62.67 F
New York, US
August 27, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਨਹੀਂ ਰਹੇ ਪੰਜਾਬੀ ਸਰੋਤਿਆਂ ਨੂੰ ਹਸਾਉਣ ਵਾਲੇ ਜਸਵਿੰਦਰ ਭੱਲਾ

ਚੰਡੀਗੜ੍ਹ- ਆਪਣੀ ਖੂਬਸੂਰਤ ਕਾਮੇਡੀ ਰਾਹੀਂ ਦਰਸ਼ਕਾਂ ਦੇ ਹਸਾ ਹਸਾ ਕੇ ਢਿੱਡੀ ਪੀੜਾਂ ਪਵਾਉਣ ਵਾਲੇ ਜਸਵਿੰਦਰ ਭੱਲਾ ਸੰਸਾਰ ਨੂੰ ਅਲਵਿਦਾ ਆਖ ਗਏ ਹਨ। ਉਨ੍ਹਾਂ ਦੀ ਮੌਤ ਨਾਲ ਦੁਨੀਆਂ ਭਰ ਵਿੱਚ ਵਸਦੇ ਲੱਖਾਂ ਕਰੋੜਾਂ ਚਹੇਤਿਆਂ ਦੀਆਂ ਅੱਖਾਂ ਵਿੱਚ ਹੰਝੂ ਹਨ।

ਜਸਵਿੰਦਰ ਭੱਲਾ ਦਾ ਜਨਮ 4 ਮਈ 1960 ਨੂੰ ਲੁਧਿਆਣਾ ਵਿਖੇ ਪਿਤਾ ਮਾਸਟਰ ਬਹਾਦਰ ਸਿੰਘ ਭੱਲਾ ਦੇ ਘਰ ਹੋਇਆ। ਉਨ੍ਹਾਂ ਨੇ ਮੁਢਲੀ ਵਿੱਦਿਆ ਸਰਕਾਰੀ ਸੀਨੀਅਰ ਸੈਕੰਡਰੀ ਸਕੂਲ ਦੋਰਾਹਾ ਤੋਂ ਹਾਸਲ ਕੀਤੀ। ਪੰਜਾਬ ਖੇਤੀਬਾੜੀ ਯੂਨੀਵਰਸਿਟੀ ਤੋਂ ਬੀ.ਐੱਸਸੀ ਐਗਰੀਕਲਚਰ ਕੀਤੀ। ਇਸੇ ਯੂਨੀਵਰਸਿਟੀ ਤੋਂ ਐੱਮ.ਐੱਸਸੀ ਐਗਰੀਕਲਚਰ ਦੀ ਪੜ੍ਹਾਈ ਕੀਤੀ। ਉਸ ਤੋਂ ਬਾਅਦ ਉਨ੍ਹਾਂ ਚੌਧਰੀ ਚਰਨ ਸਿੰਘ ਪੋਸਟ ਗ੍ਰੈਜੂਏਟ ਕਾਲਜ ਮੇਰਠ ਤੋਂ ਪੀਐੱਚ.ਡੀ ਕੀਤੀ। ਉਪਰੰਤ ਉਹ ਪੰਜਾਬ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਵਿਖੇ ਸਹਾਇਕ ਪ੍ਰੋਫੈਸਰ ਵਜੋਂ ਭਰਤੀ ਹੋਏ ਅਤੇ 31 ਮਈ 2020 ਨੂੰ ਵਿਸਥਾਰ ਸਿੱਖਿਆ ਵਿਭਾਗ ਦੇ ਪ੍ਰੋਫੈਸਰ ਅਤੇ ਮੁਖੀ ਵਜੋਂ ਸੇਵਾ ਮੁਕਤ ਹੋਏ।

ਉਨ੍ਹਾਂ ਦੀ ਵਿਦਿਆਰਥੀ ਜੀਵਨ ਤੋਂ ਹੀ ਕਲਾਕਾਰੀ ਵੱਲ ਰੁਚੀ ਸੀ। 1975 ਵਿੱਚ ਆਲ ਇੰਡੀਆ ਰੇਡੀਓ ਦੇ ਇੱਕ ਪ੍ਰੋਗਰਾਮ ਵਿੱਚ ਸ਼ਾਮਲ ਹੋਏ ਪ੍ਰੰਤੂ 1988 ਤੋਂ ਆਪਣੇ ਸਹਿਯੋਗੀ ਕਲਾਕਾਰ ਬਾਲ ਮੁਕੰਦ ਸ਼ਰਮਾ ਨਾਲ ਉਨ੍ਹਾਂ ਨੇ ‘ਛਣਕਾਟਾ’ ਰਾਹੀਂ ਪੱਕੇ ਪੈਰੀਂ ਕਮੇਡੀ ਖੇਤਰ ਵਿੱਚ ਐਂਟਰੀ ਕੀਤੀ। ਇਸ ਮਗਰੋਂ ਉਹ ਹਰ ਵਰ੍ਹੇ ਛਣਕਾਟਾ ਕੱਢਦੇ ਰਹੇ ਜਿਸ ਵਿੱਚ ਲੋਕ ਮਸਲਿਆਂ ਨੂੰ ਪ੍ਰਮੁੱਖ ਤੌਰ ’ਤੇ ਉਭਾਰਿਆ ਜਾਂਦਾ ਸੀ। ਉਨ੍ਹਾਂ ਨੇ 27 ਤੋਂ ਵੱਧ ਆਡੀਓ ਕੈਸੇਟਾਂ ਕੱਢੀਆਂ।

