ਪਾਣੀਪਤ- ਇੱਕ ਵਿਸ਼ੇਸ਼ ਜਾਂਚ ਟੀਮ (Special Investigation Team – SIT) ਨੇ ਪਾਇਆ ਹੈ ਕਿ ਪਾਣੀਪਤ ਦੀ ਜਿਸ ਔਰਤ ਦੀ ਲੱਤ ਇੱਕ ਰੇਲ ਹਾਦਸੇ ਤੋਂ ਬਾਅਦ ਕੱਟ ਦਿੱਤੀ ਗਈ ਸੀ, ਨਾਲ ਕੁਰੂਕਸ਼ੇਤਰ ਰੇਲਵੇ ਸਟੇਸ਼ਨ ‘ਤੇ ਇੱਕ ਖੜ੍ਹੀ ਰੇਲ ਗੱਡੀ ਵਿੱਚ ਸਮੂਹਿਕ ਜਬਰ-ਜਨਾਹ ਕੀਤਾ ਗਿਆ ਸੀ, ਨਾ ਕਿ ਪਾਣੀਪਤ ਵਿਚ। ਗ਼ੌਰਤਲਬ ਹੈ ਕਿ ਪਹਿਲਾਂ ਇਹੋ ਸਮਝਿਆ ਜਾ ਰਿਹਾ ਸੀ ਕਿ ਉਸ ਨਾਲ ਪਾਣੀਪਤ ਵਿਚ ਜਬਰ-ਜਨਾਹ ਹੋਇਆ ਸੀ।
ਪੀਜੀਆਈਐਮਐਸ ਰੋਹਤਕ ਵਿਖੇ ਜ਼ੇਰੇ-ਇਲਾਜ ਇਸ ਔਰਤ ਦੇ ਬਿਆਨਾਂ ਤੋਂ ਬਾਅਦ ਪੰਜ ਦਿਨ ਪਹਿਲਾਂ ਐਸਆਈਟੀ ਦਾ ਗਠਨ ਐਸਪੀ ਰੇਲਵੇ ਨਿਕਿਤਾ ਗਹਿਲੋਤ ਦੇ ਨਿਰਦੇਸ਼ਾਂ ਹੇਠ ਕੀਤਾ ਗਿਆ ਸੀ। ਇਸ ਸਬੰਧ ਵਿਚ ਕੁਰੂਕਸ਼ੇਤਰ ਦੇ ਸ਼ਿਵਮ ਅਤੇ ਟੋਹਾਣਾ ਦੇ ਭਜਨ ਲਾਲ ਨੂੰ ਗ੍ਰਿਫ਼ਤਾਰ ਕਰ ਲਿਆ ਗਿਆ ਹੈ। ਭਜਨ ਲਾਲ ਕੁਰੂਕਸ਼ੇਤਰ ਸਟੇਸ਼ਨ ‘ਤੇ ਤਾਇਨਾਤ ਰੇਲਵੇ ਟੈਕਨੀਸ਼ੀਅਨ ਵਜੋਂ ਕੰਮ ਕਰਦਾ ਹੈ।
ਗ਼ੌਰਤਲਬ ਹੈ ਕਿ ਪਾਣੀਪਤ ਦੀ ਰਹਿਣ ਵਾਲੀ 35 ਸਾਲਾ ਔਰਤ 24 ਜੂਨ ਦੀ ਰਾਤ ਨੂੰ ਲਾਪਤਾ ਹੋ ਗਈ ਸੀ। ਉਸ ਦੇ ਪਤੀ ਨੇ 26 ਜੂਨ ਨੂੰ ਕਿਲਾ ਪੁਲੀਸ ਸਟੇਸ਼ਨ ਵਿੱਚ ਗੁੰਮਸ਼ੁਦਗੀ ਦੀ ਸ਼ਿਕਾਇਤ ਦਰਜ ਕਰਵਾਈ ਸੀ ਅਤੇ 1 ਜੁਲਾਈ ਨੂੰ ਇੱਕ ਕੇਸ ਦਰਜ ਕੀਤਾ ਗਿਆ ਸੀ। ਬਾਅਦ ਵਿੱਚ ਉਹ ਸੋਨੀਪਤ ਦੇ ਹਿੰਦੂ ਕਾਲਜ ਦੇ ਨੇੜੇ ਮਿਲੀ ਸੀ, ਜਿਸ ਦੀ ਇਕ ਲੱਤ 25 ਜੂਨ ਨੂੰ ਰੇਲ ਹਾਦਸੇ ’ਚ ਕੱਟੀ ਗਈ ਸੀ।
ਉਸ ਨੂੰ ਸ਼ੁਰੂ ਵਿੱਚ ਸੋਨੀਪਤ ਸਿਵਲ ਹਸਪਤਾਲ ਵਿੱਚ ਦਾਖਲ ਕਰਵਾਇਆ ਗਿਆ ਤੇ ਫਿਰ ਪੀਜੀਆਈਐਮਐਸ ਰੋਹਤਕ ਰੈਫਰ ਕੀਤਾ ਗਿਆ, ਜਿੱਥੇ 4 ਜੁਲਾਈ ਨੂੰ ਉਸਨੇ ਇੱਕ ਮਹਿਲਾ ਡਾਕਟਰ ਨੂੰ ਦੱਸਿਆ ਕਿ ਉਸ ਨਾਲ ਰੇਲਗੱਡੀ ਦੇ ਡੱਬੇ ਵਿੱਚ 2-3 ਆਦਮੀਆਂ ਨੇ ਸਮੂਹਿਕ ਜਬਰ-ਜਨਾਹ ਕੀਤਾ ਸੀ।
ਇਸ ਦੇ ਆਧਾਰ ‘ਤੇ ਕਿਲਾ ਪੁਲੀਸ ਨੇ ਇੱਕ ਜ਼ੀਰੋ ਐਫਆਈਆਰ ਦਰਜ ਕੀਤੀ ਅਤੇ ਪਾਣੀਪਤ ਜੀਆਰਪੀ ਨੂੰ ਭੇਜ ਦਿੱਤੀ, ਜਿਸਨੇ ਜਾਂਚ ਸ਼ੁਰੂ ਕੀਤੀ। ਐਸਪੀ ਗਹਿਲੋਤ ਨੇ ਕਿਹਾ ਕਿ ਪੀੜਤਾ ਦੀ ਮਾਨਸਿਕ ਸਥਿਤੀ ਕਾਰਨ, ਉਹ ਹਮਲੇ ਦੀ ਜਗ੍ਹਾ ਦੀ ਸਪਸ਼ਟ ਤੌਰ ‘ਤੇ ਪਛਾਣ ਕਰਨ ਵਿੱਚ ਅਸਮਰੱਥ ਸੀ। ਉਸਨੇ ਕਿਹਾ ਕਿ ਠੋਸ ਸੁਰਾਗ ਦੀ ਘਾਟ ਕਾਰਨ ਜਾਂਚ ਕਾਫ਼ੀ ਚੁਣੌਤੀਪੂਰਨ ਸੀ ਅਤੇ ਪੁਲੀਸ ਟੀਮ ਨੂੰ ਮੁਲਜ਼ਮਾਂ ਤੱਕ ਪੁੱਜਣ ਲਈ ਕਾਫ਼ੀ ਮਿਹਨਤ ਕਰਨੀ ਪਈ।