀ ਰਾਹੀਂ ਖ਼ੂਨ ’ਚ ਮੌਜੂਦ ਕੈਂਸਰ ਸੈੱਲਜ਼ ’ਤੇ ਗ਼ੌਰ ਕੀਤਾ ਜਾਂਦਾ ਹੈ। ਇਹ ਤਕਨੀਕ ਉਨ੍ਹਾਂ 796 ਪ੍ਰਤੀਭਾਗੀਆਂ ਦੇ ਖ਼ੂਨ ਨਮੂਨਿਆਂ ’ਤੇ ਅਪਣਾਈ ਗਈ, ਜਿਨ੍ਹਾਂ ’ਚੋਂ ਕਈ ਕੈਂਸਰ ਦੀ ਲਪੇਟ ’ਚ ਰਹੇ, ਜਦਕਿ ਕੁਝ ਇਸ ਬਿਮਾਰੀ ਤੋਂ ਪੀੜਤ ਨਹੀਂ ਸਨ। ਜਾਂਚ ’ਚ ਇਕ ਪ੍ਰੋਟੀਨ ਬਾਇਓਮਾਰਕਰ ਸਮੇਤ ਬਿਮਾਰੀ ਦੇ ਕਈ ਕਾਰਕਾਂ ਦਾ ਵਿਸ਼ਲੇਸ਼ਣ ਕੀਤਾ ਗਿਆ। ਇਸ ਤਕਨੀਕ ਦੀ ਮਦਦ ਨਾਲ ਉਨ੍ਹਾਂ ਮਰੀਜ਼ਾਂ ’ਚ ਕੈਂਸਰ ਦੀ 94 ਫੀਸਦ ਤਕ ਪਛਾਣ ਕੀਤੀ ਗਈ, ਜਿਨ੍ਹਾਂ ’ਚ ਇਹ ਰੋਗ ਕਈ ਪੜਾਵਾਂ ’ਚ ਸੀ।
ਸ਼ੁਰੂਆਤੀ ਪੜਾਅ ’ਚ ਵੀ ਪਛਾਣ ’ਚ ਆ ਜਾਂਦਾ ਹੈ ਕੈਂਸਰ
ਬਿਮਾਰੀ ਦੀ ਆਖ਼ਰੀ ਸਟੇਜ ਵਾਲੇ ਪੀੜਤਾਂ ’ਚ ਫੇਫੜਿਆਂ ਦੇ ਕੈਂਸਰ ਦੀ 96 ਫ਼ੀਸਦ ਸਟੀਕ ਪਛਾਣ ਹੋਈ। ਜਦਕਿ ਉਨ੍ਹਾਂ ਰੋਗੀਆਂ ’ਚ ਬਿਮਾਰੀ ਦੀ 91 ਫ਼ੀਸਦ ਪਛਾਣ ਹੋ ਪਾਈ, ਜਿਨਾਂ ’ਚ ਫੇਫੜਿਆਂ ਦਾ ਕੈਂਸਰ ਸ਼ੁਰੂਆਤੀ ਪੜਾਅ ’ਚ ਸੀ। ਦੁਨੀਆ ’ਚ ਹਰ ਸਾਲ ਫੇਫੜਿਆਂ ਦੇ ਕੈਂਸਰ ਤੋਂ ਕਰੀਬ 20 ਲੱਖ ਲੋਕਾਂ ਦੀ ਮੌਤ ਹੋ ਜਾਂਦੀ ਹੈ। ਨੇਚਰ ਕਮਿਊਨੀਕੇਸ਼ਨ ਮੈਗਜ਼ੀਨ ਦੇ ਅਗਸਤ ਅੰਕ ’ਚ ਅਧਿਆਇ ਦੇ ਨਤੀਜਿਆਂ ਨੂੰ ਪ੍ਰਕਾਸ਼ਿਤ ਕੀਤਾ ਜਾਵੇਗਾ।