ਜੰਮੂ- ਪਾਕਿਸਤਾਨੀ ਸਲਾਮਤੀ ਦਸਤਿਆਂ ਨੇ ਜੰਮੂ ਕਸ਼ਮੀਰ ਵਿਚ ਕੰਟਰੋਲ ਰੇਖਾ ਦੇ ਨਾਲ ਅੱਠ ਮੂਹਰਲੇ ਸੈਕਟਰਾਂ ਵਿਚ ਬਿਨਾਂ ਕਿਸੇ ਭੜਕਾਹਟ ਦੇ ਫਾਇਰਿੰਗ ਕਰਦਿਆਂ ਗੋਲੀਬੰਦੀ ਦੀ ਉਲੰਘਣਾ ਕੀਤੀ, ਜਿਸ ਦਾ ਭਾਰਤੀ ਫੌਜ ਨੇ ਮੂੰਹ ਤੋੜਵਾਂ ਜਵਾਬ ਦਿੱਤਾ। ਅਧਿਕਾਰੀਆਂ ਨੇ ਕਿਹਾ ਕਿ ਪਹਿਲਗਾਮ ਦਹਿਸ਼ਤੀ ਕਰਕੇ ਦੋਵਾਂ ਮੁਲਕਾਂ ਦੇ ਰਿਸ਼ਤਿਆਂ ਵਿਚ ਬਣੀ ਕਸ਼ੀਦਗੀ ਦਰਮਿਆਨ ਇਹ ਲਗਾਤਾਰ 11ਵੀਂ ਰਾਤ ਹੈ ਜਦੋਂ ਪਾਕਿਸਤਾਨ ਨੇ ਐੱਲਓਸੀ ਦੇ ਨਾਲ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਹੈ।
ਰੱਖਿਆ ਤਰਜਮਾਨ ਨੇ ਜੰਮੂ ਵਿਚ ਕਿਹਾ, ‘‘4 ਤੇ 5 ਮਈ ਦੀ ਦਰਮਿਆਨੀ ਰਾਤ ਨੂੰ ਪਾਕਿਸਤਾਨੀ ਫੌਜ ਦੀਆਂ ਚੌਕੀਆਂ ਤੋਂ ਜੰਮੂ ਕਸ਼ਮੀਰ ਵਿਚ ਐੱਲਓਸੀ ਦੇ ਨਾਲ ਕੁਪਵਾੜਾ, ਬਾਰਾਮੂਲਾ, ਪੁਣਛ, ਰਾਜੌਰੀ, ਮੇਂਧੜ, ਨੌਸ਼ਹਿਰਾ, ਸੁੰਦਰਬਨੀ ਤੇ ਅਖਨੂਰ ਸੈਕਟਰਾਂ ਵਿਚ ਬਿਨਾਂ ਕਿਸੇ ਉਕਸਾਹਟ ਦੇ ਛੋਟੇ ਹਥਿਆਰਾਂ ਨਾਲ ਫਾਇਰਿੰਗ ਕੀਤੀ ਗਈ।’’ ਅਧਿਕਾਰੀਆਂ ਨੇ ਕਿਹਾ ਕਿ ਭਾਰਤੀ ਫੌਜ ਨੇ ਇਸ ਗੋਲੀਬਾਰੀ ਦਾ ਢੁੱਕਵਾਂ ਜਵਾਬ ਦਿੱਤਾ।
ਪਾਕਿਸਤਾਨੀ ਫੌਜਾਂ ਨੇ ਪੰਜ ਸਰਹੱਦੀ ਜ਼ਿਲ੍ਹਿਆਂ- ਜੰਮੂ ਖੇਤਰ ਵਿੱਚ ਪੀਰ ਪੰਜਾਲ ਰੇਂਜਾਂ ਦੇ ਦੱਖਣ ਵਿੱਚ ਜੰਮੂ, ਰਾਜੌਰੀ ਅਤੇ ਪੁਣਛ, ਅਤੇ ਕਸ਼ਮੀਰ ਘਾਟੀ ਵਿੱਚ ਬਾਰਾਮੂਲਾ ਅਤੇ ਕੁਪਵਾੜਾ ਜ਼ਿਲ੍ਹੇ – ਵਿੱਚ ਰਾਤ ਭਰ ਗੋਲੀਬਾਰੀ ਕੀਤੀ। ਪਾਕਿਸਤਾਨ ਨੇ ਉੱਤਰੀ ਕਸ਼ਮੀਰ ਦੇ ਕੁਪਵਾੜਾ ਅਤੇ ਬਾਰਾਮੂਲਾ ਜ਼ਿਲ੍ਹਿਆਂ ਵਿੱਚ ਕੰਟਰੋਲ ਰੇਖਾ ਦੇ ਨਾਲ ਕਈ ਚੌਕੀਆਂ ’ਤੇ ਬਿਨਾਂ ਕਿਸੇ ਭੜਕਾਹਟ ਦੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਦੀ ਸ਼ੁਰੂਆਤ ਕਰਦੇ ਹੋਏ, ਮਗਰੋਂ ਪੁਣਛ ਸੈਕਟਰ ਅਤੇ ਜੰਮੂ ਖੇਤਰ ਦੇ ਅਖਨੂਰ ਸੈਕਟਰ ਤੱਕ ਆਪਣੀ ਜੰਗਬੰਦੀ ਦੀ ਉਲੰਘਣਾ ਦਾ ਵਿਸਥਾਰ ਕੀਤਾ। ਇਸ ਤੋਂ ਬਾਅਦ ਰਾਜੌਰੀ ਜ਼ਿਲ੍ਹੇ ਦੇ ਸੁੰਦਰਬਨੀ ਅਤੇ ਨੌਸ਼ਹਿਰਾ ਸੈਕਟਰਾਂ ਵਿੱਚ ਕੰਟਰੋਲ ਰੇਖਾ ਦੇ ਨਾਲਕਈ ਚੌਕੀਆਂ ’ਤੇ ਛੋਟੇ ਹਥਿਆਰਾਂ ਨਾਲ ਗੋਲੀਬਾਰੀ ਕੀਤੀ ਗਈ। ਇਸ ਤੋਂ ਬਾਅਦ, ਗੋਲੀਬਾਰੀ ਜੰਮੂ ਜ਼ਿਲ੍ਹੇ ਵਿੱਚ ਕੌਮਾਂਤਰੀ ਸਰਹੱਦ ਦੇ ਨਾਲ-ਨਾਲ ਪਰਗਵਾਲ ਸੈਕਟਰ ਤੱਕ ਫੈਲ ਗਈ।