ਨਵੀਂ ਦਿੱਲੀ- ਕੌਮੀ ਰਾਜਧਾਨੀ ਤੇ ਐਨ ਸੀ ਆਰ ਖੇਤਰ ਵਿਚ ਅੱਜ ਦੀਵਾਲੀ ਵਾਲੀ ਸਵੇਰ ਧੂੰਏਂ ਦੀ ਸੰਘਣੀ ਪਰਤ ਛਾਈ ਰਹੀ ਤੇ ਹਵਾ ਗੁਣਵੱਤਾ ਸੂਚਕ ਅੰਕ (ਏ ਕਿਊ ਆਈ) ਬਹੁਤ ਖਰਾਬ ਸ਼੍ਰੇਣੀ ਵਿੱਚ ਦਰਜ ਕੀਤਾ ਗਿਆ। ਕੇਂਦਰੀ ਪ੍ਰਦੂਸ਼ਣ ਕੰਟਰੋਲ ਬੋਰਡ (CPCB) ਨੇ ਸਮੀਰ ਐਪ ਦੇ ਹਵਾਲੇ ਨਾਲ ਦੱਸਿਆ ਕਿ ਦਿੱਲੀ ਵਿਚ ਸਵੇਰੇ 9 ਵਜੇ AQI 339 ਦਰਜ ਕੀਤਾ ਗਿਆ।
ਇੱਥੋਂ ਦੇ 38 ਨਿਗਰਾਨੀ ਸਟੇਸ਼ਨਾਂ ਦੇ ਅੰਕੜਿਆਂ ਤੋਂ ਪਤਾ ਚੱਲਿਆ ਕਿ ਸ਼ਹਿਰ ਦੇ ਜ਼ਿਆਦਾਤਰ ਹਿੱਸਿਆਂ ਵਿੱਚ ਹਵਾ ਗੁਣਵੱਤਾ ਦਾ ਪੱਧਰ 300 ਤੋਂ ਉੱਪਰ ਰਿਹਾ। ਆਨੰਦ ਵਿਹਾਰ ਵਿੱਚ ਏ ਕਿਊ ਆਈ 414 ਅਤੇ ਵਜ਼ੀਰਪੁਰ ਵਿੱਚ 412 ਦਰਜ ਕੀਤਾ ਗਿਆ। ਇਨ੍ਹਾਂ ਦੋਵੇਂ ਸਟੇਸ਼ਨਾਂ ਵਿੱਚ ਹਵਾ ਦੀ ਗੁਣਵੱਤਾ ਗੰਭੀਰ ਸ਼੍ਰੇਣੀ ਵਿੱਚ ਦਰਜ ਕੀਤੀ ਗਈ। ਬਵਾਨਾ (369), ਪੂਸਾ (371), ਅਤੇ ਅਸ਼ੋਕ ਵਿਹਾਰ (394) ਸਮੇਤ ਕਈ ਹੋਰ ਥਾਵਾਂ ’ਤੇ ਵੀ ਹਵਾ ਦਾ ਮਿਆਰ ਖਰਾਬ ਦਰਜ ਕੀਤਾ ਗਿਆ। ਜਦੋਂ ਕਿ ਸ੍ਰੀ ਅਰਬਿੰਦੋ ਮਾਰਗ (165) ਅਤੇ ਡੀਟੀਯੂ (198) ਵਰਗੇ ਕੁਝ ਖੇਤਰਾਂ ਵਿੱਚ ਹਵਾ ਹੋਰਾਂ ਇਲਾਕਿਆਂ ਦੇ ਮੁਕਾਬਲੇ ਸਾਫ ਰਹੀ। ਇਸ ਤੋਂ ਪਹਿਲਾਂ, ਏਅਰ ਕੁਆਲਿਟੀ ਮੈਨੇਜਮੈਂਟ ਕਮਿਸ਼ਨ (CAQM) ਨੇ ਆਉਣ ਵਾਲੇ ਦਿਨਾਂ ਵਿੱਚ ਦਿੱਲੀ-ਐਨਸੀਆਰ ਵਿੱਚ ਗ੍ਰੇਡਿਡ ਰਿਸਪਾਂਸ ਐਕਸ਼ਨ ਪਲਾਨ (GRAP) ਦੇ ਪੜਾਅ II ਨੂੰ ਲਾਗੂ ਕੀਤਾ ਸੀ। ਸੁਪਰੀਮ ਕੋਰਟ ਨੇ ਪਿਛਲੇ ਬੁੱਧਵਾਰ ਨੂੰ ਕੁਝ ਸ਼ਰਤਾਂ ਦੇ ਨਾਲ ਦਿੱਲੀ-ਐਨਸੀਆਰ ਵਿੱਚ ਵਾਤਾਵਰਨ ਪੱਖੀ ਪਟਾਕਿਆਂ ਦੀ ਵਿਕਰੀ ਦੀ ਇਜਾਜ਼ਤ ਦਿੱਤੀ ਸੀ। ਉਨ੍ਹਾਂ ਕੇਂਦਰੀ ਪ੍ਰਦੂਸ਼ਣ ਬੋਰਡ ਨੂੰ ਵੀ ਹਵਾ ਦੇ ਮਿਆਰ ਦੇ ਅੰਕੜੇ ਦੇਣ ਲਈ ਕਿਹਾ ਸੀ। ਇਹ ਵੀ ਦੱਸਣਾ ਬਣਦਾ ਹੈ ਕਿ ਦੀਵਾਲੀ ਵਾਲੀ ਰਾਤ ਕੌਮੀ ਰਾਜਧਾਨੀ ਖੇਤਰ ਵਿਚ ਹਵਾ ਦਾ ਮਿਆਰ ਹੋਰ ਵੀ ਖਰਾਬ ਹੋਵੇਗਾ ਕਿਉਂਕਿ ਇੱਥੇ ਪਿਛਲੇ ਸਾਲ ਵੀ ਨਿਯਮਾਂ ਦਾ ਉਲੰਘਣ ਕਰ ਕੇ ਪਟਾਕੇ ਚਲਾਏ ਗਏ ਸਨ।