ਗ੍ਰਹਿ ਮੰਤਰੀ ਸੁਖਜਿੰਦਰ ਸਿੰਘ ਰੰਧਾਵਾ ਨੇ ਕਿਹਾ ਕਿ ਜੇ ਇਸ ਵਿਅਕਤੀ ਨੂੰ ਜ਼ਿੰਦਾ ਫਡ਼ਿਆ ਜਾਂਦਾ ਤਾਂ ਸੱਚ ਸਾਹਮਣੇ ਆ ਸਕਦਾ ਸੀ। ਇਸ ਘਟਨਾ ਨੇ ਸਮੁੱਚੀ ਮਨੁੱਖਤਾ ਦੇ ਹਿਰਦੇ ਨੂੰ ਠੇਸ ਪਹੁੰਚਾਈ ਹੈ। ਉਨ੍ਹਾਂ ਅੰਮ੍ਰਿਤਸਰ ਦੇ ਪੁਲਿਸ ਕਮਿਸ਼ਨਰ ਕੋਲੋਂ ਰਿਪੋਰਟ ਮੰਗੀ ਹੈ। ਇਕ ਪਾਸੇ ਡ੍ਰੋਨ ਮਿਲ ਰਹੇ ਹਨ ਤੇ ਦੂਜੇ ਪਾਸੇ ਬੇਅਦਬੀ ਦੀ ਕੋਸ਼ਿਸ਼ ਕਰ ਕੇ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਡੀਸੀਪੀ ਪਰਮਿੰਦਰ ਸਿੰਘ ਭੰਡਾਲ ਨੇ ਕਿਹਾ ਕਿ ਰਹਿਰਾਸ ਸਾਹਿਬ ਦੇ ਪਾਠ ਦੌਰਾਨ ਸੰਗਤ ਮੱਥਾ ਟੇਕ ਰਹੀ ਸੀ। ਇਸੇ ਦੌਰਾਨ ਇਸ ਵਿਅਕਤੀ ਨੇ ਅੰਦਰ ਵਡ਼੍ਹ ਕੇ ਤਲਵਾਰ ਚੁੱਕ ਲਈ। ਇਸ ਤੋਂ ਬਾਅਦ ਉਸ ਨੂੰ ਕੱਢਿਆ ਗਿਆ ਤੇ ਸੰਗਤ ਨੇ ਕੁੱਟਿਆ, ਜਿਸ ਕਾਰਨ ਉਸ ਦੀ ਮੌਤ ਹੋ ਗਈ। ਅਸੀਂ ਸੀਸੀਟੀਵੀ ਫੁਟੇਜ ਦੀ ਜਾਂਚ ਕਰ ਰਹੇ ਹਾਂ। ਲਾਸ਼ ਦਾ ਐਤਵਾਰ ਨੂੰ ਪੋਸਟਮਾਰਟਮ ਕਰਵਾਇਆ ਜਾਵੇਗਾ। ਇਹ ਵੀ ਜਾਂਚ ਦਾ ਵਿਸ਼ਾ ਹੈ ਕਿ ਇਹ ਵਿਅਕਤੀ ਇਕੱਲਾ ਸੀ ਜਾਂ ਉਸ ਨਾਲ ਕੁਝ ਹੋਰ ਲੋਕ ਵੀ ਸਨ।
ਦੂਜੇ ਪਾਸੇ ਐੱਸਜੀਪੀਸੀ ਦੀ ਸਾਬਕਾ ਪ੍ਰਧਾਨ ਬੀਬੀ ਜਗੀਰ ਕੌਰ ਨੇ ਕਿਹਾ ਕਿ ਇਹ ਮਾਮਲਾ ਬੇਅਦਬੀ ਦਾ ਹੈ। ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਗਈ ਹੈ। ਸਿੱਖ ਸੰਗਤ ਨੇ ਮੌਕੇ ’ਤੇ ਹੀ ਫ਼ੈਸਲਾ ਕਰ ਦਿੱਤਾ। ਸਿੱਖਾਂ ਦੇ ਰੋਹ ਨੇ ਇਸ ਵਿਅਕਤੀ ਦੀ ਜੀਵਨ ਲੀਲਾ ਸਮਾਪਤ ਕਰ ਕੇ ਇਸ ਨੂੰ ਸੋਧਾ ਲਗਾਇਆ ਹੈ। ਉਨ੍ਹਾਂ ਕਿਹਾ ਕਿ ਜੇਕਰ ਇਸ ਤੋਂ ਪਹਿਲਾਂ ਹੋਈਆਂ ਬੇਅਦਬੀ ਦੀਆਂ ਘਟਨਾਵਾਂ ਦਾ ਇਨਸਾਫ਼ ਸਿੱਖਾਂ ਨੂੰ ਮਿਲ ਗਿਆ ਹੁੰਦਾ ਤਾਂ ਉਕਤ ਵਿਅਕਤੀ ਨੂੰ ਸੰਗਤ ਵੱਲੋਂ ਮੌਤ ਦੇ ਘਾਟ ਨਾ ਉਤਾਰਿਆ ਜਾਂਦਾ।

