72.05 F
New York, US
May 2, 2025
PreetNama
ਰਾਜਨੀਤੀ/Politics

ਡੇਰਾ ਮੁਖੀ ਰਾਮ ਰਹੀਮ ਦੀ ਪੈਰੋਲ ਖਿਲਾਫ਼ ਹਾਈ ਕੋਰਟ ‘ਚ ਪਟੀਸ਼ਨ, ਪੜ੍ਹੋ ਕੀ ਪ੍ਰਗਟਾਏ ਗਏ ਹਨ ਖਦਸ਼ੇ

ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਰੱਦ ਕਰਵਾਉਣ ਲਈ ਮਸ਼ਹੂਰ ਐਡਵੋਕੇਟ HC ਅਰੋੜਾ ਨੇ ਪੰਜਾਬ ਅਤੇ ਹਰਿਆਣਾ ਹਾਈਕੋਰਟ ‘ਚ ਪਟੀਸ਼ਨ ਦਾਇਰ ਕੀਤੀ ਹੈ। ਪਟੀਸ਼ਨ ‘ਚ ਦੋਸ਼ ਲਾਇਆ ਗਿਆ ਹੈ ਕਿ ਹਰਿਆਣਾ ਸਰਕਾਰ ਨੇ 2020 ਦੇ ਨਿਯਮਾਂ ਦੇ ਉਲਟ ਗੁਰਮੀਤ ਰਾਮ ਰਹੀਮ ਨੂੰ ਪੈਰੋਲ ਦਿੱਤੀ ਹੈ। ਸੋਮਵਾਰ ਨੂੰ ਹਾਈ ਕੋਰਟ ਦੀ ਰਜਿਸਟਰੀ ‘ਚ ਪਟੀਸ਼ਨ ਦਾਇਰ ਕੀਤੀ ਗਈ ਹੈ। ਇਸ ‘ਤੇ ਭਲਕੇ ਜਾਂ ਪਰਸੋਂ ਸੁਣਵਾਈ ਹੋਣ ਦੀ ਸੰਭਾਵਨਾ ਹੈ। ਪਟੀਸ਼ਨ ਮੁਤਾਬਕ ਗੁਰਮੀਤ ਸਿੰਘ ਨੂੰ ਦਿੱਤੀ ਗਈ ਪੈਰੋਲ ਕਾਰਨ ਹਰਿਆਣਾ ਅਤੇ ਪੰਜਾਬ ਵਿਚ ਸ਼ਾਂਤੀ ਭੰਗ ਹੋਣ ਦਾ ਖਤਰਾ ਹੈ। ਇਹ ਕਾਨੂੰਨ ਵਿਵਸਥਾ ਦੀ ਸਥਿਤੀ ਲਈ ਵੱਡੀ ਚੁਣੌਤੀ ਹੈ। ਜਦੋਂ ਤੋਂ ਗੁਰਮੀਤ ਰਾਮ ਰਹੀਮ ਸਿੰਘ ਨੂੰ ਪੈਰੋਲ ਮਿਲੀ ਹੈ, ਉਦੋਂ ਤੋਂ ਕਈ ਥਾਵਾਂ ‘ਤੇ ਡੇਰਾ ਸਮਰਥਕਾਂ ਵਿਚਾਲੇ ਝੜਪਾਂ ਹੋ ਚੁੱਕੀਆਂ ਹਨ।

ਦਰਅਸਲ ਬੀਤੇ ਦਿਨੀਂ ਐਚਸੀ ਅਰੋੜਾ ਨੇ ਹਰਿਆਣਾ ਦੇ ਮੁੱਖ ਸਕੱਤਰ ਨੂੰ ਇਕ ਨੋਟਿਸ ਭੇਜ ਕੇ ਡੇਰਾ ਸਿਰਸਾ ਮੁਖੀ ਗੁਰਮੀਤ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕਰਨ ਵਾਸਤੇ ਕਿਹਾ ਸੀ। ਨੋਟਿਸ ‘ਚ ਐਚਸੀ ਅਰੋੜਾ ਨੇ ਕਿਹਾ ਸੀ ਕਿ ਰਾਮ ਰਹੀਮ ਨੂੰ ਜਬਰ ਜਨਾਹ ਤੇ ਕਤਲ ਦੇ ਕੇਸ ਵਿਚ ਦੋਸ਼ੀ ਠਹਿਰਾਇਆ ਗਿਆ ਹੈ। ਹਰਿਆਣਾ ਸਰਕਾਰ ਨੇ ਉਸਨੂੰ 40 ਦਿਨਾਂ ਦੀ ਪੈਰੋਲ ਦੇ ਦਿੱਤੀ ਤੇ ਇਸ ਦੌਰਾਨ ਉਹ ਯੂਪੀ ਠਹਿਰਿਆ ਹੋਇਆ ਹੈ ਤੇ ਸਤਿਸੰਗ ਕਰ ਰਿਹਾ ਹੈ। ਸੱਤਾਧਾਰੀ ਪਾਰਟੀ ਤੇ ਵਿਰੋਧੀ ਪਾਰਟੀਆਂ ਦੇ ਆਗੂ ਉਸ ਤੋਂ ਅਸ਼ੀਰਵਾਦ ਲੈ ਰਹੇ ਹਨ ਤੇ ਉਸਨੇ ਆਪਣਾ ਗੀਤ ’ਸਾਡੀ ਨਿੱਤ ਦੀਵਾਲੀ’ ਵੀ ਜਾਰੀ ਕੀਤਾ ਹੈ। ਨੋਟਿਸ ‘ਚ ਕਿਹਾ ਗਿਆ ਕਿ ਸਰਕਾਰ ਨੇ ਉਸਦਾ ਗਾਣਾ ਯੂ-ਟਿਊਬ ਤੋਂ ਹਟਵਾਉਣ ਲਈ ਵੀ ਕੋਈ ਕਦਮ ਨਹੀਂ ਚੁੱਕਿਆ ਗਿਆ। ਵਕੀਲ ਨੇ ਮੰਗ ਕੀਤੀ ਸੀ ਕਿ ਰਾਮ ਰਹੀਮ ਦੀ ਪੈਰੋਲ ਤੁਰੰਤ ਰੱਦ ਕੀਤੀ ਜਾਵੇ ਤੇ ਉਸਦਾ ਗਾਣਾ ਯੂ ਟਿਊਬ ਤੋਂ ਹਟਵਾਇਆ ਜਾਵੇ।

ਨੋਟਿਸ ‘ਚ ਇਹ ਵੀ ਲਿਖਿਆ ਸੀ ਕਿ ਅਜਿਹਾ ਲੱਗ ਰਿਹਾ ਹੈ ਜਿਵੇਂ ਹਰਿਆਣਾ ਸਰਕਾਰ ਰਾਮ ਰਹੀਮ ਨਾਲ ਲਾਡ ਲੜਾ ਰਹੀ ਹੈ। ਦਰਅਸਲ ਰਾਮ ਰਹੀਮ ਨੂੰ ਪੈਰੋਲ ਮਿਲਣ ਤੋਂ ਬਾਅਦ ਤੋਂ ਹੀ ਖੱਟਰ ਸਰਕਾਰ ਵਿਰੋਧੀ ਧਿਰ ਦੇ ਨਿਸ਼ਾਨੇ ‘ਤੇ ਆ ਗਈ ਹੈ।

ਰਾਮ ਰਹੀਮ ਆਪਣੇ ਯੂ-ਟਿਊਬ ‘ਤੇ ਵੀ ਵੀਡੀਓ ਪਾ ਰਿਹਾ ਹੈ, ਜਿਸ ਕਾਰਨ ਉਸ ਦੇ ਫਾਲੋਅਰਸ ਵੀ ਵਧ ਰਹੇ ਹਨ। ਇਹ ਸਵਾਲ ਵੀ ਉਠਾਏ ਗਏ ਹਨ ਕਿ ਜਬਰ ਜਨਾਹ ਤੇ ਕਤਲ ਦੇ ਦੋਸ਼ੀ ਲਈ ਅਜਿਹਾ ਕਰਨਾ ਕਦੋਂ ਅਤੇ ਕਿੰਨਾ ਕੁ ਜਾਇਜ਼ ਹੈ।

