70.11 F
New York, US
August 4, 2025
PreetNama
ਸਮਾਜ/Socialਖਾਸ-ਖਬਰਾਂ/Important Newsਰਾਜਨੀਤੀ/Politics

ਤਹੱਵੁਰ ਰਾਣਾ ਨੂੰ ਦਿੱਲੀ ਲਿਆਂਦਾ; ਤਿਹਾੜ ਜੇਲ੍ਹ ’ਚ ਰੱਖਣ ਦੀ ਤਿਆਰੀ

ਨਵੀਂ ਦਿੱਲੀ- 26/11 ਮੁੰਬਈ ਅੱਤਵਾਦੀ ਹਮਲੇ ਦਾ ਦੋਸ਼ੀ ਤਹੱਵੁਰ ਰਾਣਾ ਦਿੱਲੀ ਪਹੁੰਚਿਆ26/11 ਮੁੰਬਈ ਹਮਲੇ ਦੇ ਸਾਜ਼ਿਸ਼ਘਾੜਿਆਂ ਵਿਚੋਂ ਇਕ ਤਹੱਵੁਰ ਰਾਣਾ ਦਿੱਲੀ ਪਹੁੰਚ ਗਿਆ ਹੈ। ਭਾਰਤ ਦੀਆਂ ਵੱਖ ਵੱਖ ਏਜੰਸੀਆਂ ਦੀ ਇਕ ਟੀਮ ਤਹੱਵੁਰ ਰਾਣਾ ਨੂੰ ਲੈ ਕੇ ਬੁੱਧਵਾਰ ਨੂੰ ਵਿਸ਼ੇਸ਼ ਜਹਾਜ਼ ਰਾਹੀਂ ਭਾਰਤ ਲਈ ਰਵਾਨਾ ਹੋਈਆਂ ਸਨ। ਇਹ ਵਿਸ਼ੇਸ਼ ਉਡਾਣ ਬਾਅਦ ਦੁਪਹਿਰ 2:39 ਵਜੇ ਦਿੱਲੀ ਦੇ ਪਾਲਮ ਹਵਾਈ ਅੱਡੇ ’ਤੇ ਲੈਂਡ ਕੀਤੀ ਹੈ। ਰਾਣਾ ਨੂੰ ਦਿੱਲੀ ਦੀ ਤਿਹਾੜ ਜੇਲ੍ਹ ਦੀ ਉੱਚ ਸੁਰੱਖਿਆ ਵਾਲੀ ਕੋਠੜੀ ਵਿਚ ਰੱਖੇ ਜਾਣ ਦੀ ਸੰਭਾਵਨਾ ਹੈ। ਇਹ ਦਾਅਵਾ ਜੇਲ੍ਹ ਵਿਚਲੇ ਸੂਤਰਾਂ ਨੇ ਕੀਤਾ ਹੈ। ਸੂਤਰਾਂ ਮੁਤਾਬਕ ਜੇਲ੍ਹ ਵਿਚ ਸਾਰੀਆਂ ਲੋੜੀਂਦੀਆਂ ਤਿਆਰੀਆਂ ਕਰ ਲਈਆਂ ਗਈਆਂ ਹਨ। ਇਸ ਦੌਰਾਨ ਕੇਂਦਰ ਸਰਕਾਰ ਨੇ ਰਾਣਾ ਖਿਲਾਫ਼ ਕੇਸ ਦੀ ਪੈਰਵੀ ਲਈ ਨਰੇਂਦਰ ਮਾਨ ਨੂੰ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ।

