ਪੰਜਾਬ- ਇਥੋਂ ਨੇੜੇ ਪਿੰਡ ਆਹਲੀ ਕਲਾਂ ਵਿੱਚ ਲੱਗਾ ਐਡਵਾਂਸ ਬੰਨ੍ਹ ਟੁੱਟ ਗਿਆ ਹੈ। ਇਸ ਬੰਨ ਨੂੰ ਬਚਾਉਣ ਲਈ ਕਿਸਾਨ ਲੰਘੀ 10 ਅਗਸਤ ਤੋਂ ਲੱਗੇ ਹੋਏ ਸਨ। ਕਿਸਾਨਾਂ ਵੱਲੋਂ ਦਿਨ ਰਾਤ ਮਿਹਨਤ ਕਰਨ ਦੇ ਬਾਵਜੂਦ ਬਿਆਸ ਦਰਿਆ ਦੇ ਜ਼ੋਰ ਅਗੇ ਵਸ ਨਹੀਂ ਚੱਲਿਆ।
ਹੜ੍ਹ ਦੀ ਸਥਿਤੀ ਅਜੇ ਵੀ ਗੰਭੀਰ ਬਣੀ ਹੋਈ ਹੈ ਕਿਉਂਕਿ ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ 1.57 ਲੱਖ ਕਿਊਸਿਕ ਤੱਕ ਵੱਧ ਗਿਆ ਹੈ। ਬਿਆਸ ਦਰਿਆ ਵਿੱਚ ਪਾਣੀ ਦਾ ਪੱਧਰ ਵਧਣ ਨਾਲ ਪਹਿਲਾਂ ਪੰਜ ਥਾਵਾਂ ’ਤੇ ਢਾਹ ਲੱਗ ਰਹੀ ਸੀ। ਲੰਘੀ ਰਾਤ ਇੱਕ ਹੋਰ ਥਾਂ ’ਤੇ ਵੀ ਢਾਹ ਲੱਗਣੀ ਸ਼ੁਰੂ ਹੋ ਗਈ ਹੈ। ਜਿਹੜੀਆਂ 6 ਥਾਵਾਂ ਤੇ ਬੰਨ੍ਹ ਨੂੰ ਖੋਰਾ ਲੱਗਾ ਹੈ ਉਨ੍ਹਾਂ ਨੂੰ ਮਜ਼ਬੂਤ ਕਰਨਾ ਵੱਡੀ ਚੁਣੌਤੀ ਬਣ ਗਿਆ ਹੈ।
ਰਾਜ ਸਭਾ ਮੈਂਬਰ ਸੰਤ ਬਲਬੀਰ ਸਿੰਘ ਸੀਚੇਵਾਲ ਤੇ ਉਨ੍ਹਾਂ ਦੇ ਸੇਵਾਦਾਰ ਮੰਡ ਇਲਾਕੇ ਦੇ 35 ਪਿੰਡਾਂ ਦੇ ਲੋਕਾਂ ਨੂੰ ਨਾਲ ਲੈ ਕੇ ਵਰ੍ਹਦੇ ਮੀਂਹ ਵਿੱਚ ਬੰਨ੍ਹ ਮਜ਼ਬੂਤ ਕਰਨ ਲਈ ਡਟੇ ਰਹੇ। ਉਨ੍ਹਾਂ ਮੁੜ ਤੋਂ ਇਲਾਕੇ ਦੇ ਲੋਕਾਂ ਨੂੰ ਆਹਲੀ ਕਲਾਂ ਦੇ ਐਡਵਾਂਸ ਬੰਨ੍ਹ ’ਤੇ ਪਹੁੰਚਣ ਦੀ ਅਪੀਲ ਕੀਤੀ ਹੈ।