ਇਸ ਤੋਂ ਪਹਿਲਾਂ ਜਦੋਂ ਹਰਿਆਣਾ ਦੇ ਗ੍ਰਹਿ ਮੰਤਰੀ ਅਨਿਲ ਵਿੱਜ ਨੂੰ ਡੇਰਾ ਸੱਚਾ ਸੌਦਾ ਮੁਖੀ ਗੁਰਮੀਤ ਰਾਮ ਰਹੀਮ ਸਿੰਘ ਬਾਰੇ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਉਨ੍ਹਾਂ ਨੂੰ ਨਹੀਂ ਪਤਾ ਕਿ ਪੈਰੋਲ ‘ਤੇ ਰਿਹਾ ਵਿਅਕਤੀ ਗੀਤ ਗਾ ਸਕਦਾ ਹੈ ਜਾਂ ਨਹੀਂ। ਰਾਮ ਰਹੀਮ ਨੇ ਦੀਵਾਲੀ ‘ਤੇ ਇਕ ਮਿਊਜ਼ਿਕ ਵੀਡੀਓ ਰਿਲੀਜ਼ ਕੀਤਾ ਸੀ।

ਰਾਮ ਰਹੀਮ ਸਿਰਸਾ ਸਥਿਤ ਆਪਣੇ ਆਸ਼ਰਮ ਵਿਚ ਦੋ ਚੇਲਿਆਂ ਨਾਲ ਜਬਰ ਜਨਾਹ ਦੇ ਦੋਸ਼ ‘ਚ 20 ਸਾਲ ਦੀ ਕੈਦ ਦੀ ਸਜ਼ਾ ਕੱਟ ਰਿਹਾ ਹੈ ਤੇ ਪਿਛਲੇ ਹਫਤੇ ਉਸ ਨੂੰ 40 ਦਿਨਾਂ ਦੀ ਪੈਰੋਲ ਮਿਲੀ ਸੀ। ਹਰਿਆਣਾ ਦੀ ਆਦਮਪੁਰ ਵਿਧਾਨ ਸਭਾ ਸੀਟ ਲਈ 3 ਨਵੰਬਰ ਨੂੰ ਹੋਣ ਵਾਲੀਆਂ ਉਪ ਚੋਣਾਂ ਅਤੇ ਆਉਣ ਵਾਲੀਆਂ ਪੰਚਾਇਤੀ ਚੋਣਾਂ ਤੋਂ ਪਹਿਲਾਂ ਰਾਮ ਰਹੀਮ ਨੂੰ ਪੈਰੋਲ ਦੇਣ ਨੂੰ ਲੈ ਕੇ ਵਿਵਾਦ ਖੜ੍ਹਾ ਹੋ ਗਿਆ ਸੀ। ਡੇਰਾ ਮੁਖੀ ਬਾਗਪਤ ਸਥਿਤ ਡੇਰੇ ਦੇ ਬਰਨਾਵਾ ਆਸ਼ਰਮ ਤੋਂ ਹੀ ਆਨਲਾਈਨ ਸਤਿਸੰਗ ਕਰ ਰਿਹਾ ਹੈ। ਰਾਮ ਰਹੀਮ ਨੂੰ ਪਿਛਲੇ ਸਾਲ ਚਾਰ ਹੋਰਾਂ ਸਮੇਤ ਡੇਰਾ ਪ੍ਰਬੰਧਕ ਰਣਜੀਤ ਸਿੰਘ ਦੀ ਹੱਤਿਆ ਦੀ ਸਾਜ਼ਿਸ਼ ਰਚਣ ਦੇ ਦੋਸ਼ਾਂ ਵਿੱਚ ਵੀ ਦੋਸ਼ੀ ਠਹਿਰਾਇਆ ਗਿਆ ਸੀ।

Related posts

ਪੰਜਾਬ ਦੇ ਮੁੱਖ ਮੰਤਰੀ ਚਰਨਜੀਤ ਸਿੰਘ ਚੰਨੀ ਦੇ ਭਾਣਜੇ ਦੀਆਂ ਮੁਸ਼ਕਲਾਂ ਵਧੀਆਂ, ਨਿਆਇਕ ਹਿਰਾਸਤ ਵਧਾਈ

On Punjab

ਕਮਸ਼ੀਰ ‘ਚ ਅਗਲਾ ਹਫਤਾ ਮੋਦੀ ਸਰਕਾਰ ਲਈ ਅਗਨੀ ਪ੍ਰੀਖਿਆ, ਪੂਰੀ ਦੁਨੀਆਂ ਦੀ ਟਿਕੀ ਨਿਗ੍ਹਾ

On Punjab

PM ਮੋਦੀ ਨੇ ਆਪਣਾ ਕਾਫ਼ਲਾ ਰੋਕ ਐਂਬੂਲੈਂਸ ਨੂੰ ਦਿੱਤਾ ਰਸਤਾ, ਵੀਡੀਓ ਵਾਇਰਲ

On Punjab