PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਪੰਜਾਬ ਭਰ ’ਚ ਸਰਕਾਰੀ ਬੱਸਾਂ ਦਾ ਚੱਕਾ ਜਾਮ; ਥਾਂ-ਥਾਂ ਲੱਗੇ ਧਰਨੇ

ਪਟਿਆਲਾ- ਕਿਲੋਮੀਟਰ ਸਕੀਮ ਦੀਆਂ ਬੱਸਾਂ ਪਾਉਣ ਸਬੰਧੀ ਜਾਰੀ ਰੇੜਕੇ ਨੂੰ ਲੈ ਕੇ ਪੀਆਰਟੀਸੀ, ਪੰਜਾਬ ਰੋਡਵੇਜ ਅਤੇ ਪਨਬਸ ਕੰਟਰੈਕਟ ਵਰਕਰ ਯੂਨੀਅਨ ਨੇ ਸ਼ੁੱਕਰਵਾਰ ਤੜਕੇ ਹੀ ਸੂਬਾ ਵਿਆਪੀ ਹੜਤਾਲ ਸ਼ੁਰੂ ਕਰਕੇ ਸਰਕਾਰੀ ਬੱਸਾਂ ਦਾ ਚੱਕਾ ਜਾਮ ਕਰ ਦਿੱਤਾ ਹੈ। ਇਸ ਦੌਰਾਨ ਪੀਆਰਟੀਸੀ ਦੇ ਮੁੱਖ ਦਫਤਰ ਵਾਲੇ ਸ਼ਹਿਰ ਪਟਿਆਲਾ ਸਮੇਤ ਕਈ ਹੋਰ ਥਾਵਾਂ ’ਤੇ ਵੀ ਬੱਸ ਅੱਡਿਆਂ ਦੀ ਤਾਲਾਬੰਦੀ ਕਰਕੇ ਧਰਨੇ ਪ੍ਰਦਰਸ਼ਨ ਕੀਤੇ ਜਾ ਰਹੇ ਹਨ।

ਮੁਲਾਜ਼ਮਾਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਜਾਰੀ ਇਨ੍ਹਾਂ ਧਰਨਿਆਂ ਤੋਂ ਪਹਿਲਾਂ ਹੀ ਅੱਜ ਵੱਡੇ ਤੜਕੇ ਪਟਿਆਲਾ ਸਮੇਤ ਪੰਜਾਬ ਭਰ ਵਿੱਚੋਂ  ਯੂਨੀਅਨ ਦੇ ਕਈ ਆਗੂਆਂ ਨੂੰ ਹਿਰਾਸਤ ਵਿੱਚ ਲਿਆ ਗਿਆ ਹੈ। ਯੂਨੀਅਨ ਦੇ ਸੂਬਾਈ ਬੁਲਾਰੇ ਹਰਕੇਸ਼ ਵਿੱਕੀ (ਪਟਿਆਲਾ) ਨੇ ਦੱਸਿਆ ਕਿ ਸਰਕਾਰ ਦੇ ਇਸ ਜਬਰ ਦੇ ਵਿਰੋਧ ਵਿੱਚ ਜਾਰੀ ਇਸ ਸੰਘਰਸ਼ ਨੂੰ ਅੱਜ ਸਰਕਾਰੀ ਮੁਲਾਜ਼ਮਾਂ ਵੱਲੋਂ ਵੀ ਹਮਾਇਤ ਦਿੱਤੀ ਗਈ ਹੈ।।

