ਨੇਪਾਲ- ਸਾਬਕਾ ਚੀਫ਼ ਜਸਟਿਸ ਸੁਸ਼ੀਲਾ ਕਰਕੀ ਨੂੰ ਨੇਪਾਲ ਦੀ ਅੰਤਰਿਮ ਸਰਕਾਰ ਦਾ ਮੁਖੀ ਨਿਯੁਕਤ ਕੀਤੇ ਜਾਣ ਦੀ ਸੰਭਾਵਨਾ ਹੈ। ਸੂਤਰਾਂ ਮੁਤਾਬਕ ਕਰਕੀ ਇਸ ਨਵੀਂ ਭੂਮਿਕਾ ਵਿਚ ਆਉਣ ਮਗਰੋਂ ਅੰਦੋਲਨਕਾਰੀ ਸਮੂਹ ਦੀਆਂ ਮੰਗਾਂ ਨੂੰ ਪੂਰਾ ਕਰਦੇ ਹੋਏ ਨਵੇਂ ਸਿਰੇ ਤੋਂ ਚੋਣਾਂ ਕਰਵਾਏਗੀ। ਸਰਕਾਰ ਵਿਰੋਧੀ ਪ੍ਰਦਰਸ਼ਨਾਂ ਦੀ ਅਗਵਾਈ ਕਰਨ ਵਾਲੇ Gen Z ਸਮੂਹ ਦੇ ਪ੍ਰਤੀਨਿਧੀਆਂ, ਫੌਜ ਮੁਖੀ ਅਤੇ ਰਾਸ਼ਟਰਪਤੀ ਰਾਮਚੰਦਰ ਪੌਡੇਲ ਸਮੇਤ ਵੱਖ-ਵੱਖ ਭਾਈਵਾਲਾਂ ਦਰਮਿਆਨ ਚੱਲ ਰਹੀ ਗੱਲਬਾਤ ਵੀਰਵਾਰ ਅੱਧੀ ਰਾਤ ਨੂੰ ਬਿਨਾਂ ਕਿਸੇ ਨਤੀਜੇ ਦੇ ਖਤਮ ਹੋ ਗਈ।
ਹਾਲਾਂਕਿ ਕਈ ਸੂਤਰਾਂ ਨੇ ਦੱਸਿਆ ਕਿ ਨੌਜਵਾਨਾਂ ਦੀ ਅਗਵਾਈ ਵਾਲੇ Gen Z ਸਮੂਹ ਨੇ ਨਵੇਂ ਪ੍ਰਧਾਨ ਮੰਤਰੀ ਦੇ ਅਹੁਦੇ ਲਈ ਕਰਕੀ ਦੇ ਨਾਮ ਦੀ ਤਜਵੀਜ਼ ਰੱਖੀ ਹੈ। ਰਾਸ਼ਟਰਪਤੀ ਪੌਡੇਲ ਵੱਲੋਂ ਸ਼ੁੱਕਰਵਾਰ ਸਵੇਰੇ ਕਰਕੀ ਨੂੰ ਨੇਪਾਲ ਦੀ ਪਹਿਲੀ ਮਹਿਲਾ ਪ੍ਰਧਾਨ ਮੰਤਰੀ ਨਿਯੁਕਤ ਕੀਤੇ ਜਾਣ ਦੀ ਉਮੀਦ ਹੈ। ਰਾਸ਼ਟਰਪਤੀ ਦੇ ਨਜ਼ਦੀਕੀ ਸੂਤਰਾਂ ਅਨੁਸਾਰ ਪੌਡੇਲ ਇਸ ਸਮੇਂ ਵੱਖ-ਵੱਖ ਸਿਆਸੀ ਆਗੂਆਂ ਦੇ ਨਾਲ-ਨਾਲ ਸੰਵਿਧਾਨਕ ਮਾਹਿਰਾਂ ਨਾਲ ਮੌਜੂਦਾ ਸਿਆਸੀ ਜਮੂਦ ’ਚੋਂ ਬਾਹਰ ਨਿਕਲਣ ਦਾ ਰਸਤਾ ਲੱਭਣ ਲਈ ਸਲਾਹ-ਮਸ਼ਵਰਾ ਕਰ ਰਹੇ ਹਨ।
ਸੂਤਰਾਂ ਦੀ ਮੰਨੀਏ ਤਾਂ ਨਵੀਂ ਸਰਕਾਰ ਬਣਾਉਣ ਲਈ ਦੋ ਵਿਕਲਪਾਂ ’ਤੇ ਵਿਚਾਰ ਕੀਤਾ ਗਿਆ: ਸੰਸਦ ਨੂੰ ਭੰਗ ਕਰਨਾ ਜਾਂ ਇਸ ਨੂੰ ਬਰਕਰਾਰ ਰੱਖਣਾ। ਹਾਲਾਂਕਿ ਅੰਦੋਲਨਕਾਰੀ ਸਮੂਹ ਸੰਵਿਧਾਨਕ ਢਾਂਚੇ ਦੇ ਅੰਦਰ ਹੱਲ ਲੱਭਣ ਲਈ ਸਹਿਮਤ ਹੋ ਗਿਆ ਹੈ।
