ਦਿੱਲੀ- ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਅੱਜ ਸਵੇਰੇ ਚਾਣਚੱਕ ਪੰਜਾਬ ਦੇ ਆਦਮਪੁਰ ਹਵਾਈ ਬੇਸ ਦਾ ਦੌਰਾ ਕੀਤਾ। ਪ੍ਰਧਾਨ ਮੰਤਰੀ ਦੀ ਇਸ ਫੇਰੀ ਨੂੰ ਗੁਪਤ ਰੱਖਿਆ ਗਿਆ ਸੀ। ਆਦਮਪੁਰ ਹਵਾਈ ਬੇਸ ਰੂਸ ਵੱਲੋਂ ਵਿਕਸਤ S-400 ਮਿਜ਼ਾਈਲ ਰੱਖਿਆ ਪ੍ਰਣਾਲੀ ਦਾ ਘਰ ਹੈ।
ਆਪਣੀ ਇਸ ਫੇਰੀ ਦੌਰਾਨ ਸ੍ਰੀ ਮੋਦੀ ਨੇ ਭਾਰਤੀ ਹਵਾਈ ਸੈਨਾ ਤੋਂ ਬ੍ਰੀਫਿੰਗ ਲਈ ਅਤੇ ਬੇਸ ਦੇ ਅਮਲੇ ਤੇ ਬਹਾਦਰ ਫੌਜੀਆਂ ਨਾਲ ਗੱਲਬਾਤ ਕੀਤੀ। ‘ਦਿ ਟ੍ਰਿਬਿਊਨ’ ਵੱਲੋਂ ਅਕਸੈਸ ਕੀਤੀਆਂ ਗਈਆਂ ਯਾਤਰਾ ਦੀਆਂ ਤਸਵੀਰਾਂ ਵਿੱਚ ਪ੍ਰਧਾਨ ਮੰਤਰੀ ਜਵਾਨਾਂ ਨਾਲ ਪੋਜ਼ ਦਿੰਦੇ ਹੋਏ ਦਿਖਾਈ ਦੇ ਰਹੇ ਹਨ ਜਦੋਂ ਇੱਕ ਦਿਨ ਪਹਿਲਾਂ ਉਨ੍ਹਾਂ ਨੇ ਟੈਲੀਵਿਜ਼ਨ ’ਤੇ ਦੇਸ਼ ਨੂੰ ਆਪਣੇ ਸੰਬੋਧਨ ਵਿੱਚ ਕਿਹਾ ਸੀ ਕਿ ਪਾਕਿਸਤਾਨ ਦਾ ਪ੍ਰਮਾਣੂ ਬਲੈਕਮੇਲਿੰਗ ਵਾਲਾ ਪੈਂਤੜਾ ਹੁਣ ਕੰਮ ਨਹੀਂ ਕਰੇਗਾ ਅਤੇ ਭਾਰਤ ਭਵਿੱਖ ਵਿੱਚ ਹੋਣ ਵਾਲੇ ਕਿਸੇ ਵੀ ਦਹਿਸ਼ਤੀ ਹਮਲੇ ਦਾ ਜਵਾਬ ਆਪਣੀਆਂ ਸ਼ਰਤਾਂ ਅਤੇ ਸਮੇਂ ’ਤੇ ਦੇਵੇਗਾ।
ਪ੍ਰਧਾਨ ਮੰਤਰੀ ਨੇ ਪਾਕਿਸਤਾਨ ਨੂੰ ਸਖ਼ਤ ਸੁਨੇਹਾ ਦੇਣ ਲਈ ਆਦਮਪੁਰ ਹਵਾਈ ਬੇਸ ਦੇ ਦੌਰੇ ਦੀ ਚੋਣ ਕੀਤੀ। ਭਾਰਤੀ ਹਵਾਈ ਫੌਜ ਨੇ 7-8 ਮਈ ਦੀ ਦਰਮਿਆਨੀ ਰਾਤ ‘ਆਪਰੇਸ਼ਨ ਸਿੰਦੂਰ’ ਤਹਿਤ ਪਾਕਿਸਤਾਨ ਤੇ ਮਕਬੂਜ਼ਾ ਕਸ਼ਮੀਰ ਵਿਚ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਅਤੇ ਮਗਰੋਂ ਫਿਰ 8-9 ਮਈ ਨੂੰ ਭਾਰਤੀ ਫੌਜੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਉਣ ਦੀਆਂ ਪਾਕਿਸਤਾਨ ਦੀਆਂ ਕੋਸ਼ਿਸ਼ਾਂ ਨੂੰ ਨਾਕਾਮ ਕਰਨ ਲਈ S-400 ਮਿਜ਼ਾਈਲ ਰੱਖਿਆ ਪ੍ਰਣਾਲੀਆਂ ਨੂੰ ਸਫਲਤਾਪੂਰਵਕ ਤਾਇਨਾਤ ਕੀਤਾ ਸੀ।
ਭਾਰਤ ਵੱਲੋਂ ਵਰਤੀ ਗਈ S-400 ਪ੍ਰਣਾਲੀ ਨੂੰ ਦੁਨੀਆ ਦੀ ਸਭ ਤੋਂ ਘਾਤਕ ਜ਼ਮੀਨ ਤੋਂ ਹਵਾ ਵਿੱਚ ਮਾਰ ਕਰਨ ਵਾਲੀ ਮਿਜ਼ਾਈਲ ਪ੍ਰਣਾਲੀਆਂ ਵਿੱਚੋਂ ਇੱਕ ਮੰਨਿਆ ਜਾਂਦਾ ਹੈ। ਇਹ ਸਭ ਤੋਂ ਉੱਨਤ ਲੰਮੀ ਦੂਰੀ ਦੀਆਂ ਰੱਖਿਆ ਪ੍ਰਣਾਲੀਆਂ ਵਿੱਚੋਂ ਇੱਕ ਹੈ ਅਤੇ ਇਸ ਦੀ ਰਾਡਾਰ 600 ਕਿਲੋਮੀਟਰ ਦੀ ਦੂਰੀ ’ਤੇ ਟੀਚਿਆਂ ਨੂੰ ਟਰੈਕ ਕਰਦੀ ਹੈ।
ਪ੍ਰਧਾਨ ਮੰਤਰੀ ਨੇ ਐਕਸ ’ਤੇ ਇਕ ਪੋਸਟ ਵਿਚ ਕਿਹਾ, ‘‘ਅੱਜ ਸਵੇਰੇ, ਮੈਂ ਏਅਰ ਫੋਰਸ ਸਟੇਸ਼ਨ ਆਦਮਪੁਰ ਗਿਆ ਅਤੇ ਸਾਡੇ ਬਹਾਦਰ ਹਵਾਈ ਯੋਧਿਆਂ ਅਤੇ ਸੈਨਿਕਾਂ ਨੂੰ ਮਿਲਿਆ। ਉਨ੍ਹਾਂ ਲੋਕਾਂ ਨਾਲ ਰਹਿਣਾ ਇੱਕ ਬਹੁਤ ਹੀ ਖਾਸ ਤਜਰਬਾ ਸੀ ਜੋ ਹਿੰਮਤ, ਦ੍ਰਿੜਤਾ ਅਤੇ ਨਿਡਰਤਾ ਦਾ ਪ੍ਰਤੀਕ ਹਨ। ਭਾਰਤ ਸਾਡੇ ਹਥਿਆਰਬੰਦ ਬਲਾਂ ਦਾ ਸਾਡੇ ਦੇਸ਼ ਲਈ ਕੀਤੇ ਹਰ ਕੰਮ ਲਈ ਹਮੇਸ਼ਾ ਧੰਨਵਾਦੀ ਹੈ।’’