ਇਸ ਦੌਰਾਨ ਸਾਥੀ ਮੁਲਾਜ਼ਮਾਂ ਦੀ ਗ੍ਰਿਫਤਾਰੀ ਦੇ ਵਿਰੋਧ ਵਿੱਚ ਪ੍ਰਦਰਸ਼ਨ ਕਰ ਰਹੇ ਪੀਆਰਟੀਸੀ, ਪੰਜਾਬ ਰੋਡਵੇਜ ਅਤੇ ਪਨਬਸ ਵਰਕਰ ਯੂਨੀਅਨ ਦੇ ਕਈ ਆਗੂ ਆਤਮਦਾਹ ਦੀ ਧਮਕੀ ਦਿੰਦਿਆਂ ਪੈਟਰੋਲ ਦੀਆਂ ਬੋਤਲਾਂ ਨਾਲ ਬੱਸਾਂ ਦੀਆਂ ਛੱਤਾਂ ਅਤੇ ਓਵਰ ਬ੍ਰਿਜ ’ਤੇ ਚੜ੍ਹ ਗਏ। ਪਟਿਆਲਾ ਪ੍ਰਦਰਸ਼ਨ ਦੀ ਅਗਵਾਈ ਯੂਨੀਅਨ ਦੇ ਸਵਾਈ ਮੀਤ ਪ੍ਰਧਾਨ ਹਰਕੇਸ਼ ਵਿੱਕੀ ਵੱਲੋਂ ਕੀਤੀ ਜਾ ਰਹੀ ਹੈ। ਉੱਧਰ ਬੱਸ ਅੱਡੇ ਦੇ ਬਾਹਰ ਡੀਐੱਸਪੀ ਜੰਗਜੀਤ ਸਿੰਘ ਦੀ ਅਗਵਾਈ ਹੇਠਾਂ ਵੱਡੀ ਗਿਣਤੀ ਵਿੱਚ ਪੁਲੀਸ ਫੋਰਸ ਵੀ ਤੈਨਾਤ ਕਰ ਦਿੱਤੀ ਗਈ ਹੈ। ਮੁਲਾਜ਼ਮਾਂ ਦੇ ਪ੍ਰਦਰਸ਼ਨ ਕਾਰਨ ਚੰਡੀਗੜ੍ਹ ਰਾਜਪੁਰਾ ਅਤੇ ਦਿੱਲੀ ਵੱਲ ਜਾਣ ਵਾਲੇ ਰਾਹਗੀਰਾਂ ਨੂੰ ਮੁਸ਼ਕਲਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਇੱਥੋਂ ਤੱਕ ਕਿ ਪੰਜਾਬੀ ਯੂਨੀਵਰਸਿਟੀ ਦੇ ਮੁਲਾਜ਼ਮ ਵੀ ਹੋਰ ਰਸਤਿਆਂ ਰਾਹੀਂ ਆਪਣੀ ਡਿਉਟੀ ’ਤੇ ਪੁੱਜ ਰਹੇ ਹਨ।

ਬਠਿੰਡਾ ਵਿੱਚ ਵੀ ਮੁਲਾਜ਼ਮਾਂ ਵੱਲੋਂਰੋਸ ਪ੍ਰਦਰਸ਼ਨ- ਕਿਲੋਮੀਟਰ ਸਕੀਮ ਦੇ ਵਿਰੋਧ ਵਿੱਚ ਬਠਿੰਡਾ ਵਿੱਚ ਪੀਆਰਟੀਸੀ ਅਤੇ ਪਨਬਸ ਕੰਟ੍ਰੈਕਟ ਵਰਕਰ ਯੂਨੀਅਨ ਵਲੋਂ ਅੱਜ ਤੜਕੇ ਤਿੱਖਾ ਰੋਸ ਪ੍ਰਦਰਸ਼ਨ ਸ਼ੁਰੂ ਕੀਤਾ ਗਿਆ। ਬਠਿੰਡਾ ਡਿੱਪੂ ਵਿੱਚ ਵੀ ਪ੍ਰਦਰਸ਼ਨਕਾਰੀ ਪੈਟਰੋਲ ਦੀਆਂ ਬੋਤਲਾਂ ਲੈ ਪਾਣੀ ਵਾਲੀ ਟੈਂਕੀ ਤੇ ਚੜ ਗਏ।  ਪ੍ਰਦਰਸ਼ਨ ਦੀ ਅਗਵਾਈ ਡਿੱਪੂ ਪ੍ਰਧਾਨ ਹਰਤਾਰ ਸ਼ਰਮਾ, ਚੇਅਰਮੈਨ ਰਵਿੰਦਰ ਸਿੰਘ, ਕਲੁਵੰਤ ਸਿੰਘ ਮਨੇਸ ਸਮੇਤ ਹੋਰ ਆਗੂਆਂ ਨੇ ਕੀਤੀ। ਇਸ ਦੌਰਾਨ ਵੱਡੀ ਗਿਣਤੀ ਵਿੱਚ ਸਥਾਨਕ ਪੁਲੀਸ ਮੌਕੇ ’ਤੇ ਪਹੁੰਚੀ ਅਤੇ ਵਿਰੋਧ ਕਰ ਰਹੇ ਕਈ ਆਗੂਆਂ ਨੂੰ ਗ੍ਰਿਫਤਾਰ ਕਰਕੇ ਹਿਰਾਸਤ ਵਿੱਚ ਲੈ ਕੇ ਬੱਸਾਂ ਰਾਹੀਂ ਵੱਖ-ਵੱਖ ਥਾਣਿਆ ਵਿੱਚ ਭੇਜ ਦਿੱਤਾ ਗਿਆ ਹੈ।