ਉਧਰ ਦਿੱਲੀ ਦੀ ਪਟਿਆਲਾ ਹਾਊਸ ਕੋਰਟ ਦੇ ਬਾਹਰ ਸੁਰੱਖਿਆ ਵਧਾ ਦਿੱਤੀ ਗਈ ਹੈ। ਰਾਣਾ ਨੂੰ ਇਸ ਕੋਰਟ ਵਿਚ ਪੇਸ਼ ਕੀਤਾ ਜਾ ਸਕਦਾ ਹੈ। ਇਕ ਅਧਿਕਾਰੀ ਨੇ ਕਿਹਾ ਕਿ ਕੋਰਟ ਦੇ ਬਾਹਰ ਨੀਮ ਫੌਜੀ ਬਲਾਂ ਤੇ ਦਿੱਲੀ ਪੁਲੀਸ ਦਾ ਅਮਲਾ ਤਾਇਨਾਤ ਕੀਤਾ ਗਿਆ ਹੈ। ਕਿਸੇ ਅਣਸੁਖਾਵੀਂ ਘਟਨਾ ਨੂੰ ਰੋਕਣ ਲਈ ਕੋਰਟ ਵਿਚ ਆਉਣ ਵਾਲੇ ਲੋਕਾਂ ਦੀ ਬਰੀਕੀ ਨਾਲ ਜਾਂਚ ਕੀਤੀ ਜਾ ਰਹੀ ਹੈ। ਐੱਨਆਈਏ ਜੱਜ ਵੱਲੋਂ ਸੁਣਵਾਈ ਕੀਤੇ ਜਾਣ ਦੀ ਉਮੀਦ ਹੈ।ਕੇਂਦਰ ਸਰਕਾਰ ਨੇ 26/11 ਮੁੰਬਈ ਦਹਿਸ਼ਤੀ ਹਮਲੇ ਦੇ ਮੁਲਜ਼ਮ ਤਹੱਵੁਰ ਹੁਸੈਨ ਰਾਣਾ ਨਾਲ ਸਬੰਧਤ ਮਾਮਲੇ ਵਿੱਚ ਸੁਣਵਾਈ ਲਈ ਇੱਕ ਵਿਸ਼ੇਸ਼ ਸਰਕਾਰੀ ਵਕੀਲ ਨਿਯੁਕਤ ਕੀਤਾ ਹੈ। ਦੇਰ ਰਾਤ ਜਾਰੀ ਨੋਟੀਫਿਕੇਸ਼ਨ ਵਿਚ ਕੇਂਦਰੀ ਗ੍ਰਹਿ ਮੰਤਰਾਲੇ ਨੇ ਕਿਹਾ ਕਿ ਐਡਵੋਕੇਟ ਨਰੇਂਦਰ ਮਾਨ ਮਾਮਲੇ ਦੀ ਸੁਣਵਾਈ ਤੇ ਕੌਮੀ ਜਾਂਚ ਏਜੰਸੀ ਕੇਸ RC-04/2009/NIA/DLI (ਮੁੰਬਈ ਹਮਲੇ) ਵਿਚ ਤਿੰਨ ਸਾਲਾਂ ਲਈ ਵਿਸ਼ੇਸ਼ ਸਰਕਾਰੀ ਵਕੀਲ ਹੋਣਗੇ। ਨੋਟੀਫਿਕੇਸ਼ਨ ਵਿਚ ਕਿਹਾ ਗਿਆ ਕਿ ਇਹ ਨਿਯੁਕਤੀ ਨੋਟੀਫਿਕੇਸ਼ਨ ਦੇ ਪ੍ਰਕਾਸ਼ਨ ਦੀ ਮਿਤੀ ਤੋਂ ਤਿੰਨ ਸਾਲਾਂ ਦੀ ਮਿਆਦ ਲਈ ਜਾਂ ਉਕਤ ਕੇਸ ਦੀ ਸੁਣਵਾਈ ਪੂਰੀ ਹੋਣ ਤੱਕ, ਜੋ ਵੀ ਪਹਿਲਾਂ ਹੋਵੇ, ਤੱਕ ਹੋਵੇਗੀ।

