ਨਵੀਂ ਦਿੱਲੀ: ਮੁੰਬਈ ਪੁਲਿਸ ਨੇ ਫ਼ਿਲਮ ‘ਧੁਰੰਧਰ’ ਦੇ ਅਦਾਕਾਰ ਨਦੀਮ ਖਾਨ ਨੂੰ ਜਬਰ-ਜਨਾਹ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਹੈ। ਅਦਾਕਾਰ ‘ਤੇ ਵਿਆਹ ਦਾ ਵਾਅਦਾ ਕਰਕੇ 10 ਸਾਲ ਤੱਕ ਆਪਣੀ ਨੌਕਰਾਨੀ ਨਾਲ ਜਬਰ-ਜਨਾਹ ਕਰਨ ਦਾ ਇਲਜ਼ਾਮ ਲੱਗਿਆ ਹੈ। ਨਦੀਮ ਖਾਨ ਨੂੰ 22 ਜਨਵਰੀ ਨੂੰ ਹੀ ਹਿਰਾਸਤ ਵਿੱਚ ਲੈ ਲਿਆ ਗਿਆ ਸੀ। ਇੱਕ ਪੁਲਿਸ ਅਧਿਕਾਰੀ ਨੇ ਦੱਸਿਆ, “ਇੱਕ 41 ਸਾਲਾ ਮਹਿਲਾ ਦੀ ਸ਼ਿਕਾਇਤ ਦੇ ਆਧਾਰ ‘ਤੇ, ਹਾਲ ਹੀ ਵਿੱਚ ਰਿਲੀਜ਼ ਹੋਈ ਬਲਾਕਬਸਟਰ ਫ਼ਿਲਮ ‘ਧੁਰੰਧਰ’ ਵਿੱਚ ਨਜ਼ਰ ਆਏ ਨਦੀਮ ਖਾਨ ਨੂੰ 22 ਜਨਵਰੀ ਨੂੰ ਗ੍ਰਿਫ਼ਤਾਰ ਕੀਤਾ ਗਿਆ ਸੀ ਅਤੇ ਉਹ ਫਿਲਹਾਲ ਪੁਲਿਸ ਹਿਰਾਸਤ ਵਿੱਚ ਹੈ।”
10 ਸਾਲ ਤੱਕ ਕੀਤਾ ਵਿਆਹ ਦਾ ਵਾਅਦਾ- ਪੁਲਿਸ ਨੇ ਸੋਮਵਾਰ, 26 ਜਨਵਰੀ ਨੂੰ ਜਾਣਕਾਰੀ ਦਿੱਤੀ, “ਮੁੰਬਈ ਵਿੱਚ ਨਦੀਮ ਖਾਨ ਨੂੰ ਵਿਆਹ ਦਾ ਵਾਅਦਾ ਕਰਕੇ 10 ਸਾਲ ਤੱਕ ਆਪਣੀ ਘਰੇਲੂ ਨੌਕਰਾਨੀ ਨਾਲ ਜਬਰ-ਜਨਾਹ ਕਰਨ ਦੇ ਦੋਸ਼ ਵਿੱਚ ਗ੍ਰਿਫ਼ਤਾਰ ਕੀਤਾ ਗਿਆ ਹੈ।” ਪੁਲਿਸ ਨੇ ਦਰਜ ਕੀਤੀ ਗਈ ਸ਼ਿਕਾਇਤ ਦੇ ਆਧਾਰ ‘ਤੇ ਦੱਸਿਆ, “ਮਹਿਲਾ ਵੱਖ-ਵੱਖ ਅਦਾਕਾਰਾਂ ਦੇ ਘਰ ਘਰੇਲੂ ਨੌਕਰਾਨੀ ਵਜੋਂ ਕੰਮ ਕਰਦੀ ਸੀ ਅਤੇ ਸਾਲਾਂ ਪਹਿਲਾਂ ਨਦੀਮ ਖਾਨ ਦੇ ਸੰਪਰਕ ਵਿੱਚ ਆਈ ਸੀ। ਇਸ ਦੌਰਾਨ ਉਹ ਦੋਵੇਂ ਇੱਕ-ਦੂਜੇ ਦੇ ਨੇੜੇ ਆ ਗਏ।” ਅਧਿਕਾਰੀ ਨੇ ਅੱਗੇ ਦੱਸਿਆ, “ਮਹਿਲਾ ਨੇ ਇਲਜ਼ਾਮ ਲਗਾਇਆ ਹੈ ਕਿ ਖਾਨ ਨੇ ਉਸ ਨਾਲ ਵਿਆਹ ਦਾ ਵਾਅਦਾ ਕੀਤਾ ਸੀ ਅਤੇ ਉਸੇ ਭਰੋਸੇ ‘ਤੇ ਉਸ ਨੇ 10 ਸਾਲਾਂ ਦੇ ਸਮੇਂ ਦੌਰਾਨ ਮਲਵਾਨੀ ਸਥਿਤ ਆਪਣੇ ਘਰ ਅਤੇ ਪੱਛਮੀ ਉਪਨਗਰਾਂ ਵਿੱਚ ਵਰਸੋਵਾ ਸਥਿਤ ਆਪਣੇ ਘਰ ਵਿੱਚ ਕਈ ਵਾਰ ਉਸ ਨਾਲ ਜਬਰ-ਜਨਾਹ ਕੀਤਾ।”