ਯੂਨੀਅਨ ਦੇ ਨੁਮਾਇੰਦਿਆਂ ਨੇ ਕਿਹਾ ਕਿ ਕਿਲੋਮੀਟਰ ਸਕੀਮ ਖ਼ਿਲਾਫ ਅੱਜ 11 ਵਜੇ ਤੋਂ 1 ਵਜੇ ਤੱਕ ਯੂਨੀਅਨ ਵਲੋਂ ਗੇਟ ਰੈਲੀ ਰੱਖੀ ਗਈ ਸੀ।ਉਨ੍ਹਾਂ ਕਿਹਾ ਕਿਲੋਮੀਟਰ ਸਕੀਮ ਮੁਲਾਜ਼ਮਾਂ ਦੇ ਹਿੱਤਾਂ ਦੇ ਖ਼ਿਲਾਫ਼ ਹੈ ਅਤੇ ਗ੍ਰਿਫ਼ਤਾਰ ਕੀਤੇ ਸਾਥੀਆਂ ਨੂੰ ਬਿਨਾ ਦੇਰੀ ਰਿਹਾਅ ਕੀਤਾ ਜਾਵੇ। ਆਗੂਆਂ ਨੇ ਚੇਤਾਵਨੀ ਦਿੱਤੀ ਕਿ ਜੇਕਰ ਮੰਗਾਂ ਨਾ ਮੰਨੀਆਂ ਗਈਆਂ ਤਾਂ ਭਰਾਤਰੀ ਜਥੇਬੰਦੀ ਨੂੰ ਨਾਲ ਲੈ ਕਿ ਸੰਘਰਸ਼ ਹੋਰ ਤਿੱਖਾ ਕੀਤਾ ਜਾਵੇਗਾ। ਪ੍ਰਦਰਸ਼ਨ ਕਾਰਨ ਬਠਿੰਡਾ ਬੱਸ ਅੱਡੇ ਅਤੇ ਆਲੇ-ਦੁਆਲੇ ਦੇ ਇਲਾਕਿਆਂ ਵਿੱਚ ਆਵਾਜਾਈ ਬੁਰੀ ਤਰ੍ਹਾਂ ਪ੍ਰਭਾਵਿਤ ਹੋਈ। ਲੁਧਿਆਣਾ, ਫਰੀਦਕੋਟ, ਮਾਨਸਾ ਅਤੇ ਚੰਡੀਗੜ੍ਹ ਵੱਲ ਜਾਣ ਵਾਲੇ ਯਾਤਰੀਆਂ ਨੂੰ ਰੁਕਾਵਟਾਂ ਅਤੇ ਦੇਰੀ ਦਾ ਸਾਹਮਣਾ ਕਰਨਾ ਪਿਆ।

Related posts

Apple Juice : ਰੋਜ਼ਾਨਾ ਸੇਬ ਦਾ ਰਸ ਪੀਣ ਨਾਲ ਮਿਲਣਗੇ ਇਹ ਫਾਇਦੇ, ਪਰ ਨਾਲ ਹੀ ਵਰਤੋ ਇਹ ਸਾਵਧਾਨੀਆਂ

On Punjab

Ram Rahim Family ID : ਪਤਨੀ, ਮਾਤਾ-ਪਿਤਾ ਦਾ ਨਾਂ ਗ਼ਾਇਬ, ਹਨੀਪ੍ਰੀਤ ਦਾ ਨਾਂ ਜੋੜਿਆ, ਵਾਇਰਲ ਹੋਈ ਆਈਡੀ

On Punjab

ਪੰਜਾਬ ਵਿੱਚ ਹੜ੍ਹਾਂ ਨੇ ਮਚਾਈ ਤਬਾਹੀ, ਸੈਂਕੜੇ ਪਿੰਡਾਂ ਦੇ ਲੋਕ ਘਰੋਂ ਬੇਘਰ

On Punjab