ਪਾਕਿਸਤਾਨੀ ਮੂਲ ਦਾ ਕੈਨੇਡੀਅਨ ਨਾਗਰਿਕ ਤਹੱਵੁਰ ਰਾਣਾ (64) 2008 ਮੁੰਬਈ ਦਹਿਸ਼ਤੀ ਹਮਲਿਆਂ ਦੇ ਮੁੱਖ ਸਾਜ਼ਿਸ਼ਘਾੜੇ ਤੇ ਅਮਰੀਕੀ ਨਾਗਰਿਕ ਡੇਵਿਡ ਕੋਲੇਮਨ ਹੈਡਲੀ ਉਰਫ਼ ਦਾਊਦ ਗਿਲਾਨੀ ਦਾ ਨੇੜਲਾ ਸਾਥੀ ਹੈ। ਅਮਰੀਕੀ ਸੁਪਰੀਮ ਕੋਰਟ ਵੱਲੋਂ ਲੰਘੇ ਦਿਨੀਂ ਰਾਣਾ ਦੀ ਭਾਰਤ ਨੂੰ ਆਪਣੀ ਸਪੁਰਦਗੀ ਖਿਲਾਫ਼ ਦਾਇਰ ਅਪੀਲ ਖਾਰਜ ਕੀਤੇ ਜਾਣ ਮਗਰੋਂ ਤਹੱਵੁਰ ਰਾਣਾ ਨੂੰ ਭਾਰਤ ਲਿਆਂਦੇ ਜਾਣ ਦਾ ਰਾਹ ਪੱਧਰਾ ਹੋ ਗਿਆ ਸੀ।

ਅਧਿਕਾਰੀਆਂ ਮੁਤਾਬਕ ਕਈ ਭਾਰਤੀ ਏਜੰਸੀਆਂ ਅਮਰੀਕਾ ਵਿਚ ਮੌਜੂਦ ਸਨ, ਜੋ ਰਾਣਾ ਨੂੰ ਭਾਰਤ ਲਿਆਉਣ ਲਈ ਜ਼ਰੂਰੀ ਕਾਗਜ਼ੀ ਕਾਰਵਾਈ ਪੂਰੀ ਕਰ ਰਹੀਆਂ ਸਨ। ਚੇਤੇ ਰਹੇ ਕਿ 26 ਨਵੰਬਰ 2008 ਨੂੰ ਦਸ ਪਾਕਿਸਤਾਨੀ ਦਹਿਸ਼ਤਗਰਦਾਂ ਨੇ ਮੁੰਬਈ ਵਿਚ ਰੇਲਵੇ ਸਟੇਸ਼ਨ, ਦੋ ਲਗਜ਼ਰੀ ਹੋਟਲਾਂ ਤੇ ਯਹੂਦੀ ਸੈਂਟਰ ਨੂੰ ਨਿਸ਼ਾਨਾ ਬਣਾਇਆ ਸੀ। ਇਹ ਦਹਿਸ਼ਤਗਰਦ ਸਮੁੰਦਰੀ ਰਸਤੇ (ਅਰਬ ਸਾਰਗ) ਭਾਰਤ ਦੀ ਵਿੱਤੀ ਰਾਜਧਾਨੀ ’ਚ ਦਾਖ਼ਲ ਹੋਏ ਸਨ। ਇਨ੍ਹਾਂ ਹਮਲਿਆਂ ਦੌਰਾਨ 166 ਲੋਕਾਂ ਦੀ ਜਾਨ ਜਾਂਦੀ ਰਹੀ ਸੀ।

Related posts

ਕੋਲਕਾਤਾ ਮਾਮਲਾ: ਮੁੱਖ ਮੰਤਰੀ ਮਮਤਾ ਬੈਨਰਜੀ ਨਾਲ ਮੀਟਿੰਗ ਕਰਨ ਪੁੱਜੇ ਸੰਘਰਸ਼ਕਾਰੀ ਡਾਕਟਰ

On Punjab

International Youth Day 2020 ਦੀ ਇਹ ਥੀਮ, ਜਾਣੋ ਕਿਉਂ ਮਨਾਇਆ ਜਾਂਦਾ ?

On Punjab

ਕੋਰੋਨਾ ਨਾਲ ਜੰਗ ‘ਚ ਬਹਿਰੀਨ ਤੋਂ ਆਕਸੀਜਨ ਲੈ ਕੇ ਭਾਰਤ ਪਹੁੰਚਿਆ ਨੌਸੈਨਾ ਦਾ ਜੰਗੀ ਬੇੜਾ, ਦੁਨੀਆ ਭਰ ਤੋਂ ਭਾਰਤ ਆ ਰਹੀ ਮਦਦ

On Punjab