ਮੁੰਬਈ- ਬਾਲੀਵੁੱਡ ਸਟਾਰ ਪ੍ਰਿਯੰਕਾ ਚੋਪੜਾ ਜੋਨਸ ਕਪਿਲ ਸ਼ਰਮਾ ਦੇ ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦੇ ਪਹਿਲੇ ਐਪੀਸੋਡ ਵਿੱਚ ਨਜ਼ਰ ਆਏਗੀ। ਇਹ ਸ਼ੋਅ 20 ਦਸੰਬਰ ਤੋਂ ਨੈੱਟਫਲਿਕਸ ’ਤੇ ਸਟ੍ਰੀਮ ਕਰੇਗਾ। ਸਟ੍ਰੀਮਿੰਗ ਪਲੈਟਫਾਰਮ ਨੇ ਸੋਮਵਾਰ ਨੂੰ ਆਪਣੇ ਇੰਸਟਾਗ੍ਰਾਮ ਹੈਂਡਲ ’ਤੇ ਇੱਕ ਪੋਸਟ ਦੇ ਨਾਲ ਇਹ ਐਲਾਨ ਸਾਂਝਾ ਕੀਤਾ, ਜਿਸ ਵਿੱਚ ਕਪਿਲ ਸ਼ਰਮਾ ਬੌਲੀਵੁੱਡ ਤੇ ਹੌਲੀਵੁੱਡ ਸਟਾਰ ਨਾਲ ਦਿਖਾਈ ਦੇ ਰਿਹਾ ਸੀ। ‘ਦਿ ਗ੍ਰੇਟ ਇੰਡੀਅਨ ਕਪਿਲ ਸ਼ੋਅ’ ਦਾ ਇਹ ਚੌਥਾ ਐਡੀਸ਼ਨ ਹੈ।
ਸ਼ੋਅ ਦੇ ਨਿਰਮਾਤਾਵਾਂ ਮੁਤਾਬਕ ਇਸ ਵਿੱਚ ਕਪਿਲ ਵੱਖ-ਵੱਖ ਕਿਰਦਾਰਾਂ ਜਨਰੇਸ਼ਨ ਬਾਬਾ ਅਤੇ ਤਾਊ ਜੀ ਤੋਂ ਲੈ ਕੇ ਰਾਜਾ ਅਤੇ ਮੰਤਰੀ ਜੀ ਤੱਕ ਦੇ ਕਿਰਦਾਰ ਵਿਚ ਨਜ਼ਰ ਆਏਗਾ। ਇਹ ਕਿਰਦਾਰ ਵੱਖ ਵੱਖ ਉਮਰ ਸਮੂਹਾਂ ਲਈ ਤਿਆਰ ਕੀਤੇ ਗਏ ਹਨ। ਇਸ ਵਿੱਚ ਅਦਾਕਾਰ ਸੁਨੀਲ ਗਰੋਵਰ, ਕੀਕੂ ਸ਼ਾਰਦਾ ਅਤੇ ਕ੍ਰਿਸ਼ਨਾ ਅਭਿਸ਼ੇਕ ਸ਼ਰਮਾ ਵੀ ਸ਼ਾਮਲ ਹੋਣਗੇ। ਅਰਚਨਾ ਪੂਰਨ ਸਿੰਘ ਅਤੇ ਨਵਜੋਤ ਸਿੰਘ ਸਿੱਧੂ ਵੀ ਨਵੇਂ ਸੀਜ਼ਨ ਲਈ ਵਾਪਸ ਆ ਰਹੇ ਹਨ।