ਇਸ ਦੌਰਾਨ ਲੋਕਾਂ ਨੂੰ ਰੋਜ਼ਾਨਾ ਜੀਵਨ ਵਿੱਚ ਆਰਾਮ ਨਾਲ ਕੰਮ ਕਰਨ ਦਾ ਸਮਾਂ ਦੇਣ ਲਈ ਰਾਤ ਦੇ ਕਰਫਿਊ ਵਿੱਚ ਸਵੇਰੇ 7 ਵਜੇ ਤੋਂ 11 ਵਜੇ ਤੱਕ ਚਾਰ ਘੰਟਿਆਂ ਲਈ ਢਿੱਲ ਦਿੱਤੀ ਗਈ ਹੈ। ਦੇਸ਼ ਭਰ ਵਿੱਚ ਸਵੇਰੇ 11 ਵਜੇ ਤੋਂ ਸ਼ਾਮ 5 ਵਜੇ ਤੱਕ ਪਾਬੰਦੀਆਂ ਦੇ ਹੁਕਮ ਲਾਗੂ ਰਹਿਣਗੇ, ਜਿਸ ਤੋਂ ਬਾਅਦ ਅਗਲੇ ਦਿਨ ਸ਼ਾਮ 7 ਵਜੇ ਤੋਂ ਸਵੇਰੇ 6 ਵਜੇ ਤੱਕ ਕਰਫਿਊ ਮੁੜ ਸ਼ੁਰੂ ਹੋਣ ਤੋਂ ਪਹਿਲਾਂ ਦੋ ਘੰਟੇ ਦੀ ਢਿੱਲ ਹੋਵੇਗੀ।
ਭ੍ਰਿਸ਼ਟਾਚਾਰ ਅਤੇ ਸੋਸ਼ਲ ਮੀਡੀਆ ’ਤੇ ਪਾਬੰਦੀ ਵਿਰੁੱਧ ਸੋਮਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਪੁਲੀਸ ਕਾਰਵਾਈ ਵਿੱਚ ਘੱਟੋ-ਘੱਟ 19 ਲੋਕਾਂ ਦੀ ਮੌਤ ਤੇ ਸੈਂਕੜੇ ਪ੍ਰਦਰਸ਼ਨਕਾਰੀਆਂ ਵੱਲੋਂ ਅਸਤੀਫ਼ੇ ਦੀ ਮੰਗ ਨੂੰ ਲੈ ਕੇ ਪ੍ਰਧਾਨ ਮੰਤਰੀ ਦਫ਼ਤਰ ਵਿੱਚ ਦਾਖਲ ਹੋਣ ਤੋਂ ਥੋੜ੍ਹੀ ਦੇਰ ਬਾਅਦ ਹੀ ਪੀਐੱਮ ਕੇ ਪੀ ਸ਼ਰਮਾ ਓਲੀ ਨੇ ਮੰਗਲਵਾਰ ਨੂੰ ਅਸਤੀਫ਼ਾ ਦੇ ਦਿੱਤਾ ਸੀ। ਸੋਸ਼ਲ ਮੀਡੀਆ ’ਤੇ ਪਾਬੰਦੀ ਹਾਲਾਂਕਿ ਸੋਮਵਾਰ ਰਾਤ ਨੂੰ ਹਟਾ ਦਿੱਤੀ ਗਈ ਸੀ।
ਰਾਸ਼ਟਰਪਤੀ ਪੌਡੇਲ ਨੇ ਓਲੀ ਦਾ ਅਸਤੀਫ਼ਾ ਭਾਵੇਂ ਸਵੀਕਾਰ ਕਰ ਲਿਆ ਹੈ ਪਰ ਨਾਲ ਹੀ ਕਿਹਾ ਕਿ ਓਲੀ ਦੀ ਅਗਵਾਈ ਵਾਲੀ ਕੈਬਨਿਟ ਨਵੀਂ ਮੰਤਰੀ ਪ੍ਰੀਸ਼ਦ ਬਣਨ ਤੱਕ ਸਰਕਾਰ ਚਲਾਉਂਦੀ ਰਹੇਗੀ। ਸਿਹਤ ਮੰਤਰਾਲੇ ਅਨੁਸਾਰ, ਸੋਮਵਾਰ ਅਤੇ ਮੰਗਲਵਾਰ ਨੂੰ ਹੋਏ ਵਿਰੋਧ ਪ੍ਰਦਰਸ਼ਨਾਂ ਦੌਰਾਨ ਹੁਣ ਤੱਕ ਮਾਰੇ ਗਏ ਲੋਕਾਂ ਦੀ ਗਿਣਤੀ 34 ਹੋ ਗਈ ਹੈ।