ਇਸ ਦੌਰਾਨ ਜਿਲ੍ਹਾ ਕਪੂਰਥਲਾ ਅਤੇ ਉਸ ਦੇ ਨਾਲ ਲੱਗਦੇ ਇਲਾਕਿਆਂ ਵਿੱਚ ਘੰਟਿਆਂ ਬੱਧੀ ਸਵੇਰ ਤੋਂ ਹੀ ਮੋਹਲੇਧਾਰ ਮੀਂਹ ਪੈਂਦਾ ਰਿਹਾ। ਤੇਜ਼ ਮੀਂਹ ਨੇ ਹੜ੍ਹ ਪ੍ਰਭਾਵਿਤ ਕਿਸਾਨਾਂ ਦੀਆਂ ਚਿੰਤਾਵਾਂ ਵਧਾ ਦਿੱਤੀਆਂ ਹਨ।
ਸੰਤ ਸੀਚੇਵਾਲ ਨੇ ਦੱਸਿਆ ਕਿ ਰੇਤ ਨਾਲ ਭਰੇ ਬੋਰਿਆਂ ਨੂੰ ਉਸ ਥਾਂ ਤੇ ਸੁੱਟਿਆ ਜਾ ਰਿਹਾ ਹੈ ਜਿੱਥੇ ਬਿਆਸ ਦਰਿਆ ਐਡਵਾਂਸ ਬੰਨ੍ਹ ਦੇ ਹੇਠੋਂ ਮਿੱਟੀ ਨੂੰ ਖੋਰਾ ਲਾ ਰਿਹਾ ਹੈ। ਉਨ੍ਹਾਂ ਕਿਹਾ ਕਿ ਸੁਲਤਾਨਪੁਰ ਲੋਧੀ ਦੇ ਮੰਡ ਖੇਤਰ ਵਿੱਚ ਸਭ ਤੋਂ ਵੱਧ ਪ੍ਰਭਾਵਿਤ ਪਿੰਡਾਂ ਆਹਲੀ ਕਲਾਂ, ਕਰਮੂਵਾਲਾ ਪੱਤਣ ਅਤੇ ਆਹਲੀ ਖੁਰਦ ਵਿੱਚ ਐਡਵਾਂਸ ਬੰਨ੍ਹ ਨੂੰ ਮਜ਼ਬੂਤ ਕਰਨ ਦਾ ਕੰਮ ਚੱਲ ਰਿਹਾ ਹੈ।
ਕਿਸਾਨ ਬਲਵਿੰਦਰ ਸਿੰਘ ਨੇ ਦੱਸਿਆ ਕਿ ਦਰਿਆ ਵੱਲੋਂ ਬੰਨ੍ਹ ਨੂੰ ਲਾਈ ਜਾ ਰਹੀ ਢਾਹ ਨੂੰ ਰੋਕਣ ਲਈ ਜੇਸੀਬੀ ਮਸ਼ੀਨਾਂ, ਟਰੈਕਟਰ ਟਰਾਲੀਆਂ ਅਤੇ ਹੋਰ ਉਪਕਰਣਾਂ ਦੀ ਵਰਤੋਂ ਕੀਤੀ ਗਈ ਸੀ ਪਰ ਪਾਣੀ ਦੇ ਤੇਜ਼ ਵਹਾਅ ਅਗੇ ਸਾਡਾ ਜ਼ੋਰ ਨਹੀਂ ਚੱਲਿਆ। ਕਿਸਾਨ ਬਲਵਿੰਦਰ ਸਿੰਘ ਮੁਤਾਬਕ ਇਸ ਬੰਨ੍ਹ ਦੇ ਟੁੱਟਣ ਨਾਲ 35 ਦੇ ਕਰੀਬ ਪਿੰਡਾਂ ਦੇ ਕਿਸਾਨਾਂ ਦੀ 35 ਤੋਂ 40 ਹਜ਼ਾਰ ਹਜ਼ਾਰਾਂ ਏਕੜ ਫਸਲ ਤਬਾਹ ਹੋ ਜਾਵੇਗੀ। ਡਰੇਨੇਜ ਵਿਭਾਗ ਇਸ ਬੰਨ੍ਹ ਨੂੰ ਮਾਨਤਾ ਨਹੀਂ ਦਿੰਦਾ।