ਨਵੀਂ ਦਿੱਲੀ- ਦਿੱਲੀ ਅਤੇ ਆਸ-ਪਾਸ ਦੇ ਇਲਾਕਿਆਂ (NCR) ਵਿੱਚ ਹਵਾ ਦੀ ਗੁਣਵੱਤਾ ਤੇਜ਼ੀ ਨਾਲ ਖ਼ਰਾਬ ਹੋਣ ਕਾਰਨ ਹਵਾ ਗੁਣਵੱਤਾ ਪ੍ਰਬੰਧਨ ਕਮਿਸ਼ਨ (CAQM) ਨੇ ਸ਼ੁੱਕਰਵਾਰ ਨੂੰ ਤੁਰੰਤ ਪ੍ਰਭਾਵ ਨਾਲ (GRAP-III) ਦੀਆਂ ਪਾਬੰਦੀਆਂ ਲਾਗੂ ਕਰ ਦਿੱਤੀਆਂ ਹਨ। ਅਧਿਕਾਰੀਆਂ ਅਨੁਸਾਰ ਦਿੱਲੀ ਦਾ ਹਵਾ ਗੁਣਵੱਤਾ ਸੂਚਕਾਂਕ (AQI), ਜੋ ਵੀਰਵਾਰ ਨੂੰ 343 ਸੀ, ਸ਼ੁੱਕਰਵਾਰ ਸ਼ਾਮ ਤੱਕ ਵਧ ਕੇ 354 ਹੋ ਗਿਆ। ਮੌਸਮ ਵਿਭਾਗ ਅਤੇ ਮਾਹਿਰਾਂ ਨੇ ਚੇਤਾਵਨੀ ਦਿੱਤੀ ਹੈ ਕਿ ਆਉਣ ਵਾਲੇ ਦਿਨਾਂ ਵਿੱਚ ਹਵਾ ਦੀ ਰਫ਼ਤਾਰ ਘੱਟ ਰਹਿਣ ਅਤੇ ਮੌਸਮ ਦੇ ਅਣਸੁਖਾਵੇਂ ਹਾਲਾਤਾਂ ਕਾਰਨ AQI 400 ਦੇ ਅੰਕੜੇ ਨੂੰ ਪਾਰ ਕਰਕੇ ‘ਗੰਭੀਰ’ (Severe) ਸ਼੍ਰੇਣੀ ਵਿੱਚ ਪਹੁੰਚ ਸਕਦਾ ਹੈ। ਇਸੇ ਖ਼ਦਸ਼ੇ ਨੂੰ ਦੇਖਦੇ ਹੋਏ ਪ੍ਰਸ਼ਾਸਨ ਨੇ ਇਹ ਸਖ਼ਤ ਕਦਮ ਚੁੱਕਿਆ ਹੈ।
GRAP-3 ਲਾਗੂ ਹੋਣ ਨਾਲ ਪੂਰੇ NCR ਖੇਤਰ ਵਿੱਚ ਗੈਰ-ਜ਼ਰੂਰੀ ਉਸਾਰੀ ਕਾਰਜਾਂ ਅਤੇ ਤੋੜ-ਫੋੜ ’ਤੇ ਪੂਰੀ ਤਰ੍ਹਾਂ ਪਾਬੰਦੀ ਲਗਾ ਦਿੱਤੀ ਗਈ ਹੈ। ਇਸ ਤੋਂ ਇਲਾਵਾ ਪ੍ਰਦੂਸ਼ਣ ਫੈਲਾਉਣ ਵਾਲੇ ਉਦਯੋਗਾਂ ਅਤੇ ਪੱਥਰ ਤੋੜਨ ਵਾਲੇ ਕਰੈਸ਼ਰਾਂ ’ਤੇ ਵੀ ਸਖ਼ਤੀ ਵਰਤੀ ਜਾਵੇਗੀ। ਜ਼ਿਕਰਯੋਗ ਹੈ ਕਿ ਹਵਾ ਵਿੱਚ ਸੁਧਾਰ ਹੋਣ ’ਤੇ 2 ਜਨਵਰੀ ਨੂੰ ਇਹ ਪਾਬੰਦੀਆਂ ਹਟਾ ਲਈਆਂ ਗਈਆਂ ਸਨ, ਪਰ ਹੁਣ ਹਾਲਾਤ ਫਿਰ ਵਿਗੜਨ ਕਾਰਨ ਇਨ੍ਹਾਂ ਨੂੰ ਦੁਬਾਰਾ ਲਾਗੂ ਕਰਨਾ ਪਿਆ ਹੈ। ਵਾਹਨਾਂ ਦੇ ਧੂੰਏਂ, ਪਰਾਲੀ ਦੇ ਪ੍ਰਦੂਸ਼ਣ ਅਤੇ ਠੰਢ ਕਾਰਨ ਜੰਮੇ ਹੋਏ ਧੂੰਏਂ ਨੇ ਦਿੱਲੀ-ਐਨਸੀਆਰ ਦੀ ਹਵਾ ਨੂੰ ਖ਼ਤਰਨਾਕ ਪੱਧਰ ’ਤੇ ਪਹੁੰਚਾ ਦਿੱਤਾ ਹੈ, ਜਿਸ ਨਾਲ ਲੋਕਾਂ ਨੂੰ ਸਾਹ ਲੈਣ ਵਿੱਚ ਦਿੱਕਤ ਮਹਿਸੂਸ ਹੋ ਰਹੀ ਹੈ।

