ਮੋਹਾਲੀ- ਮਸ਼ਹੂਰ ਪੰਜਾਬੀ ਅਤੇ ਬਾਲੀਵੁੱਡ ਗਾਇਕ ਬੀ ਪਰਾਕ ਨੂੰ ਜਾਨੋਂ ਮਾਰਨ ਦੀ ਧਮਕੀ ਮਿਲੀ ਹੈ। ਜਾਣਕਾਰੀ ਅਨੁਸਾਰ ਲਾਰੈਂਸ ਬਿਸ਼ਨੋਈ ਗੈਂਗ ਨੇ ਗਾਇਕ ਤੋਂ 10 ਕਰੋੜ ਰੁਪਏ ਦੀ ਫਿਰੌਤੀ ਮੰਗੀ ਹੈ। ਇਹ ਧਮਕੀ ਭਰਿਆ ਸੁਨੇਹਾ ਸਿੱਧਾ ਬੀ. ਪਰਾਕ ਨੂੰ ਨਹੀਂ, ਸਗੋਂ ਉਸਦੇ ਸਾਥੀ ਕਲਾਕਾਰ ਅਤੇ ਗਾਇਕ ਦਿਲਨੂਰ ਰਾਹੀਂ ਭੇਜਿਆ ਗਿਆ ਸੀ। ਗਾਇਕ ਦਿਲਨੂਰ ਨੇ ਮੁਹਾਲੀ ਪੁਲਿਸ ਕੋਲ ਸ਼ਿਕਾਇਤ ਦਰਜ ਕਰਵਾਈ ਹੈ ਕਿ ਉਸਨੂੰ ਇੱਕ ਧਮਕੀ ਭਰੀ ਕਾਲ ਮਿਲੀ ਹੈ, ਜਿਸ ਵਿੱਚ ਉਸ ਨੂੰ ਆਪਣੇ ਦੋਸਤ ਤੇ ਪੰਜਾਬੀ ਗਾਇਕ ਬੀ ਪਰਾਕ ਨੂੰ 10 ਕਰੋੜ ਰੁਪਏ ਦੇਣ ਲਈ ਆਖਿਆ ਗਿਆ। ਦਿਲਨੂਰ ਦੇ ਮੁਤਾਬਕ, ਧਮਕੀ ਦੇਣ ਵਾਲੇ ਨੇ ਆਪਣੀ ਪਛਾਣ ਆਰਜ਼ੂ ਬਿਸ਼ਨੋਈ ਦੱਸਦਿਆਂ ਖੁਦ ਨੂੰ ਲਾਰੈਂਸ ਬਿਸ਼ਨੋਈ ਗੈਂਗ ਦਾ ਸਾਥੀ ਦੱਸਿਆ। ਕਾਲਰ ਨੇ ਚੇਤਾਵਨੀ ਦਿੱਤੀ ਕਿ ਜੇ ਇੱਕ ਹਫ਼ਤੇ ਦੇ ਅੰਦਰ ਪੈਸੇ ਨਾ ਦਿੱਤੇ ਗਏ ਤਾਂ ਬੀ ਪਰਾਕ ਨੂੰ ਗੰਭੀਰ ਨੁਕਸਾਨ ਪਹੁੰਚਾਇਆ ਜਾਵੇਗਾ।
ਦਿਲਨੂਰ ਨੇ ਆਪਣੀ ਸ਼ਿਕਾਇਤ ਵਿੱਚ ਦੱਸਿਆ ਕਿ 5 ਜਨਵਰੀ ਨੂੰ ਉਸ ਨੂੰ ਵਿਦੇਸ਼ੀ ਨੰਬਰ ਤੋਂ ਦੋ ਮਿਸਡ ਕਾਲਾਂ ਆਈਆਂ, ਜਿਨ੍ਹਾਂ ਨੂੰ ਉਸਨੇ ਨਜ਼ਰਅੰਦਾਜ਼ ਕਰ ਦਿੱਤਾ। 