ਜੰਮੂ-ਕਸ਼ਮੀਰ: ਜੰਮੂ-ਕਸ਼ਮੀਰ ਦੇ ਡੋਡਾ ਜ਼ਿਲ੍ਹੇ ਵਿੱਚ ਭੱਦਰਵਾਹ-ਚੰਬਾ ਅੰਤਰਰਾਜੀ ਸੜਕ ’ਤੇ ਵੀਰਵਾਰ ਨੂੰ ਸੜਕ ਹਾਦਸੇ ਵਿੱਚ ਆਪਣੀ ਜਾਨ ਗੁਆਉਣ ਵਾਲੇ 10 ਫੌਜੀਆਂ ਨੂੰ ਅੱਜ ਇਥੇ ਸ਼ਰਧਾਂਜਲੀ ਭੇਟ ਕੀਤੀ ਗਈ। ਅਧਿਕਾਰੀਆਂ ਨੇ ਦੱਸਿਆ ਕਿ ਸਮਾਗਮ ਦੀ ਅਗਵਾਈ ਵ੍ਹਾਈਟ ਨਾਈਟ ਕੋਰ ਦੇ ਜਨਰਲ ਅਫਸਰ ਕਮਾਂਡਿੰਗ ਲੈਫਟੀਨੈਂਟ ਜਨਰਲ ਪੀ ਕੇ ਮਿਸ਼ਰਾ ਨੇ ਕੀਤੀ ਅਤੇ ਤਕਨੀਕੀ ਹਵਾਈ ਅੱਡੇ ’ਤੇ ਫੌਜ, ਭਾਰਤੀ ਹਵਾਈ ਸੈਨਾ (IAF), ਬੀਐਸਐਫ, ਸੀਆਰਪੀਐਫ, ਪੁਲੀਸ ਅਤੇ ਸਿਵਲ ਪ੍ਰਸ਼ਾਸਨ ਦੇ ਅਧਿਕਾਰੀ ਮੌਜੂਦ ਸਨ। ਅਧਿਕਾਰੀਆਂ ਨੇ ਕਿਹਾ ਕਿ ਉਪ ਰਾਜਪਾਲ ਮਨੋਜ ਸਿਨਹਾ ਵੱਲੋਂ ਫੌਜੀਆਂ ਦੀ ਮ੍ਰਿਤਕ ਦੇਹ ’ਤੇ ਫੁੱਲਮਾਲਾਵਾਂ ਵੀ ਭੇਟ ਕੀਤੀਆਂ ਗਈਆਂ। ਜੰਮੂ ਜ਼ੋਨ ਦੇ ਇੰਸਪੈਕਟਰ ਜਨਰਲ ਆਫ਼ ਪੁਲੀਸ ਭੀਮ ਸੇਨ ਟੂਟੀ ਅਤੇ ਜੰਮੂ ਦੇ ਸੀਆਰਪੀਐਫ ਦੇ ਇੰਸਪੈਕਟਰ ਜਨਰਲ ਆਰ ਗੋਪਾਲ ਕ੍ਰਿਸ਼ਨ ਰਾਓ ਨੇ ਵੀ ਸੈਨਿਕਾਂ ਦੇ ਤਿਰੰਗੇ ਨਾਲ ਲਪੇਟੇ ਤਾਬੂਤਾਂ ’ਤੇ ਫੁੱਲਮਾਲਾਵਾਂ ਭੇਟ ਕੀਤੀਆਂ। ਸ਼ਹੀਦ ਹੋਏ ਫੌਜੀਆਂ ਬੁਲੰਦਸ਼ਹਿਰ-ਹਿੰਦੁਮ ਦੇ ਮੋਨੂੰ, ਜੋਬਨਜੀਤ ਸਿੰਘ (ਰੂਪਨਗਰ-ਅੰਬਾਲਾ), ਮੋਹਿਤ (ਝੱਜਰ-ਹਿੰਦਮ), ਸ਼ੈਲੇਂਦਰ ਸਿੰਘ ਭਦੌਰੀਆ (ਮੋਰਾਰ-ਗਵਾਲੀਅਰ), ਸਮੀਰਨ ਸਿੰਘ (ਝਾਰਗ੍ਰਾਮ-ਕਾਲੀਕੌਂਡਾ), ਪ੍ਰਦੁਮਨਾ ਲੋਹਾਰ (ਪੁਰੂਲੀਆ-ਰਾਂਚੀ), ਸੁਧੀਰ ਨਰਵਾਲ (ਯਮੁਨਾਨਗਰ ਅੰਬਾਲਾ), ਹਰੇ ਰਾਮ ਕੁਮਾਰ (ਭੋਜਪੁਰ ਬੀਹਤਾ), ਅਜੈ ਲਾਕੜਾ (ਰਾਂਚੀ) ਤੇ ਰਿਨਖਿਲ ਬਾਲੀਆਨ (ਹਾਪੁੜ ਹਿੰਦਮ) ਦੀਆਂ ਮ੍ਰਿਤਕ ਦੇਹਾਂ ਅੰਤਿਮ ਸੰਸਕਾਰ ਲਈ ਉਨ੍ਹਾਂ ਦੇ ਘਰਾਂ ਨੂੰ ਭੇਜੀਆਂ ਜਾ ਰਹੀਆਂ ਹਨ।
ਡੋਡਾ ਸੜਕ ਹਾਦਸੇ ਵਿਚ ਮਾਰੇ ਗਏ 10 ਫੌਜੀਆਂ ਨੂੰ ਸ਼ਰਧਾਂਜਲੀ, ਤਿੰਨ ਹਰਿਆਣਾ ਦੇ
ਭੱਦਰਵਾਹ-ਚੰਬਾ ਅੰਤਰਰਾਜੀ ਸੜਕ ਦੇ ਨਾਲ 9,000 ਫੁੱਟ ਉੱਚੀ ਖੰਨੀ ਚੋਟੀ ’ਤੇ ਅਤਿਵਾਦ ਵਿਰੋਧੀ ਕਾਰਵਾਈ ਲਈ ਫੌਜੀਆਂ ਨੂੰ ਲਿਜਾ ਰਿਹਾ ਫੌਜ ਦਾ ਇੱਕ ਬਖਤਰਬੰਦ ਵਾਹਨ ਵੀਰਵਾਰ ਨੂੰ 200 ਫੁੱਟ ਡੂੰਘੀ ਖੱਡ ਵਿੱਚ ਡਿੱਗ ਗਿਆ। ਹਾਦਸੇ ਵਿਚ 10 ਫੌਜੀਆਂ ਦੀ ਜਾਨ ਜਾਂਦੀ ਰਹੀ ਸੀ ਜਦੋਂਕਿ 11 ਹੋਰ ਜ਼ਖਮੀ ਹੋ ਗਏ ਸਨ।