ਭਾਰਤ ਨੇ ਮੁਰੀਦਕੇ ਅਤੇ ਬਹਾਵਲਪੁਰ ਵਿੱਚ ਲਸ਼ਕਰ-ਏ-ਤਇਬਾ ਤੇ ਜੈਸ਼-ਏ-ਮੁਹੰਮਦ ਦੇ ਸਿਖਲਾਈ ਕੈਂਪਾਂ ਸਣੇ ਦਹਿਸ਼ਤੀ ਟਿਕਾਣਿਆਂ ਨੂੰ ਨਿਸ਼ਾਨਾ ਬਣਾਇਆ ਸੀ, ਜਿਸ ਤੋਂ ਬਾਅਦ ਪਾਕਿਸਤਾਨ ਨੇ ਪ੍ਰਤੀਕਿਰਿਆ ਦਿੱਤੀ। ਪ੍ਰਧਾਨ ਮੰਤਰੀ ਨੇ ਸੋਮਵਾਰ ਨੂੰ ਟੈਲੀਵਿਜ਼ਨ ’ਤੇ ਰਾਸ਼ਟਰ ਨੂੰ ਆਪਣੇ ਸੰਬੋਧਨ ਵਿੱਚ ਕਿਹਾ, ‘‘ਪਾਕਿਸਤਾਨ ਨੇ ਅਤਿਵਾਦ ਵਿਰੁੱਧ ਭਾਰਤ ਦੀ ਲੜਾਈ ਦਾ ਸਮਰਥਨ ਕਰਨ ਦੀ ਬਜਾਏ ਭਾਰਤ ’ਤੇ ਹਮਲਾ ਕਰ ਦਿੱਤਾ। ਪਾਕਿਸਤਾਨੀ ਫੌਜ ਦੇ ਅਧਿਕਾਰੀਆਂ ਨੇ ਹਮਲੇ ਵਿਚ ਮਾਰੇ ਗਏ ਦਹਿਸ਼ਤਗਰਦਾਂ ਦੀਆਂ ਅੰਤਿਮ ਰਸਮਾਂ ਵਿੱਚ ਸ਼ਿਰਕਤ ਕੀਤੀ, ਜੋ ਰਾਜ ਦੀ ਸਰਪ੍ਰਸਤੀ ਵਾਲੇ ਅਤਿਵਾਦ ਦਾ ਵੱਡਾ ਸਬੂਤ ਹੈ।’’
ਆਦਮਪੁਰ ਉਨ੍ਹਾਂ 26 ਟਿਕਾਣਿਆਂ ਵਿੱਚੋਂ ਇੱਕ ਹੈ ਜਿਨ੍ਹਾਂ ਨੂੰ ਪਾਕਿਸਤਾਨੀ ਫੌਜ ਨੇ Operation Sindoor ਦੌਰਾਨ ਤਬਾਹ ਕਰਨ ਦਾ ਦਾਅਵਾ ਕੀਤਾ ਸੀ। ਪਾਕਿਸਤਾਨੀ ਅਖ਼ਬਾਰ ‘ਡਾਅਨ’ ਨੇ ਹਾਲ ਹੀ ਵਿਚ ਪਾਕਿਸਤਾਨੀ ਫੌਜ ਦੇ ਮੁੱਖ ਤਰਜਮਾਨ ਲੈਫਟੀਨੈਂਟ ਜਨਰਲੀ ਅਹਿਮਦ ਸ਼ਰੀਫ਼ ਚੌਧਰੀ ਦੇ ਹਵਾਲੇ ਨਾਲ ਕਿਹਾ ਸੀ, ‘‘ਤਬਾਅ ਕੀਤੇ 26 ਟਿਕਾਣਿਆਂ ਵਿੱਚ ਸੂਰਤਗੜ੍ਹ, ਸਿਰਸਾ, ਆਦਮਪੁਰ ਤੇ ਭੁਜ ਵਿਚਲੇ ਹਵਾਈ ਬੇਸ ਵੀ ਸ਼ਾਮਲ ਹਨ।’’ ਹਾਲਾਂਕਿ ਸੈਟੇਲਾਈਟ ਤਸਵੀਰਾਂ ਨੇ ਪਾਕਿਸਤਾਨ ਦੇ ਇਸ ਝੂਠ ਨੂੰ ਪੂਰੀ ਤਰ੍ਹਾਂ ਨਕਾਰ ਦਿੱਤਾ