6 ਜਨਵਰੀ ਨੂੰ ਉਸ ਨੂੰ ਇੱਕ ਹੋਰ ਵਿਦੇਸ਼ੀ ਨੰਬਰ ਤੋਂ ਕਾਲ ਆਈ, ਪਰ ਗੱਲਬਾਤ ਸ਼ੱਕੀ ਲੱਗਣ ਕਾਰਨ ਕਾਲ ਕੱਟ ਦਿੱਤੀ। ਇਸ ਤੋਂ ਤੁਰੰਤ ਬਾਅਦ ਦਿਲਨੂਰ ਨੂੰ ਇੱਕ ਵੌਇਸ ਮੈਸੇਜ ਮਿਲਿਆ, ਜਿਸ ਵਿੱਚ 10 ਕਰੋੜ ਰੁਪਏ ਦੀ ਫ਼ਿਰੌਤੀ ਦੀ ਮੰਗ ਕੀਤੀ ਗਈ। ਆਡੀਓ ਮੈਸੇਜ ਵਿੱਚ ਕਾਲਰ ਨੇ ਧਮਕੀ ਨੂੰ ਹਲਕੇ ਵਿੱਚ ਨਾਲ ਲੈਣ ਦੀ ਗੱਲ ਆਖਦਿਆਂ ਦਾਅਵਾ ਕੀਤਾ ਕਿ ਉਹ ਭਾਰਤ ਤੋਂ ਬਾਹਰ ਬੈਠਾ ਕੰਮ ਕਰ ਰਿਹਾ ਹੈ।
ਦਿਲਨੂਰ ਨੇ 6 ਜਨਵਰੀ ਨੂੰ ਮੁਹਾਲੀ ਦੇ SSP ਕੋਲ ਲਿਖਤੀ ਸ਼ਿਕਾਇਤ ਦਰਜ ਕਰਵਾਈ, ਜਿਸ ਤੋਂ ਬਾਅਦ ਪੁਲਿਸ ਨੇ ਮਾਮਲੇ ਦੀ ਜਾਂਚ ਸ਼ੁਰੂ ਕਰ ਦਿੱਤੀ ਹੈ। ਬੀ ਪਰਾਕ, ਜਿਨ੍ਹਾਂ ਦਾ ਅਸਲੀ ਨਾਮ ਪ੍ਰਤੀਕ ਬੱਚਨ ਹੈ, ਅੱਜ ਭਾਰਤੀ ਸੰਗੀਤ ਜਗਤ ਵਿਚ ਇਕ ਪ੍ਰਮੁੱਖ ਹਸਤੀ ਹਨ। “ਕੇਸਰੀ” ਦੇ “ਤੇਰੀ ਮਿੱਟੀ” ਅਤੇ “ਸ਼ੇਰਸ਼ਾਹ” ਦੇ “ਰਾਂਝਾ” ਵਰਗੇ ਸੁਪਰਹਿੱਟ ਗੀਤਾਂ ਲਈ ਜਾਣੇ ਜਾਂਦੇ, ਬੀ ਪਰਾਕ ਨੇ ਇਕ ਸੰਗੀਤ ਨਿਰਮਾਤਾ ਵਜੋਂ ਆਪਣਾ ਕਰੀਅਰ ਸ਼ੁਰੂ ਕੀਤਾ ਅਤੇ ਅੱਜ ਆਪਣੀ ਰੂਹਾਨੀ ਆਵਾਜ਼ ਨਾਲ ਲੱਖਾਂ ਦਿਲਾਂ ‘ਤੇ ਰਾਜ ਕਰਦੇ ਹਨ। ਉਨ੍ਹਾਂ ਦੇ ਪ੍ਰਸ਼ੰਸਕ ਅਤੇ ਪਰਿਵਾਰ ਹੁਣ ਉਨ੍ਹਾਂ ਦੀ ਸੁਰੱਖਿਆ ਨੂੰ ਲੈ ਕੇ ਬਹੁਤ ਚਿੰਤਤ ਹਨ।