ਇਸੇ ਤਰ੍ਹਾਂ ਉਨ੍ਹਾਂ ਨੇ ਕਈ ਫਿਲਮਾਂ ਵਿੱਚ ਕੰਮ ਕੀਤਾ ਜਿਨ੍ਹਾਂ ਵਿੱਚ ‘ਮਾਹੌਲ ਠੀਕ ਹੈ‘, ‘ਬਾਬਲ ਦਾ ਵਿਹੜਾ’, ‘ਜੀਹਨੇ ਮੇਰਾ ਦਿਲ ਲੁੱਟਿਆ’, ‘ਪਾਵਰ ਕੱਟ’ , ‘ਚੱਕ ਦੇ ਫੱਟੇ’, ‘ਮੇਲ ਕਰਾ ਦੇ ਰੱਬਾ’, ‘ਕੈਰੀ ਔਨ ਜੱਟਾ’ ਕਾਫੀ ਪ੍ਰਸਿੱਧ ਹਨ।

ਉਨ੍ਹਾਂ ਦਾ ਵਿਆਹ ਪਰਮਦੀਪ ਭੱਲਾ ਨਾਲ ਹੋਇਆ। ਉਹ ਆਪਣੇ ਪਿੱਛੇ ਪੁੱਤਰ ਪੁਖਰਾਜ ਭੱਲਾ ਅਤੇ ਧੀ ਅਰਸ਼ਦੀਪ ਕੌਰ ਛੱਡ ਗਏ ਹਨ।

ਜਸਵਿੰਦਰ ਭੱਲਾ ਦੀ ਮੌਤ ਨਾਲ ਸਮੁੱਚੇ ਪੰਜਾਬ ਵਿੱਚ ਸੋਗ ਦਾ ਮਾਹੌਲ ਫੈਲ ਗਿਆ ਹੈ ਅਤੇ ਉਨ੍ਹਾਂ ਦੇ ਦੇਹਾਂਤ ਉੱਤੇ ਵੱਡੀ ਗਿਣਤੀ ਵਿੱਚ ਰਾਜਨੀਤਿਕ ਹਸਤੀਆਂ, ਧਾਰਮਿਕ ਸ਼ਖ਼ਸੀਅਤਾਂ, ਸਮਾਜਿਕ ਕਾਰਕੁਨਾਂ ਅਤੇ ਫਿਲਮੀ ਅਦਾਕਾਰਾਂ ਤੇ ਗਾਇਕਾਂ ਵੱਲੋਂ ’ਤੇ ਦੁੱਖ ਦਾ ਪ੍ਰਗਟਾਵਾ ਕੀਤਾ ਜਾ ਰਿਹਾ ਹੈ ਅਤੇ ਉਨ੍ਹਾਂ ਦੀ ਮੌਤ ਨੂੰ ਪੰਜਾਬ ਪੰਜਾਬੀ ਅਤੇ ਪੰਜਾਬੀ ਸੱਭਿਆਚਾਰ ਲਈ ਬਹੁਤ ਵੱਡਾ ਘਾਟਾ ਦੱਸਿਆ ਜਾ ਰਿਹਾ ਹੈ।

ਜ਼ਿਕਰਯੋਗ ਹੈ ਕਿ ਜਸਵਿੰਦਰ ਭੱਲਾ ਨੂੰ ਲੰਘੇ ਸ਼ੁਕਰਵਾਰ ਨੂੰ ਸਿਹਤ ਠੀਕ ਨਾ ਹੋਣ ਕਾਰਨ ਮੋਹਾਲੀ ਦੇ ਫੋਰਟਿਸ ਹਸਪਤਾਲ ਵਿੱਚ ਦਾਖਲ ਕਰਾਇਆ ਗਿਆ ਸੀ ਜਿੱਥੇ ਉਨ੍ਹਾਂ ਦਾ ਦੇਹਾਂਤ ਹੋ ਗਿਆ। ਉਨ੍ਹਾਂ ਦਾ ਸਸਕਾਰ 23 ਅਗਸਤ ਦਿਨ ਸ਼ਨਿੱਚਰਵਾਰ ਨੂੰ ਮੁਹਾਲੀ ਦੇ ਬਲੌਂਗੀ ਦੇ ਸ਼ਮਸ਼ਾਨ ਘਾਟ ਵਿਖੇ ਹੋਵੇਗਾ।

Related posts

ਉੜੀਸਾ-ਬੰਗਾਲ ‘ਚ ‘ਅਮਫਾਨ’ ਨੇ ਮਚਾਈ ਤਬਾਈ, 12 ਲੋਕਾਂ ਦੀ ਮੌਤ

On Punjab

ਸਿਰਫਿਰੇ ਨੇ ਅਦਾਕਾਰਾ ਨੂੰ ਬੰਦੂਕ ਦੇ ਜ਼ੋਰ ਕੀਤਾ ਅਗਵਾ, ਐਸਪੀ ‘ਤੇ ਚਲਾਈ ਗੋਲੀ

On Punjab

ਸਾਬਕਾ ਡੀਜੀਪੀ ਸੁਮੇਧ ਸੈਣੀ ਐਸਆਈਟੀ ਸਾਹਮਣੇ ਪੇਸ਼

On Punjab